ਦਿਵਿਆਂਗ ਵਿਅਕਤੀਆਂ ਦੀਆਂ ਵੋਟਾਂ ਬਣਾਉਣ ਅਤੇ ਪਵਾਉਣ ਲਈ ਵਿਸ਼ੇਸ਼ ਉਪਰਾਲੇ ਹੋਣਗੇ : ਲਾਲ ਵਿਸ਼ਵਾਸ

Tuesday, Mar 27, 2018 - 03:16 AM (IST)

ਦਿਵਿਆਂਗ ਵਿਅਕਤੀਆਂ ਦੀਆਂ ਵੋਟਾਂ ਬਣਾਉਣ ਅਤੇ ਪਵਾਉਣ ਲਈ ਵਿਸ਼ੇਸ਼ ਉਪਰਾਲੇ ਹੋਣਗੇ : ਲਾਲ ਵਿਸ਼ਵਾਸ

ਪਟਿਆਲਾ,   (ਜ. ਬ., ਰਾਣਾ)-  ਅੰਗਹੀਣ, ਨੇਤਰਹੀਣ, ਬੋਲਣ ਤੇ ਸੁਣਨ ਤੋਂ ਅਸਮਰੱਥ ਵਿਅਕਤੀਆਂ ਦੀਆਂ ਵੋਟਾਂ ਬਣਾਉਣ ਅਤੇ ਪਵਾਉਣ ਲਈ ਹੁਣ ਜ਼ਿਲਾ ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਵਿਸ਼ੇਸ਼ ਉਪਰਾਲੇ ਕਰਨ ਜਾ ਰਿਹਾ ਹੈ। ਭਾਰਤ ਦੇ ਚੋਣ ਕਮਿਸ਼ਨ ਵੱਲੋਂ ਦਿਵਿਆਂਗ ਵਿਅਕਤੀਆਂ ਦੀ ਚੋਣਾਂ ਵਿਚ ਵੱਧ ਤੋਂ ਵੱਧ ਭਾਗੀਦਾਰੀ ਕਰਵਾਉਣ ਲਈ ਜ਼ਿਲਾ ਪੱਧਰ ਤੇ ਅਧਿਕਾਰੀਆਂ ਤੋਂ ਸੁਝਾਅ ਮੰਗੇ ਗਏ ਹਨ।
ਇਸ ਸਬੰਧੀ ਮਿੰਨੀ ਸਕੱਤਰੇਤ ਵਿਖੇ ਸਹਾਇਕ ਜ਼ਿਲਾ ਚੋਣ ਅਧਿਕਾਰੀ ਲਾਲ ਵਿਸ਼ਵਾਸ ਦੀ ਪ੍ਰਧਾਨਗੀ ਹੇਠ ਆਯੋਜਿਤ ਮੀਟਿੰਗ 'ਚ ਵੱਖ-ਵੱਖ ਤਰ੍ਹਾਂ ਦੇ ਸੁਝਾਅ ਦਿੱਤੇ ਗਏ। ਨਾਲ ਹੀ ਇਹ ਵੀ ਦੱਸਿਆ ਗਿਆ ਕਿ ਵੋਟਾਂ ਬਣਾਉਣ ਲਈ ਬਲਾਕ ਅਤੇ ਬੂਥ ਪੱਧਰ 'ਤੇ ਲੱਗਣ ਵਾਲੇ ਕੈਂਪਾਂ 'ਚ ਦਿਵਿਆਂਗ ਲੋਕਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਨਾਲ ਉਨ੍ਹਾਂ ਨੂੰ ਘੱਟ ਤੋਂ ਘੱਟ ਪ੍ਰੇਸ਼ਾਨੀ ਹੋਵੇ ਅਤੇ ਉਨ੍ਹਾਂ ਦੀ ਵੋਟ ਪਹਿਲ ਦੇ ਆਧਾਰ 'ਤੇ ਬਣ ਜਾਵੇ।
ਲਾਲ ਵਿਸ਼ਵਾਸ ਨੇ ਕਿਹਾ ਕਿ ਦਿਵਿਆਂਗ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਪਛਾਣ ਬਣਾ ਚੁੱਕੇ ਦਿਵਿਆਂਗ ਸ਼ਖ਼ਸੀਅਤਾਂ ਨੂੰ ਅੱਗੇ ਲਿਆ ਕੇ ਬਰਾਂਡ ਅੰਬੈਸਡਰ ਦੇ ਤੌਰ 'ਤੇ ਰੱਖਿਆ ਜਾਵੇਗਾ। ਸਰਕਾਰੀ ਦਫ਼ਤਰਾਂ 'ਚ ਕੰਮ ਕਰ ਰਹੇ ਦਿਵਿਆਂਗ ਕਰਮਚਾਰੀ ਅਤੇ ਅਧਿਕਾਰੀ ਆਪਣੇ ਇਲਾਕੇ ਵਿਚ ਹੋਰ ਦਿਵਿਆਂਗ ਵਿਅਕਤੀਆਂ ਦੀਆਂ ਵੋਟਾਂ ਬਣਵਾਉਣ 'ਚ ਮਦਦ ਕਰਨਗੇ।
ਸਹਾਇਕ ਚੋਣ ਅਧਿਕਾਰੀ ਨੇ ਕਿਹਾ ਕਿ ਅਕਸਰ ਵੇਖਿਆ ਜਾਂਦਾ ਹੈ ਕਿ ਦਿਵਿਆਂਗ ਵਿਅਕਤੀ ਖੱਜਲ-ਖੁਆਰੀ ਤੋਂ ਬਚਣ ਲਈ ਵੋਟ ਬਣਾਉਣ ਹੀ ਨਹੀਂ ਜਾਂਦਾ। ਜ਼ਿਲੇ ਵਿਚ 12 ਲੱਖ ਤੋਂ ਵੱਧ ਵੋਟਾਂ ਹਨ ਪਰ ਕੁੱਲ ਦਿਵਿਆਂਗ ਵੋਟਰ ਸਿਰਫ 4496 ਹੀ ਹਨ, ਜਦਕਿ ਪੈਨਸ਼ਨ ਲੈਣ ਵਾਲੇ ਦਿਵਿਆਂਗ ਵਿਅਕਤੀਆਂ ਦੀ ਗਿਣਤੀ 10226 ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਚ ਜੇਕਰ ਕੋਈ ਦਿਵਿਆਂਗ ਆਪਣੀ ਵੋਟ ਬਣਵਾਉਣਾ ਚਾਹੁੰਦਾ ਹੈ ਤਾਂ ਆਨਲਾਈਨ ਵੋਟ ਬਣਵਾਉਣ ਦਾ ਫਾਰਮ ਵੀ ਮਿੰਨੀ ਸਕੱਤਰੇਤ ਵਿਖੇ ਤਾਇਨਾਤ ਜ਼ਿਲਾ ਚੋਣ ਤਹਿਸੀਲਦਾਰ ਦੇ ਦਫਤਰ ਵਿਚ ਮੌਜੂਦ ਚੋਣ ਕਰਮਚਾਰੀ ਖੁਦ ਹੀ ਭਰਨ ਦੀ ਸੁਵਿਧਾ ਦੇਣਗੇ। ਉਨ੍ਹਾਂ ਦੱਸਿਆ ਕਿ 1 ਜਨਵਰੀ 2018 ਨੂੰ 18 ਸਾਲ ਦੇ ਹੋ ਚੁੱਕਾ ਕੋਈ ਵੀ ਦਿਵਿਆਂਗ ਵਿਅਕਤੀ ਆਪਣੀ ਵੋਟ ਬਣਵਾ ਸਕਦਾ ਹੈ। 
ਇਸ ਮੌਕੇ ਜ਼ਿਲਾ ਨੋਡਲ ਅਧਿਕਾਰੀ ਗੁਰਬਖਸ਼ੀਸ਼ ਸਿੰਘ, ਰੈੱਡ ਕਰਾਸ ਦੇ ਸਕੱਤਰ ਪ੍ਰਿਤਪਾਲ ਸਿੰਘ ਸਿੱਧੂ, ਜ਼ਿਲਾ ਸਮਾਜਕ ਸੁਰੱਖਿਆ ਅਧਿਕਾਰੀ ਵਰਿੰਦਰ ਸਿੰਘ ਬੈਂਸ, ਜ਼ਿਲਾ ਸਿੱਖਿਆ ਅਧਿਕਾਰੀ ਪ੍ਰਾਇਮਰੀ ਦਰਸ਼ਨ ਲਾਲ, ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਕਮਲ ਕੁਮਾਰੀ, ਜ਼ਿਲਾ ਪਰਿਵਾਰ ਭਲਾਈ ਅਧਿਕਾਰੀ ਡਾ. ਸੁਖਮਿੰਦਰ ਸਿੰਘ, ਜ਼ਿਲਾ ਪ੍ਰੀਸ਼ਦ ਦੇ ਸਕੱਤਰ ਚਰਨਜੋਤ ਸਿੰਘ ਵਾਲੀਆ, ਚੋਣ ਕਾਨੂੰਨਗੋ ਸ੍ਰੀ ਵਿਜੇ, ਨਹਿਰੂ ਯੁਵਾ ਕੇਂਦਰ ਸਿਹਤ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਕੰਮ ਕਰ ਰਹੀ ਸੰਸਥਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ।


Related News