ਸ਼ਾਰਟ ਸਰਕਟ ਕਾਰਨ ਹੋ ਰਹੀਆਂ ਬੇਅਦਬੀਆਂ 'ਤੇ ਵਿਸ਼ੇਸ਼ ਰਿਪੋਰਟ

06/05/2019 7:11:57 PM

ਜਲੰਧਰ (ਜਸਬੀਰ ਵਾਟਾਂ ਵਾਲੀ) ਪਿਛਲੇ ਕੁੱਝ ਸਾਲਾਂ ਤੋਂ ਬਿਜਲੀ ਦੇ ਸ਼ਾਰਟ ਸਰਕਟ ਹੋਣ ਨਾਲ ਅਨੇਕਾਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ। ਇਨ੍ਹਾਂ ਘਟਨਾਵਾਂ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਣ ਦੇ ਕਈ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਸਮੁੱਚੀ ਸਿੱਖ ਸੰਗਤ ਦੇ ਹਿਰਦੇ ਵਲੂੰਦਰੇ ਗਏ। ਸਾਲ 2017 ਤੋਂ ਮੀਡੀਆ ਵਿਚ ਛਪੀਆਂ ਰਿਪੋਰਟਾਂ ’ਤੇ ਮੋਟੀ ਜਿਹੀ ਝਾਤੀ ਮਾਰੀਏ ਤਾਂ ਇਸ ਦੌਰਾਨ 40 ਤੋਂ ਵਧੇਰੇ ਬੀੜਾਂ ਦੇ ਅਗਨ ਭੇਟ ਹੋ ਜਾਣ ਦੀਆਂ ਖ਼ਬਰਾਂ ਹਨ। ਇਸ ਤੋਂ ਇਲਾਵਾ ਕੁਝ ਰਿਪੋਰਟਾਂ ਉਹ ਵੀ ਹਨ ਜਿੰਨਾਂ ਵਿਚ ਬੀੜਾਂ ਦੇ ਅਗਨ ਭੇਟ ਹੋਣ ਦੀ ਗਿਣਤੀ ਨਹੀਂ ਦੱਸੀ ਗਈ। ਅਣਦਾਜੇ ਮੁਤਾਬਕ ਜੇਕਰ ਇਨ੍ਹਾਂ ਸਾਰੀਆਂ ਰਿਪੋਰਟਾਂ ਨੂੰ ਜੋੜ ਲਈਏ ਤਾਂ ਇਨ੍ਹਾਂ 3 ਸਾਲਾਂ ਦੌਰਾਨ ਹੀ ਬੀੜਾਂ ਅਗਨ ਭੇਟ ਹੋਣ ਦੀ ਗਿਣਤੀ 50 ਤੋਂ ਵੀ ਵੱਧ ਹੋਵੇਗੀ। ਇਸ ਤੋਂ ਇਲਾਵਾ ਸ਼ਾਇਦ ਕਈ ਮਾਮਲੇ ਉਹ ਵੀ ਹੋਣ, ਜੋ ਮੀਡੀਆ ਵਿਚ ਰਿਪੋਰਟ ਨਹੀਂ ਕੀਤੇ ਗਏ।

ਸਾਲ 2019 ਵਿਚ ਹੁਣ ਤੱਕ ਵਾਪਰੀਆਂ ਦੁੱਖਦਾਈ ਘਟਨਾਵਾਂ
ਗੱਲ ਮੌਜੂਦਾ ਵਾਪਰੇ ਮੰਦਭਾਗੇ ਘਟਨਾਕ੍ਰਮ ਤੋਂ ਸ਼ੁਰੂ ਕਰੀਏ ਬੀਤੇ ਕੱਲ੍ਹ (ਫਤਿਹਗੜ੍ਹ ਸਾਹਿਬ) ਬੱਸੀ ਪਠਾਣਾ ਦੇ ਪਿੰਡ ਹਿੰਮਤਪੁਰਾ ਦੇ ਗੁਰਦੁਆਰਾ ਸਾਹਿਬ ਸ਼ਾਰਟ ਸਰਕਟ ਹੋਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪ ਤੇ ਇਕ ਪੋਥੀ ਅਗਨਭੇਟ ਹੋ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਸੀ। ਇਸੇ ਤਰ੍ਹਾਂ ਮਈ ਮਹੀਨੇ ਦੀ 7 ਤਰੀਕ ਨੂੰ ਝਬਾਲ ਦੇ ਪਿੰਡ ਚੱਕ ਸਿਕੰਦਰ ਵਿਚ ਸਿੰਘ ਸਭਾ ਗੁਰਦੁਆਰਾ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਨਾਲ ਹੀ ਸੁੱਖ ਆਸਣ ਦੇ ਪਲੰਘਾ ਸਾਹਿਬ ਨੂੰ ਲੱਗੀ ਅੱਗ ਕਾਰਨ 6 ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ 2 ਪੋਥੀਆਂ ਅਗਨ ਭੇਟ ਹੋ ਗਈਆਂ ਸਨ। ਇਸ ਘਟਨਾ ਤੋਂ ਬਾਅਦ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੀ ਵੈੱਬ ਸਾਈਟ ’ਤੇ ਸਿੱਖ ਸੰਗਤ ਨੂੰ ਅਪੀਲ ਕੀਤੀ ਸੀ ਕਿ ਸਿਰਫ ਲੋੜ ਸਮੇਂ ਹੀ ਬਿਜਲੀ ਉਪਕਰਣ ਚਲਾਏ ਜਾਣ ਅਤੇ ਰਾਤ ਸਮੇਂ ਬਿਜਲੀ ਦੀ ਸਮੁੱਚੀ ਸਪਲਾਈ ਬੰਦ ਰੱਖੀ ਜਾਵੇ। ਇਸੇ ਤਰ੍ਹਾਂ 22 ਮਈ 2019 ਨੂੰ ਸ਼ਾਹਬਾਜ਼ਪੁਰ ਨੇੜਲੇ ਪਿੰਡ ਮਾਣੋਚਾਹਲ ਕਲਾਂ ਵਿਚ ਵੱਡੀ ਅਤੇ ਦੁਖਦਾਈ ਘਟਨਾ ਵਾਪਰੀ ਸੀ। ਇੱਥੋਂ ਦੇ ਗੁਰਦੁਆਰਾ ਬਾਬਾ ਜੋਗੀ ਪੀਰ ਵਿਖੇ ਵੀ ਬਿਜਲੀ ਸ਼ਾਟ ਸਰਕਟ ਹੋਣ ਨਾਲ ਗੁਰੂ ਗ੍ਰੰਥ ਸਾਹਿਬ ਦੀਆਂ 10 ਬੀੜਾਂ ਅਗਨ ਭੇਟ ਹੋ ਗਈਆਂ ਸਨ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਦੀ 17  ਤਰੀਕ ਨੂੰ ਸ੍ਰੀ ਚਮਕੌਰ ਸਾਹਿਬ ਮਾਰਗ ’ਤੇ ਪੈਂਦੇ ਪਿੰਡ ਪਿੱਪਲਮਾਜਰਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋ ਗਏ ਸਨ। ਇੱਥੇ ਅਗਨ ਭੇਟ ਹੋਏ ਸਰੂਪਾਂ ਦੀ ਗਿਣਤੀ ਬਾਰੇ ਮੀਡੀਆ ਰਿਪੋਰਟ ਵਿਚ ਕੋਈ ਜਿਕਰ ਨਹੀਂ ਸੀ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਦੀ 3 ਤਰੀਕ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਘਲੋਟੀ ਦੇ ਗੁਰਦੁਆਰਾ ਭਗਤ ਰਵਿਦਾਸ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅਗਨ ਭੇਟ ਹੋਣ ਦੀ ਦੁਖਦਾਈ ਖ਼ਬਰ ਪ੍ਰਕਾਸ਼ਿਤ ਹੋਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਵੀ ਬਿਜਲੀ ਸ਼ਾਰਟ ਸਰਕਟ ਕਾਰਨ ਹੀ ਵਾਪਰੀ ਸੀ।

ਸਾਲ 2018 ਦੌਰਾਨ ਵਾਪਰੀਆਂ ਘਟਨਾਵਾਂ
ਇਸ ਤੋਂ ਪਹਿਲਾਂ ਸਾਲ 2018 ਦੌਰਾਨ ਵੀ ਸ਼ਾਰਟ ਸਰਕਟ ਹੋਣ ਕਈ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਸਨ । ਸਾਲ 2018 ਮਈ ਮਹੀਨੇ ਦੌਰਾਨ ਗੁਰਦਾਸਪੁਰ ’ਚ ਬੇਟ ਖੇਤਰ ਦੇ ਪਿੰਡ ਰੰਧਾਵਾ ਕਾਲੋਨੀ ਕੋਲ ਨੰਗਲ ਵਾਲਿਆਂ ਦੇ ਡੇਰਿਆਂ ਤੇ ਗੁਰਦਵਾਰਾ ਸਾਹਿਬ ਵਿਖੇ ਅੱਗ ਲੱਗਣ ਨਾਲ ਗੁਰੂ ਗ੍ਰੰਥ ਸਾਹਿਬ ਦੇ ਅਗਨ ਭੇਟ ਹੋ ਗਏ ਸਨ। ਇਸੇ ਤਰ੍ਹਾਂ 2 ਅਗਸਤ 2018 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਗੋਸਲ ਵਿਖੇ ਵੀ ਮੰਦਭਾਗੀ ਘਟਨਾ ਵਾਪਰੀ ਸੀ। ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅਤੇ 3 ਪੋਥੀਆਂ, 2 ਚੌਰ ਸਾਹਿਬ, ਪੀੜਾ ਸਾਹਿਬ ਅਗਨ ਭੇਟ ਹੋ ਗਏ ਸਨ। ਸਾਲ 2018 ਦੌਰਾਨ ਹੀ 21 ਅਗਸਤ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਦਿਹਾਣਾ ਵਿਖੇ ਵੀ ਇਸ ਤਰ੍ਹਾਂ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਸੀ। ਇੱਥੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਾਰਟ-ਸਰਕਟ ਹੋਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 4 ਪਾਵਨ ਸਰੂਪ ਅਤੇ ਪਹਿਲੀ ਮੰਜ਼ਿਲ ‘ਤੇ ਪਿਆ ਸਾਰਾ ਸਾਮਾਨ ਅਗਨ ਭੇਟ ਹੋ ਗਿਆ ਸੀ।

ਸਾਲ 2017 ਦੌਰਾਨ ਵਾਪਰੇ ਮੰਦਭਾਗੇ ਘਟਨਾਕ੍ਰਮ
ਇਸ ਤੋਂ ਪਹਿਲਾਂ ਸਾਲ 2017 ਦੀ ਗੱਲ ਕਰੀਏ ਤਾਂ 6 ਅਪ੍ਰੈਲ ਨੂੰ ਮੰਡੀ ਗੋਨਿਆਣਾ ਦੇ ਪਿੰਡ ਮਹਿਮਾ ਸਵਾਈ ਵਿੱਚ ਵੀ ਮੰਦਭਾਗੀ ਘਟਨਾ ਵਾਪਰ ਚੁੱਕੀ ਹੈ। ਇੱਥੇ ਇਤਿਹਾਸਕ ਗੁਰਦੁਆਰਾ ਗੁਰੂਸਰ ਦੇ ਦਰਬਾਰ ਹਾਲ ਵਿੱਚ ਅਚਾਨਕ ਅੱਗ ਲੱਗ ਗਈ ਸੀ, ਜਿਸ ਕਾਰਨ ਸੱਚਖੰਡ ਵਿੱਚ ਪਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਅਗਨ ਭੇਟ ਹੋ ਗਈਆਂ ਸਨ। ਇਸੇ ਤਰ੍ਹਾਂ 13 ਮਈ 2017 ਨੂੰ ਮਾਛੀਵਾੜਾ ਦੇ ਪਿੰਡ ਝਾਬੇਵਾਲ ਵਿਚ ਵੀ ਮੰਦਭਾਗੀ ਘਟਨਾ ਵਾਪਰੀ ਸੀ। ਇੱਥੇ ਵੀ ਪੱਖੇ ’ਚ ਚੰਗਿਆੜੀ ਨਿਕਲਣ ਤੋਂ ਬਾਅਦ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਰੂਪ ਅਤੇ ਹੋਰ ਕੀਮਤੀ ਸਾਮਾਨ ਅਗਨ ਭੇਟ ਹੋ ਗਏ ਸਨ। ਇਸ ਤੋਂ ਇਲਾਵਾ 16 ਮਈ 2017 ਮਜੀਠਾ ਦੇ ਗੁਰਦੁਆਰਾ ਸੰਗਤਸਰ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਨਾਲ ਵੀ ਅੱਗ ਲੱਗ ਗਈ ਸੀ । ਇਸ ਦੌਰਾਨ ਸੁੱਖ ਆਸਨ ’ਤੇ ਬਿਰਾਜਮਾਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਾਫੀ ਹੱਦ ਤੱਕ ਅਗਨ ਭੇਟ ਹੋ ਗਏ ਸਨ। ਇਸੇ ਤਰ੍ਹਾਂ ਗੁਰੂ ਸਾਹਬ ਦੇ ਸਰੂਪ ਅਗਨ ਭੇਟ ਹੋਣ  ਦੀ ਘਟਨਾ ਸਤੰਬਰ 2017 ਦੌਰਾਨ ਸ਼ਾਹਬਾਦ ਮਾਰਕੰਡਾ ਨੇੜਲੇ ਪਿੰਡ ਨਾਹਰ ਮਾਜਰਾ ਵੀ ਵਾਪਰੀ ਸੀ। ਇੱਥੇ ਗੁਰੂ ਗ੍ਰੰਥ ਸਾਹਿਬ ਦੀਆਂ 3 ਬੀੜਾਂ ਨੂੰ ਅਗਨ ਭੇਟ ਹੋ ਗਈਆ ਸਨ। ਇਸ ਤੋਂ ਬਾਅਦ ਜੂਨ ਮਹੀਨੇ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਪੱਤੀ ਸਾਹਲਾ ਨਗਰ (ਮਲਸੀਆਂ) ’ਚ ਪਲਾਸਟਿਕ ਦੇ ਪੱਖੇ ਨੂੰ ਅੱਗ ਲੱਗਣ ਦੇ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 8 ਬੀੜਾਂ ਅਗਨ ਭੇਟ ਹੋ ਗਈਆਂ ਸਨ। ਸਾਲ 2017 ਅਕਤੂਬਰ ਮਹੀਨੇ ਵਿਚ ਰਾਜਪੁਰਾ ਦੇ ਪਿੰਡ ਦਾਮਨ ਹੇੜੀ 'ਚ ਗੁਰਦੁਆਰਾ ਸਾਹਿਬ 'ਚ ਵੀ ਸ਼ਾਰਟ ਸਰਕਟ ਨਾਲ ਹੀ ਗੁਰਦੁਆਰਾ ਸਾਹਿਬ ਵਿਚ ਅੱਗ ਲੱਗ ਗਈ ਸੀ। ਇਸ ਦੌਰਾਨ ਸ੍ਰੀਗੁਰੂ ਗ੍ਰੰਥ ਸਾਹਿਬ ਜੀ ਦੇ 3 ਪਾਵਨ ਸਰੂਪ ਅਗਨ ਭੇਟ ਹੋ ਗਏ ਸਨ।

ਮਈ-ਜੂਨ ਦੇ ਮਹੀਨਿਆਂ ’ਚ ਵਾਪਰੀਆਂ ਵਧੇਰੇ ਘਟਨਾਵਾਂ
ਇਨ੍ਹਾਂ ਸਾਰੇ ਮੰਦਭਾਗੇ ਮਾਮਲਿਆਂ ਦੀ ਧਿਆਨ ਨਾਲ ਘੋਖ ਕਰੀਏ ਤਾਂ ਗੁਰੂ ਸਾਹਿਬ ਦੇ ਸਰੂਪ ਅਗਨ ਭੇਟ ਹੋਣ ਦੀਆਂ ਜਿਆਦਾਤਰ ਘਟਨਾਵਾਂ ਮਈ ਅਤੇ ਜੂਨ ਦੇ ਮਹੀਨੇ ਦੌਰਾਨ ਹੀ ਵਾਪਰੀਆਂ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਨ੍ਹਾਂ ਦੌਰਾਨ ਗਰਮੀ ਵਧੇਰੇ ਹੁੰਦੀ ਹੈ, ਜਿਸ ਦੇ ਚਲਦਿਆਂ ਸਿੱਖ ਸੰਗਤ ਵੱਲੋਂ ਗੁਰੂ ਗਰੰਥ ਸਾਹਿਬ ਦੇ ਸਰੂਪਾਂ ਲਈ ਕੀਤੇ ਗਏ ਏ. ਸੀ ਅਤੇ ਪੱਖਿਆਂ ਦੇ ਪ੍ਰਬੰਧ ਕੀਤੇ ਜਾਣ ਲੱਗੇ ਹਨ। ਇਸ ਕਾਰਨ ਬਿਜਲੀ ਸਪਲਾਈ ’ਤੇ ਲੋਡ ਵਧਣ ਨਾਲ ਸ਼ਾਰਟ ਸਰਕਟ ਦੀਆਂ ਘਟਨਾਵਾਂ ਵੀ ਵਧ ਗਈਆਂ। ਇਹ ਵੀ ਸੱਚਾਈ ਹੈ ਕਿ ਸ੍ਰੀ ਗੁਰੂ ਸਾਹਿਬ ਦੇ ਸਰੂਪਾਂ ਲਈ ਏ.ਸੀ ਅਤੇ ਪੱਖਿਆਂ ਆਦਿ ਦੇ ਪ੍ਰਬੰਧਾਂ ਦਾ ਪ੍ਰਚਲਨ ਵੀ ਪਿਛਲੇ ਡੇਢ ਕੁ  ਦਹਾਕੇ ਤੋਂ ਹੀ ਸ਼ੁਰੂ ਹੈ, ਜਦਕਿ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਕੋਈ ਪ੍ਰਚਲਨ ਜਾਂ ਰੀਤ ਨਹੀਂ ਸੀ।

ਇਸ ਤਰ੍ਹਾਂ ਸਾਂਭੇ ਜਾਣ ਗੁਰੂ ਸਾਹਿਬ ਦੇ ਸਰੂਪ : ਗੋਬਿੰਦ ਸਿੰਘ ਲੌਗੋਵਾਲ

ਅੱਜ ਜਦੋਂ ਇਨ੍ਹਾਂ ਸਾਰੇ ਮਾਮਲਿਆਂ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਜਗਬਾਣੀ ਵੱਲੋਂ ਖਾਸ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਅਸੀਂ ਸਿੱਖ ਸੰਗਤ ਨੂੰ ਪਹਿਲਾਂ ਵੀ ਕਈ ਵਾਰ ਬੇਨਤੀ ਕਰ ਚੁੱਕੇ ਹਾਂ ਕਿ ਗੁਰੂ ਗਰੰਥ ਸਾਹਿਬ ਜੀ ਦੇ ਸੁਖਆਸਣ ਸਥਾਨ ’ਤੇ ਏ. ਸੀ. ਅਤੇ ਪੱਖੇ ਅਤੇ ਲਾਈਟਾਂ ਨੂੰ ਉਨ੍ਹਾਂ ਚਿਰ ਹੀ ਚਾਲੂ ਰੱਖਿਆ ਜਾਵੇ ਜਿੰਨਾਂ ਚਿਰ ਉੱਥੇ ਕੋਈ ਮੌਜੂਦ ਹੈ। ਸੁੱਖਆਸਣ ਵਾਲੀ ਥਾਂ ’ਤੇ ਕਿਸੇ ਵੀ ਮਨੁੱਖ ਦੀ ਗੈਰ ਮੌਜੂਦਗੀ ਵਿਚ ਏ. ਸੀ. , ਪੱਖੇ ਅਤੇ ਲਾਈਟਾਂ ਆਦਿ ਬੰਦ ਕਰ ਦਿੱਤੀਆਂ ਜਾਣ। ਉਨ੍ਹਾਂ ਇਹ ਵੀ ਕਿਹਾ ਸਾਨੂੰ ਇਸ ਢੰਗ ਨਾਲ ਏ. ਸੀ ਅਤੇ ਪੱਖੇ ਆਦਿ ਕਦੇ ਵੀ ਨਹੀਂ ਚਲਾਉਣੇ ਚਾਹੀਦੇ, ਜਿੰਨਾ ਨਾਲ ਗੁਰੂ ਸਾਹਬ ਦੇ ਸਰੂਪਾਂ ਦੀ ਬੇਅਦਬੀ ਹੋਣ ਦਾ ਖਤਰਾ ਹੋਵੇ । ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ  ਕਿ, ਕੀ ਅਕਾਲ ਤਖ਼ਤ ਤੋਂ ਇਸ ਤਰ੍ਹਾਂ ਦਾ ਹੁਕਮਨਾਮਾ ਜਾਰੀ ਹੋਣਾ ਚਾਹੀਦਾ ਹੈ ਕਿ ਸਿੱਖ ਸੰਗਤ ਗੁਰੂ ਸਾਹਿਬ ਦੇ ਸਰੂਪਾਂ ਨੂੰ ਏ. ਸੀ ਜਾਂ ਪੱਖੇ ਲਗਾਉਣੇ ਬੰਦ ਕਰ ਦੇਵੇ ਤਾਂ ਇਸ ਸਬੰਧੀ ਉਨ੍ਹਾਂ ਉੱਤਰ ਦਿੱਤਾ ਕਿ ਅਸੀਂ ਸਿੰਘ ਸਹਿਬਾਨਾਂ ਨਾਲ ਇਸ ਹੁਕਮਨਾਮੇ ਸਬੰਧੀ ਵਿਚਾਰ-ਚਰਚਾ ਕਰਾਂਗੇ।    


ਇਹ ਵੀ ਪੜ੍ਹੋ : ਨਵੀਆਂ ਭੁੱਲਾਂ ਕਰਕੇ ਪਰਤੇ ‘ਭੁੱਲਾਂ ਬਖਸ਼ਾਉਣ ਗਏ ਅਕਾਲੀ’


jasbir singh

News Editor

Related News