ਪਰਾਲੀ ਨਾ ਸਾੜਨ ਵਾਲੇ ਪਿੰਡਾਂ ਲਈ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਵੱਡਾ ਐਲਾਨ
Sunday, Oct 23, 2022 - 06:38 PM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਕ ਨਵੀਂ ਪਹਿਲ ਕਦਮੀ ਕਰਦੇ ਹੋਏ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਆਪਣੇ ਹਲਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਆਪਣੇ ਅਖ਼ਤਿਆਰੀ ਕੋਟੇ ਵਿਚੋਂ ਇਕ-ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਸੰਧਵਾਂ ਨੇ ਕਿਹਾ ਹੈ ਕਿ ਪਰਾਲੀ ਸਾੜਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਖ਼ਤਮ ਹੋਣ ਦੇ ਨਾਲ-ਨਾਲ ਵਾਤਾਵਰਣ ’ਤੇ ਵੀ ਬੁਰਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਦੀ ਸੇਧ ਅਨੁਸਾਰ ਪੰਜਾਬ ਦੇ ਲੋਕ ਕੁਦਰਤ ਨੂੰ ਸਭ ਤੋਂ ਵੱਧ ਪਿਆਰ ਕਰਨ ਵਾਲੇ ਹਨ। ਜਿਉਂ-ਜਿਉਂ ਲੋਕਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਬਾਰੇ ਸੋਝੀ ਪ੍ਰਾਪਤ ਹੋ ਰਹੀ ਹੈ ਤਿਉਂ-ਤਿਉਂ ਲੋਕ ਇਸ ਰੁਝਾਨ ਨੂੰ ਛੱਡ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸੂਬੇ ਦੇ ਲੋਕ ਪਰਾਲੀ ਅਤੇ ਕਣਕ ਦੇ ਨਾੜ ਨੂੰ ਸਾੜਨ ਦੇ ਰੁਝਾਨ ਨੂੰ ਪੂਰੀ ਤਰਾਂ ਤਿਆਗ ਦੇਣਗੇ।
ਇਹ ਵੀ ਪੜ੍ਹੋ : ਮਜੀਠਾ ’ਚ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, ਨਾਬਾਲਗ ਨਾਲ ਬਲਾਤਕਾਰ ਤੋਂ ਬਾਅਦ ਕਤਲ ਕਰਕੇ ਟੰਗੀ ਲਾਸ਼
ਸੰਧਵਾਂ ਪਰਾਲੀ ਨਾ ਸਾੜਨ ਬਾਰੇ ਲਗਾਤਾਰ ਨਾ ਸਿਰਫ ਲੋਕਾਂ ਨੂੰ ਜਾਗਰੂਕ ਕਰਦੇ ਰਹੇ ਹਨ, ਸਗੋਂ ਉਨ੍ਹਾਂ ਨੇ ਅਜਿਹਾ ਨਾ ਕਰਨ ਵਾਲੇ ਲੋਕਾਂ ਦਾ ਸਨਮਾਨ ਵੀ ਕੀਤਾ ਹੈ। ਪਿਛਲੇ ਦਿਨੀਂ ਉਨ੍ਹਾਂ ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕਿਸਾਨਾਂ ਦਾ ਵਿਧਾਨ ਸਭਾ ਵਿਖੇ ਇਕ ਸਮਾਰੋਹ ਦੌਰਾਨ ਸਨਮਾਨ ਕੀਤਾ। ਇਹ ਆਪਣੇ ਕਿਸਮ ਦੀ ਇਕ ਨਿਵੇਕਲ ਪਹਿਲ ਕਦਮੀ ਸੀ। ਇਸ ਸਨਮਾਨ ਸਮਾਰੋਹ ਵਿਚ ਫ਼ਰੀਦਕੋਟ ਜ਼ਿਲ੍ਹੇ ਦੇ 18, ਮੋਗਾ ਦੇ 13, ਸੰਗਰੂਰ ਦੇ 10, ਰੂਪਨਗਰ ਦੇ 1 ਅਤੇ ਗੁਰਦਾਸਪੁਰ ਦੇ 10 ਅਤੇ ਲੁਧਿਆਣਾ ਤੇ ਬਰਨਾਲਾ ਦੇ 7 ਵਾਤਾਵਰਨ ਪ੍ਰੇਮੀ ਕਿਸਾਨਾਂ ਦਾ ਸਨਮਾਨ ਕੀਤਾ ਗਿਆ ਸੀ। ਉਨ੍ਹਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਵੀ ਅਪੀਲ ਕੀਤੀ।
ਇਹ ਵੀ ਪੜ੍ਹੋ : ਪੰਜਾਬ ’ਚ ਹਾਈ ਅਲਰਟ ਜਾਰੀ, ਇਹ 7 ਜ਼ਿਲ੍ਹੇ ਸੰਵੇਦਨਸ਼ੀਲ ਕਰਾਰ, ਤਾਇਨਾਤ ਹੋਣਗੇ ਕਮਾਂਡੋ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।