ਐੱਸ. ਪੀ. ਬਿਕਰਮਜੀਤ ਤੇ ਇੰਸ. ਪ੍ਰਦੀਪ ਸਿੰਘ ਅਗਾਊਂ ਜ਼ਮਾਨਤ ਲਈ ਪੁੱਜੇ ਸੈਸ਼ਨ ਕੋਰਟ
Wednesday, Jan 30, 2019 - 09:50 AM (IST)

ਫ਼ਰੀਦਕੋਟ (ਰਾਜਨ) - ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਲੋਂ 'ਸਿਟ' ਜਾਂਚ ਮਾਮਲੇ 'ਚ ਕੀਤੀ ਰਿੱਟ ਪਟੀਸ਼ਨ ਨੂੰ ਰੱਦ ਕੀਤੇ ਜਾਣ ਉਪਰੰਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵਲੋਂ ਜਾਂਚ ਦੇ ਕੰਮ 'ਚ ਤੇਜ਼ੀ ਲਿਆਂਦੀ ਗਈ ਹੈ।ਇਸ ਕੜੀ ਨੂੰ ਅੱਗੇ ਤੋਰਦਿਆਂ 'ਸਿਟ' ਕੈਂਪ ਆਫ਼ਿਸ ਫ਼ਰੀਦਕੋਟ ਵਿਖੇ 'ਸਿਟ' ਦੇ ਮੈਂਬਰ ਭੁਪਿੰਦਰ ਸਿੰਘ ਐੱਸ. ਪੀ. ਨੇ 14 ਅਕਤੂਬਰ, 2015 ਗੋਲੀ ਕਾਂਡ ਸਮੇਂ ਤਾਇਨਾਤ ਰਹੇ 8 ਤੋਂ 10 ਪੁਲਸ ਮੁਲਾਜ਼ਮਾਂ ਦੇ ਬਿਆਨ ਦਰਜ ਕੀਤੇ ਹਨ ਅਤੇ ਇਹ ਸਿਲਸਿਲਾ ਕਾਫ਼ੀ ਸਮਾਂ ਚੱਲਿਆ। ਇਸ ਤੋਂ ਇਲਾਵਾ ਬਹਿਬਲ ਕਲਾਂ ਗੋਲੀ ਕਾਂਡ ਵੇਲੇ ਜ਼ਖ਼ਮੀ ਹੋਏ ਬੇਅੰਤ ਸਿੰਘ, ਜਿਸ ਦੇ ਪੱਟ 'ਚ ਗੋਲੀ ਲੱਗੀ ਸੀ ਅਤੇ ਅੰਗਰੇਜ ਸਿੰਘ, ਜੋ ਇਸ ਦੌਰਾਨ ਬਾਂਹ 'ਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ ਸੀ, ਇਨ੍ਹਾਂ ਦੋਵਾਂ ਨੇ 28 ਜਨਵਰੀ ਨੂੰ ਉਕਤ ਆਫ਼ਿਸ ਪੁੱਜ ਕੇ ਆਪਣੇ ਬਿਆਨ ਦਰਜ ਕਰਵਾ ਦਿੱਤੇ ਸਨ।
ਦੂਜੇ ਪਾਸੇ ਇਸ ਘਟਨਾ ਵੇਲੇ ਤਾਇਨਾਤ ਰਹੇ ਪੁਲਸ ਅਧਿਕਾਰੀਆਂ ਨੇ ਫਰੀਦਕੋਟ ਦੀ ਮਾਣਯੋਗ ਸੈਸ਼ਨ ਕੋਰਟ 'ਚ ਆਪਣੀ ਅਗੇਤੀ ਜ਼ਮਾਨਤ ਲਈ ਦਰਖਾਸਤਾਂ ਲਾਉਣੀਆਂ ਸ਼ੁਰੂ ਦਿੱਤੀਆਂ ਹਨ। ਦੱਸ ਦੇਈਏ ਕਿ ਉਸ ਵੇਲੇ ਦੇ ਐੱਸ. ਪੀ. ਬਿਕਰਮਜੀਤ ਸਿੰਘ ਅਤੇ ਇੰਸਪੈਕਟਰ ਪ੍ਰਦੀਪ ਸਿੰਘ ਨੇ ਪਹਿਲਾਂ ਹੀ ਸੈਸ਼ਨ ਕੋਰਟ ਫ਼ਰੀਦਕੋਟ ਵਿਚ ਆਪਣੀ ਅਗੇਤੀ ਜ਼ਮਾਨਤ ਲਈ ਦਰਖਾਸਤ ਲਾਈ ਹੋਈ ਹੈ, ਜਦਕਿ ਉਸ ਵੇਲੇ ਤਾਇਨਾਤ ਐੱਸ. ਐੱਚ. ਓ. ਬਾਜਾਖਾਨਾ ਅਮਰਜੀਤ ਸਿੰਘ ਕੁਲਾਰ ਨੇ ਵੀ ਅੱਜ ਆਪਣੀ ਅਗੇਤੀ ਜ਼ਮਾਨਤ ਦੀ ਦਰਖਾਸਤ ਸੈਸ਼ਨ ਕੋਰਟ ਵਿਚ ਲਾ ਦਿੱਤੀ ਹੈ।