ਸਬ-ਇੰਸਪੈਕਟਰ ਦੇ ਪੁੱਤ ਨੇ ਮੌਤ ਨੂੰ ਲਾਇਆ ਗਲ਼ੇ, ਪਤਨੀ ਤੇ ਸਹੁਰਿਆਂ ਨਾਲ ਚੱਲ ਰਿਹਾ ਸੀ ਵਿਵਾਦ
Wednesday, Oct 26, 2022 - 12:00 AM (IST)
ਲੁਧਿਆਣਾ (ਰਾਜ)-ਟਿੱਬਾ ਇਲਾਕੇ ’ਚ ਰਹਿਣ ਵਾਲੇ ਪੰਜਾਬ ਪੁਲਸ ਦੇ ਸਬ-ਇੰਸਪੈਕਟਰ ਦੇ ਨੌਜਵਾਨ ਪੁੱਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਗੁਰਪ੍ਰੀਤ ਸਿੰਘ (24) ਹੈ, ਜੋ ਗਰੇਵਾਲ ਕਾਲੋਨੀ ’ਚ ਰਹਿਣ ਵਾਲਾ ਸੀ। ਘਟਨਾ ਦਾ ਪਤਾ ਉਸ ਸਮੇਂ ਲੱਗਾ ਕਿ ਜਦੋਂ ਤੜਕੇ ਮਾਂ ਪੁੱਤ ਦੇ ਕਮਰੇ ’ਚ ਗਈ। ਫਿਰ ਸਾਰੇ ਪਰਿਵਾਰ ਵਾਲਿਆਂ ਨੂੰ ਇਕੱਠਾ ਕੀਤਾ ਪਰ ਉਦੋਂ ਤੱਕ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਨੇ ਗੁਰਪ੍ਰੀਤ ਦੀ ਮੌਤ ਦਾ ਜ਼ਿੰਮੇਵਾਰ ਉਸ ਦੀ ਪਤਨੀ ਅਤੇ ਸਹੁਰਿਆਂ ਨੂੰ ਠਹਿਰਾਇਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਵਿਦੇਸ਼ ਜਾਣ ਲਈ ਲੈ ਕੇ ਉਸ ਦਾ ਪਤਨੀ ਨਾਲ ਵਿਵਾਦ ਚੱਲ ਰਿਹਾ ਸੀ, ਜੋ ਕਿ ਝਗੜਾ ਕਰ ਕੇ ਆਪਣੇ ਪੇਕੇ ਚਲੀ ਗਈ ਸੀ। ਉਧਰ, ਸੂਚਨਾ ਤੋਂ ਬਾਅਦ ਥਾਣਾ ਟਿੱਬਾ ਦੀ ਪੁਲਸ ਮੌਕੇ ’ਤੇ ਪੁੱਜੀ। ਪੁਲਸ ਨੂੰ ਘਰੋਂ ਇਕ ਸੁਸਾਈਡ ਨੋਟ ਮਿਲਿਆ ਹੈ। ਹਾਲਾਂਕਿ ਸੁਸਾਈਡ ਨੋਟ ’ਚ ਮ੍ਰਿਤਕ ਨੇ ਕਿਸੇ ਨੂੰ ਮੌਤ ਦਾ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ। ਪੁਲਸ ਨੇ ਸੁਸਾਈਡ ਨੋਟ ਕਬਜ਼ੇ ’ਚ ਲੈ ਕੇ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤੀ ਹੈ। ਇਸ ਮਾਮਲੇ ’ਚ ਪੁਲਸ ਨੇ ਪਤਨੀ, ਸੱਸ ਅਤੇ ਸਹੁਰੇ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਗੁਰਪ੍ਰੀਤ ਦਾ ਵਿਆਹ ਤਕਰੀਬਨ 9 ਮਹੀਨੇ ਪਹਿਲਾਂ ਹੀ ਹੋਇਆ ਸੀ। ਉਸ ਦਾ ਪਤਨੀ ਹਰਮਨ ਕੌਰ ਨਾਲ ਵਿਦੇਸ਼ ਜਾਣ ਨੂੰ ਲੈ ਕੇ ਕਾਫੀ ਕਲੇਸ਼ ਰਹਿੰਦਾ ਸੀ, ਜਿਸ ਕਾਰਨ ਪਤਨੀ ਪੇਕੇ ਗਈ ਹੋਈ ਸੀ, ਉਦੋਂ ਤੋਂ ਗੁਰਪ੍ਰੀਤ ਪ੍ਰੇਸ਼ਾਨ ਚੱਲ ਰਿਹਾ ਸੀ। ਜਦੋਂ ਮੰਗਲਵਾਰ ਦੀ ਤੜਕੇ ਉਸ ਦੀ ਮਾਂ ਸੁਖਦੀਪ ਕੌਰ ਬਾਥਰੂਮ ਜਾਣ ਲਈ ਉੱਠੀ ਤਾਂ ਉਸ ਨੇ ਦੇਖਿਆ ਬੇਟੇ ਦਾ ਕਮਰਾ ਬੰਦ ਪਿਆ ਸੀ। ਉਸ ਨੇ ਗੇਟ ਖੜਕਾਇਆ ਤਾਂ ਅੰਦਰ ਬੇਟੇ ਦੀ ਲਾਸ਼ ਪਈ ਹੋਈ ਸੀ। ਮਰਨ ਤੋਂ ਪਹਿਲਾਂ ਉਸ ਨੇ ਇਕ ਸੁਸਾਈਡ ਨੋਟ ਲਿਖਿਆ ਸੀ, ਜੋ ਪੁਲਸ ਨੂੰ ਬਰਾਮਦ ਹੋ ਗਿਆ। ਮ੍ਰਿਤਕ ਗੁਰਪ੍ਰੀਤ ਦਾ ਪਿਤਾ ਹਰਮਿੰਦਰ ਸਿੰਘ ਪੰਜਾਬ ਪੁਲਸ ਵਿਚ ਸਬ-ਇੰਸਪੈਕਟਰ ਦੇ ਅਹੁਦੇ ’ਤੇ ਤਾਇਨਾਤ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਆਬੂਧਾਬੀ ਗਏ 100 ਪੰਜਾਬੀ ਫਸੇ, ਨਹੀਂ ਦਿੱਤੇ ਜਾ ਰਹੇ ਪਾਸਪੋਰਟ
ਪੀੜਤ ਪਰਿਵਾਰ ਨੇ ਪਤਨੀ ਅਤੇ ਸਹੁਰਿਆਂ ਨੂੰ ਮੌਤ ਦਾ ਠਹਿਰਾਇਆ ਜ਼ਿੰਮੇਵਾਰ
ਮ੍ਰਿਤਕ ਦੇ ਭਰਾ ਸਿਮਰਨ ਨੇ ਕਿਹਾ ਕਿ 3 ਸਾਲ ਗੁਰਪ੍ਰੀਤ ਨੇ ਸਾਈਪ੍ਰਸ ’ਚ ਕੰਮ ਕੀਤਾ ਹੈ। ਭਾਰਤ ਆਉਣ ’ਤੇ ਹੁਣ ਉਹ ਇੱਥੇ ਟਰਾਲਾ ਚਲਾਉਂਦਾ ਸੀ। ਕੁਝ ਮਹੀਨੇ ਪਹਿਲਾਂ ਹੀ ਉਸ ਦੇ ਭਰਾ ਦਾ ਵਿਆਹ ਹੋਇਆ ਸੀ। ਭਾਬੀ ਨੇ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਘਰ ’ਚ ਕਲੇਸ਼ ਸ਼ੁਰੂ ਕਰ ਦਿੱਤਾ ਸੀ ਪਰ ਪਹਿਲਾਂ ਪਰਿਵਾਰ ਨੂੰ ਪਤਾ ਨਹੀਂ ਸੀ ਕਿ ਗੁਰਪ੍ਰੀਤ ਨਾਲ ਕਲੇਸ਼ ਹੋ ਰਿਹਾ ਹੈ। ਉਸ ਦਾ ਭਰਾ, ਭਾਬੀ ਨੂੰ ਕੈਨੇਡਾ ਭੇਜਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਸੀ। ਉਸ ਨੂੰ ਕੈਨੇਡਾ ਭੇਜਣ ਲਈ 25 ਲੱਖ ਰੁਪਏ ਕਾਗਜ਼ ਤਿਆਰ ਕਰਵਾਉਣ ਅਤੇ ਵੀਜ਼ਾ ਲਗਵਾਉਣ ’ਚ ਲੱਗ ਗਏ ਸਨ। ਜਿਉਂ ਹੀ ਕੈਨੇਡਾ ਦਾ ਵੀਜ਼ਾ ਆਇਆ ਤਾਂ ਉਸੇ ਦਿਨ ਤੋਂ ਭਾਬੀ ਦੇ ਹਾਵ-ਭਾਵ ਬਦਲ ਗਏ ਸਨ।
ਗੁਰਪ੍ਰੀਤ ਦੇ ਸਹੁਰਿਆਂ ਨੇ ਘਰ ਆ ਕੇ ਉਸ ਦੇ ਨਾਲ ਕੁੱਟ-ਮਾਰ ਵੀ ਕੀਤੀ ਸੀ। ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਭਾਬੀ ਨੇ ਭਰਾ ਨੂੰ ਇਹ ਵੀ ਕਹਿ ਦਿੱਤਾ ਸੀ ਕਿ ਉਹ ਕੈਨੇਡਾ ਜਾਣ ਤੋਂ ਬਾਅਦ ਉਸ ਨੂੰ ਕੰਟ੍ਰੈਕਟ ਮੈਰਿਜ਼ ਜ਼ਰੀਏ ਉਸ ਨੂੰ ਬੁਲਾਏਗੀ ਅਤੇ ਉੱਥੇ ਉਸ ਨੂੰ ਤਲਾਕ ਦੇ ਦੇਵੇਗੀ। ਵੀਜ਼ਾ ਲੱਗਣ ਤੋਂ ਬਾਅਦ ਉਸ ਦੇ ਭਰਾ ਨੂੰ ਪਤਾ ਲੱਗਾ ਸੀ ਕਿ ਭਾਬੀ ਨੇ ਵੀਜ਼ਾ ’ਚ ਖੁਦ ਨੂੰ ਸਿੰਗਲ ਦੱਸਿਆ ਸੀ, ਜਿਸ ਤੋਂ ਬਾਅਦ ਵਿਵਾਦ ਕਾਫੀ ਵਧ ਗਿਆ ਸੀ। ਸ਼ਨੀਵਾਰ ਨੂੰ ਉਸ ਦੀ ਭਾਬੀ ਨੇ ਕਾਫੀ ਝਗੜਾ ਕੀਤਾ ਅਤੇ ਭਰਾ ਨੂੰ ਛੱਡ ਕੇ ਆਪਣੇ ਪੇਕੇ ਚਲੀ ਗਈ ਸੀ। ਜਾਂਦੇ ਸਮੇਂ ਉਹ ਘਰ ਤੋਂ ਗਹਿਣੇ ਅਤੇ ਹੋਰ ਸਾਮਾਨ ਵੀ ਲੈ ਗਈ ਸੀ। ਉਸ ਦਾ ਭਰਾ ਉਸ ਨੂੰ ਵਾਰ-ਵਾਰ ਘਰ ਆਉਣ ਲਈ ਕਹਿ ਰਿਹਾ ਸੀ।
ਇਹ ਲਿਖਿਆ ਸੀ ਸੁਸਾਈਡ ਨੋਟ ’ਚ
ਪੁਲਸ ਨੂੰ ਮੌਕੇ ’ਤੇ ਸੁਸਾਈਡ ਨੋਟ ਮਿਲਿਆ ਹੈ, ਜਿਸ ਵਿਚ ਗੁਰਪ੍ਰੀਤ ਸਿੰਘ ਨੇ ਲਿਖਿਆ ਕਿ ਅੱਜ ਤੱਕ ਮੈਂ ਜੋ ਕੁਝ ਕੀਤਾ, ਉਸ ਦੇ ਲਈ ਮੈਨੂੰ ਮੁਆਫ ਕਰ ਦੇਣ। ਮੈਨੂੰ ਖੁਦ ਨੂੰ ਨਹੀਂ ਪਤਾ ਕਿ ਮੈਂ ਅਜਿਹਾ ਕਿਉਂ ਹੋ ਗਿਆ ਹਾਂ। ਮੇਰੇ ਦਿਲ ਵਿਚ ਬਹੁਤ ਸਾਰੀਆਂ ਗੱਲਾਂ ਹਨ, ਜੋ ਮੈਂ ਕਿਸੇ ਨਾਲ ਕਰ ਨਹੀਂ ਸਕਦਾ। ਮੈਂ ਅੱਜ ਤੱਕ ਕਿਸੇ ਦਾ ਬੁਰਾ ਨਹੀਂ ਕੀਤਾ। ਹਾਂ ਗੁੱਸੇ ਵਾਲਾ ਹਾਂ, ਇਹ ਮੰਨਦਾ ਹਾਂ ਮੈਂ। ਮੈਨੂੰ ਮੁਆਫ ਕਰ ਦੇਣ। ਬਸ ਇਕ ਵਾਰ ਹਰਮਨ ਨੂੰ ਕਹਿ ਦੇਣਾ ਕਿ ਮੇਰੇ ਮਰਨ ’ਤੇ ਆ ਜਾਣਾ। ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਹਰਮਨ ਤੋਂ ਮੁਆਫੀ ਮੰਗਦਾ ਹਾਂ। ਨਾਲ ਹੀ ਮਾਂ ਤੋਂ ਵੀ ਮੁਆਫੀ ਮੰਗੀ ਹੈ ਕਿ ਮਾਂ ਤੇਰਾ ਬੇਟਾ ਸਹੀ ਨਹੀਂ ਨਿਕਲਿਆ। ਗੁਰਪ੍ਰੀਤ ਨੇ ਲਿਖਿਆ ਕਿ ਮੈਂ ਸਾਰਿਆਂ ਨਾਲ ਪਿਆਰ ਕਰਦਾ ਹਾਂ। ਬੱਸ ਹਰਮਨ ਨੂੰ ਬੁਲਾ ਲੈਣਾ। ਮੈਂ ਇੱਥੇ ਨਾ ਹੁੰਦੇ ਹੋਏ ਵੀ ਇੱਥੇ ਹੀ ਰਹਾਂਗਾ। ਇਸ ਮਾਮਲੇ ’ਚ ਮ੍ਰਿਤਕ ਦੇ ਪਿਤਾ ਹਰਮਿੰਦਰ ਸਿੰਘ ਦੀ ਸ਼ਿਕਾਇਤ ’ਤੇ ਬੇਟੇ ਦੀ ਪਤਨੀ ਹਰਮਨ ਕੌਰ ਉਰਫ ਜੋਤੀ, ਸੱਸ ਜਸਵੀਰ ਕੌਰ ਅਤੇ ਸਹੁਰਾ ਮੋਹਿਮ ਮੰਡਲ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਭਾਲ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।