ਬਦਲਦੇ ਭਾਰਤ ’ਚ ਨਵੀਂ ਸਿੱਖਿਆ ਨੀਤੀ ਸਾਬਿਤ ਹੋਵੇਗੀ ਮੀਲ ਪੱਥਰ: ਅਨੁਰਾਗ ਠਾਕੁਰ

Wednesday, Sep 21, 2022 - 12:32 PM (IST)

ਬਦਲਦੇ ਭਾਰਤ ’ਚ ਨਵੀਂ ਸਿੱਖਿਆ ਨੀਤੀ ਸਾਬਿਤ ਹੋਵੇਗੀ ਮੀਲ ਪੱਥਰ: ਅਨੁਰਾਗ ਠਾਕੁਰ

ਜਲੰਧਰ (ਵਰਿੰਦਰ, ਰਾਹੁਲ)– ਦੋਆਬਾ ਕਾਲਜ ਵਿਚ ਕਰਵਾਏ 65ਵੇਂ ਡਿਗਰੀ ਵੰਡ ਸਮਾਰੋਹ ’ਚ ਕੇਂਦਰੀ ਸੂਚਨਾ, ਪ੍ਰਸਾਰਣ ਅਤੇ ਖੇਡ ਮੰਤਰੀ ਅਨੁਰਾਗ ਠਾਕੁਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ 2017-18 ਤੋਂ 2019-20 ਵਾਲੇ ਸੈਸ਼ਨ ਦੇ 552 ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ। ਨੌਜਵਾਨਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਦੇਸ਼ ਦਾ ਭਵਿੱਖ ਨੌਜਵਾਨਾਂ ’ਤੇ ਨਿਰਭਰ ਹੈ। ਸਕਿੱਲ ਇੰਡੀਆ ਪ੍ਰੋਗਰਾਮ ਤਹਿਤ ਦੇਸ਼ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਵਧੇਰੇ ਮੌਕੇ ਮੁਹੱਈਆ ਕਰਵਾਉਣ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਜਿਹੜੇ ਵਿਧਾਇਕਾਂ ਨੂੰ 25-25 ਕਰੋੜ ਦੀ ਪੇਸ਼ਕਸ਼ ਹੋਈ, ਉਹ ਵਿਧਾਇਕ ਹਾਊਸ ’ਚ ਕਰਨਗੇ ਖ਼ੁਲਾਸਾ

ਉਨ੍ਹਾਂ ਕਿਹਾ ਕਿ ਵੂਮੈਨ ਇੰਪਾਵਰਮੈਂਟ (ਮਹਿਲਾ ਸਸ਼ਕਤੀਕਰਨ) ਦੇ ਇਸ ਯੁੱਗ ’ਚ ਔਰਤਾਂ ਨੇ ਖੇਡਾਂ ਸਮੇਤ ਹਰੇਕ ਖੇਤਰ ਵਿਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਬਦਲਦੇ ਭਾਰਤ ਵੱਲ ਕਦਮ ਵਧਾਉਂਦੇ ਹੋਏ ਕੇਂਦਰ ਸਰਕਾਰ ਨੇ 34 ਸਾਲਾਂ ਬਾਅਦ ਨਵੀਂ ਸਿੱਖਿਆ ਨੀਤੀ ਲਿਆ ਕੇ ਖੇਡਾਂ, ਸਿੱਖਿਆ, ਹੁਨਰ ਵਿਕਾਸ ਅਤੇ ਖੇਤਰੀ ਭਾਸ਼ਾਵਾਂ ਨੂੰ ਪ੍ਰਫੁੱਲਿਤ ਕਰਨ ਲਈ ਕ੍ਰਾਂਤੀਕਾਰੀ ਕਦਮ ਚੁੱਕਿਆ ਹੈ। ਨੌਜਵਾਨਾਂ ਨੂੰ ਦੇਸ਼ ਅਤੇ ਵਿਦੇਸ਼ ਵਿਚ ਵਧੀਆ ਕੈਰੀਅਰ ਬਣਾਉਣ ਦੇ ਮੌਕੇ ਮਿਲ ਰਹੇ ਹਨ।
ਠਾਕੁਰ ਨੇ ਕਿਹਾ ਕਿ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਬ੍ਰੇਨ ਡਰੇਨ ਤੋਂ ਬਚਾਉਣਾ ਅਤੇ ਬ੍ਰੇਨ ਗੇਨ ਵੱਲ ਲਿਜਾਂਦਿਆਂ ਮਜ਼ਬੂਤ ਬਣਾਉਣਾ ਕੇਂਦਰ ਸਰਕਾਰ ਦੀਆਂ ਬਹੁ-ਪੱਖੀ ਯੋਜਨਾਵਾਂ ਵਿਚ ਸ਼ਾਮਲ ਹੈ। ਭਾਰਤ ਸਰਕਾਰ ਨੇ ਡਿਜੀਟਲ ਇੰਡੀਆ ਪ੍ਰੋਗਰਾਮ ਨੂੰ ਸਫਲਤਾਪੂਰਵਕ ਲਾਗੂ ਕਰ ਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਦੁਨੀਆ ਦੇ 11ਵੇਂ ਨੰਬਰ ਤੋਂ 5ਵੇਂ ਨੰਬਰ ’ਤੇ ਆ ਗਈ ਹੈ।

ਇਹ ਵੀ ਪੜ੍ਹੋ: 20 ਸਾਲਾ ਮੁੰਡੇ ਨੂੰ 2 ਬੱਚਿਆਂ ਦੀ ਮਾਂ ਨਾਲ ਹੋਇਆ ਪਿਆਰ, ਪਰਵਾਨ ਨਾ ਚੜ੍ਹਿਆ ਤਾਂ ਦੋਹਾਂ ਨੇ ਨਿਗਲਿਆ ਜ਼ਹਿਰ

ਇਸ ਤੋਂ ਪਹਿਲਾਂ ਕਾਲਜ ਪਹੁੰਚਣ ’ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੰਦਰ ਮੋਹਨ, ਮੀਤ ਪ੍ਰਧਾਨ ਡਾ. ਸੁਸ਼ਮਾ ਚਾਵਲਾ, ਖਜ਼ਾਨਚੀ ਧਰੁਵ ਮਿੱਤਲ, ਅਸ਼ਿਮ ਸੋਂਧੀ, ਐੱਸ. ਡੀ. ਐੱਮ. ਡਾ. ਜੈਇੰਦਰ ਸਿੰਘ, ਡਾ. ਸਤਪਾਲ ਗੁਪਤਾ ਅਤੇ ਡਾ. ਪ੍ਰਦੀਪ ਭੰਡਾਰੀ ਨੇ ਅਨੁਰਾਗ ਠਾਕੁਰ ਦਾ ਸਵਾਗਤ ਕੀਤਾ। ਇਸ ਮੌਕੇ ਪ੍ਰਬੰਧਕਾਂ ਨੇ ਅਨੁਰਾਗ ਠਾਕੁਰ ਨੂੰ ਦੋਆਬਾ ਐਵਾਰਡ ਦੇ ਕੇ ਸਨਮਾਨਿਤ ਕੀਤਾ। ਠਾਕੁਰ ਨੇ ਕਾਲਜ ਦੇ ਵਿਹੜੇ ਵਿਚ ਬੂਟਾ ਲਾਉਂਦਿਆਂ ਹਰੇਕ ਵਿਅਕਤੀ ਨੂੰ 1-1 ਬੂਟਾ ਲਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਸਾਬਕਾ ਮੁੱਖ ਸੰਸਦੀ ਸਕੱਤਰ ਕੇ. ਡੀ. ਭੰਡਾਰੀ, ਸਾਬਕਾ ਵਿਧਾਇਕ ਸਰਬਜੀਤ ਮੱਕੜ, ਸੁਸ਼ੀਲ ਸ਼ਰਮਾ ਸਮੇਤ ਮੋਹਤਬਰ ਸੱਜਣ ਮੌਜੂਦ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ 


author

shivani attri

Content Editor

Related News