ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਆਪ੍ਰੇਸ਼ਨ ਬਾਰੇ ਦਿੱਤੀ ਜਾਣਕਾਰੀ
Sunday, Apr 23, 2023 - 06:32 PM (IST)
ਚੰਡੀਗੜ੍ਹ : ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕੀਤੇ ਗਏ ਆਪ੍ਰੇਸ਼ਨ ਸਬੰਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਪੰਜਾਬ ਵਾਸੀਆਂ ਦੇ ਨਾਂ ਸੁਨੇਹਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਆਪ੍ਰੇਸ਼ਨ ਦੀ ਜਾਣਕਾਰੀ ਉਨ੍ਹਾਂ ਨੂੰ ਕੱਲ੍ਹ ਰਾਤ ਹੀ ਮਿਲ ਗਈ ਸੀ, ਜਿਸ ਕਾਰਣ ਉਹ ਸਾਰੀ ਰਾਤ ਨਹੀਂ ਸੁੱਤੇ ਅਤੇ ਹਰ 15 ਮਿੰਟ ਬਾਅਦ ਪੁਲਸ ਦੇ ਵੱਡੇ ਅਫਸਰਾਂ ਨਾਲ ਗੱਲਬਾਤ ਕਰਦੇ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਡੀ. ਜੀ. ਪੀ. ਨੂੰ ਪੂਰੇ ਸੰਜਮ ਨਾਲ ਕੰਮ ਲੈਣ ਲਈ ਆਖਿਆ। ਮਾਨ ਨੇ ਕਿਹਾ ਕਿ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਲਈ ਕੁੱਝ ਲੋਕਾਂ ਨੇ ਕੋਸ਼ਿਸ਼ਾਂ ਕੀਤੀਆਂ ਜਿਨ੍ਹਾਂ ’ਤੇ ਸਰਕਾਰ ਨੇ ਐਕਸ਼ਨ ਲੈਂਦਿਆਂ ਸਖ਼ਤ ਕਾਰਵਾਈ ਕੀਤੀ। ਇਸ ਕਾਰਵਾਈ ਦੌਰਾਨ 18 ਮਾਰਚ ਨੂੰ ਕੁੱਝ ਲੋਕ ਫੜੇ ਵੀ ਗਏ ਅਤੇ ਕੁੱਝ ਫਰਾਰ ਹੋ ਗਏ। ਜੇਕਰ ਪੁਲਸ ਚਾਹੁੰਦੀ ਤਾਂ ਉਨ੍ਹਾਂ ਨੂੰ ਉਸੇ ਦਿਨ ਗ੍ਰਿਫ਼ਤਾਰ ਕਰ ਲੈਂਦੀ ਪਰ ਅਸੀਂ ਨਹੀਂ ਚਾਹੁੰਦੇ ਸੀ ਕਿ ਇਸ ਕਾਰਵਾਈ ਦੌਰਾਨ ਕਿਸੇ ਵੀ ਤਰ੍ਹਾਂ ਦਾ ਖੂਨ-ਖਰਾਬਾ ਹੋਵੇ। ਇਸੇ ਦਾ ਨਤੀਜਾ ਹੈ ਕਿ ਇਸ ਆਪ੍ਰੇਸ਼ਨ ਨੂੰ ਬਿਨਾਂ ਇਕ ਵੀ ਗੋਲ਼ੀ ਚਲਾਏ ਪੂਰਾ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੁਲਸ ਦੀ ਵੱਡੀ ਪ੍ਰੈੱਸ ਕਾਨਫਰੰਸ, ਪੂਰੀ ਕਾਰਵਾਈ ਦੀ ਦਿੱਤੀ ਜਾਣਕਾਰੀ
ਆਪਣੇ ਸੰਬੋਧਨ ਦੌਰਾਨ ਅਜਨਾਲਾ ਘਟਨਾ ਦਾ ਵਾਰ-ਵਾਰ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਨਾਲਾ ਵਿਖੇ ਵੀ ਕੁੱਝ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਥਾਣੇ ’ਤੇ ਹਮਲਾ ਬੋਲਿਆ। ਉਦੋਂ ਵੀ ਮੈਂ ਡੀ. ਜੀ. ਪੀ. ਨੂੰ ਇਹੀ ਹੁਕਮ ਦਿੱਤੇ ਸਨ ਕਿ ਕੁੱਝ ਵੀ ਹੋਵੇ ਪਰ ਗੁਰੂ ਸਾਹਿਬ ਦੀ ਮਾਣ ਮਰਿਆਦਾ ਵਿਚ ਕਮੀ ਨਾ ਆਵੇ। ਉਸ ਸਮੇਂ ਸਾਡੇ ਕੁੱਝ ਜਵਾਨ ਜ਼ਖਮੀ ਹੋਏ ਕਈਆਂ ਦੇ ਸਿਰ ਵਿਚ ਟਾਂਕੇ ਵੀ ਲੱਗੇ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਆਪ ’ਤੇ ਕਾਬੂ ਰੱਖਇਆ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਣ-ਸਮਾਨ ਪੂਰਾ ਕਾਇਮ ਰੱਖਿਆ ਗਿਆ। ਉਨ੍ਹਾਂ ਪੁਲਸ ਮੁਲਾਜ਼ਮਾਂ ਦੀ ਸਿਫਤ ਵੀ ਜਿਨ੍ਹਾਂ ਨੇ ਬਹੁਤ ਸੰਜਮ ਨਾਲ ਕੰਮ ਲਿਆ। ਅੱਜ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਹੜੇ-ਜਿਹੜੇ ਲੋਕ ਦੇਸ਼ ਦੀ ਅਮਨ ਸ਼ਾਂਤੀ ਜਾਂ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਕਰਨਗੇ ਉਨ੍ਹਾਂ ’ਤੇ ਕਾਨੂੰਨ ਮੁਤਾਬਕ ਕਾਰਵਾਈ ਹੋਵੇਗੀ, ਅਸੀਂ ਕਿਸੇ ਬੇਕਸੂਰ ਨੂੰ ਤੰਗ ਨਹੀਂ ਕਰਾਂਗੇ।
ਇਹ ਵੀ ਪੜ੍ਹੋ : 36 ਦਿਨਾਂ ਬਾਅਦ ਫੜਿਆ ਗਿਆ ਅੰਮ੍ਰਿਤਪਾਲ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਹੋਇਆ ਪੂਰਾ ਆਪ੍ਰੇਸ਼ਨ
ਮੁੱਖ ਮੰਤਰੀ ਨੇ ਕਿਹਾ ਕਿ ਉਹ ਸਾਢੇ ਤਿੰਨ ਕਰੋੜ ਪੰਜਾਬੀਆਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਇਸ ਆਪ੍ਰੇਸ਼ਨ ਦੌਰਾਨ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਹੋਇਆਂ ਜੋ ਨਾਕਾਮ ਰਹੀਆਂ। ਦੇਸ਼ ਦੀਆਂ ਸਰਹੱਦਾਂ ’ਤੇ ਸਾਡੇ ਜਵਾਨ ਸੀਨਾ ਤਾਣ ਕੇ ਖੜ੍ਹੇ ਹਨ। ਬੀਤੇ ਦਿਨੀਂ ਸਾਡੇ ਚਾਰ ਜਵਾਨ ਸਰਹੱਦ ’ਤੇ ਸ਼ਹੀਦ ਹੋਏ। ਪੰਜਾਬ ਨੇ ਹਮੇਸ਼ਾ ਦੇਸ਼ ਦੀ ਰਾਖੀ ਅਤੇ ਤਰੱਕੀ ਵਿਚ ਮੋਹਰੀ ਭੂਮਿਕਾ ਨਿਭਾਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰੀਏ। ਇਸ ਲਈ ਸਾਨੂੰ ਕਿੰਨੀਆਂ ਵੀ ਸਖ਼ਤ ਕਾਰਵਾਈ ਕਰਨੀਆਂ ਪੈਣ ਕਰਾਂਗੇ ਪਰ ਕਿਸੇ ਬੇਕਸੂਰ ’ਤੇ ਕਾਰਵਾਈ ਨਹੀਂ ਕੀਤੀ ਜਾਵੇਗੀ। ਕਾਨੂੰਨ ਆਪਣੇ ਢੰਗ ਨਾਲ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਵਿਦਿਆਰਥੀਆਂ ਲਈ ਚੰਗੀ ਖ਼ਬਰ, ਸੂਬੇ ਦੇ ਸਕੂਲਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਐਲਾਨ
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਵਿਚ ਡਿਗਰੀਆਂ ਹੋਣ, ਉੱਚ ਪੱਧਰ ਦੀਆਂ ਨੌਕਰੀਆਂ ਦੇ ਆਫਰ ਲੈਟਰ ਹੋਣ, ਮੈਡਲ ਹੋਣ ਜਿੱਥੇ ਵੀ ਜਾਣ ਪੰਜਾਬੀ ਮੁੰਡੇ-ਕੁੜੀਆਂ ਜਾਣ ਉਥੇ ਬੁਲੰਦੀਆਂ ਹਾਸਲ ਕਰਨ। ਨੌਜਵਾਨ ਕਿਸੇ ਦੇ ਬਹਿਕਾਵੇ ਵਿਚ ਨਾ ਆਉ। ਸਾਡੇ ਲਈ ਸਭ ਤੋਂ ਵੱਧ ਗੁਰੂ ਸਾਹਿਬ ਦੀ ਮਰਿਆਦਾ ਕਾਇਮ ਰੱਖਣਾ ਹੈ। ਪੰਜਾਬ ਨੂੰ ਨੰਬਰ ਇਕ ਸੂਬਾ ਬਨਾਉਣਾ ਹੀ ਸਾਡਾ ਮੁੱਖ ਟੀਚਾ ਹੈ।
ਇਹ ਵੀ ਪੜ੍ਹੋ : ਮੁਕਤਸਰ ’ਚ ਲਾਪਤਾ ਹੋਈ ਕੁੜੀ, ਅਬੋਹਰ ’ਚ ਅਜਿਹੀ ਹਾਲਤ ’ਚ ਮਿਲੀ ਲਾਸ਼ ਦੇਖ ਕੰਬ ਗਿਆ ਦਿਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।