ਕਲਯੁੱਗੀ ਪੁੱਤ ਨੇ ਸਿਰ ''ਚ ਇੱਟ ਮਾਰ ਕੀਤਾ ਪਿਓ ਦਾ ਕਤਲ

Thursday, Apr 18, 2019 - 08:15 PM (IST)

ਕਲਯੁੱਗੀ ਪੁੱਤ ਨੇ ਸਿਰ ''ਚ ਇੱਟ ਮਾਰ ਕੀਤਾ ਪਿਓ ਦਾ ਕਤਲ

ਸੰਗਰੂਰ, (ਵਿਵੇਕ ਸਿੰਧਵਾਨੀ,ਰਵੀ)— ਸਿਰ 'ਚ ਇੱਟ ਮਾਰ ਕੇ ਆਪਣੇ ਪਿਤਾ ਦਾ ਕਤਲ ਕਰਨ ਦੇ ਦੋਸ਼ 'ਚ ਪੁੱਤਰ ਵਿਰੁੱਧ ਥਾਣਾ ਲਹਿਰਾ 'ਚ ਕੇਸ ਦਰਜ ਕੀਤਾ ਹੈ। ਥਾਣੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਮੁਦਈ ਗੁਰਤੇਜ ਸਿੰਘ ਵਾਸੀ ਉਪਲੀ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਬੀਤੀ 15 ਅਪ੍ਰੈਲ ਨੂੰ ਉਸ ਦੇ ਮਾਮੇ ਭੱਪਾ ਸਿੰਘ ਦੀ ਮੌਤ ਹੋ ਗਈ ਸੀ। ਜਿਸ ਦੇ ਅੰਤਿਮ ਸੰਸਕਾਰ ਲਈ ਉਹ 16 ਅਪ੍ਰੈਲ ਨੂੰ ਪਿੰਡ ਲਹਿਲ ਖੁਰਦ 'ਚ ਆਇਆ ਸੀ। ਸੰਸਕਾਰ ਉਪਰੰਤ ਮੁਦਈ ਨੂੰ ਪਿੰਡ ਦੀਆਂ ਔਰਤਾਂ ਦੀ ਆਪਸੀ ਗੱਲਬਾਤ ਦੁਆਰਾ ਪਤਾ ਲੱਗਾ ਕਿ ਪਾਲ ਸਿੰਘ ਵਾਸੀ ਲਹਿਲ ਖੁਰਦ ਦਾ ਆਪਣੇ ਪਿਤਾ ਭੱਪਾ ਸਿੰਘ ਨਾਲ 15 ਅਪ੍ਰੈਲ ਨੂੰ ਤੂੜੀ ਬਣਾਉਣ ਵਾਲੀ ਮਸ਼ੀਨ ਕਿਸੇ ਹੋਰ ਦੇ ਖੇਤ 'ਚ ਲਗਾਉਣ ਸਬੰਧੀ ਝਗੜਾ ਹੋਇਆ ਸੀ, ਜਿਸ ਕਾਰਨ ਦੋਸ਼ੀ ਪਾਲ ਸਿੰਘ ਉਕਤ ਨੇ ਗੁੱਸੇ 'ਚ ਆ ਕੇ ਵਿਹੜੇ 'ਚੋਂ ਇੱਟ ਚੁੱਕ ਕੇ ਭੱਪਾ ਸਿੰਘ ਦੇ ਸਿਰ 'ਚ ਮਾਰੀ। ਇਸ ਉਪਰੰਤ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਉਸ ਦੇ ਪਿਤਾ ਦਾ ਪੈਰ ਸਲਿਪ ਹੋਣ ਕਾਰਨ ਸੱਟ ਲੱਗੀ ਹੈ। ਜਿਸ ਨੂੰ ਪਰਿਵਾਰਕ ਮੈਂਬਰ ਸਿਵਲ ਹਸਪਤਾਲ ਸੰਗਰੂਰ ਦਾਖਲ ਕਰਵਾਇਆ ਗਿਆ ਪਰ ਉਸ ਨੇ ਰਸਤੇ 'ਚ ਹੀ ਦੰਮ ਤੋੜ ਦਿੱਤਾ। ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਯਕੀਨ ਕਰ ਲਿਆ ਸੀ ਕਿ ਭੱਪਾ ਸਿੰਘ ਦੀ ਮੌਤ ਉਸ ਦਾ ਪੈਰ ਸਲਿੱਪ ਹੋ ਨਾਲ ਹੋਈ ਹ। ਜਿਸ ਦੇ ਆਧਾਰ 'ਤੇ ਮ੍ਰਿਤਕ ਦੇ ਛੋਟੇ ਲੜਕੇ ਜਗਤਾਰ ਸਿੰਘ ਦੇ ਬਿਆਨਾਂ ਦੇ ਆਧਾਰ ਮਾਮਲੇ ਦੀ ਕਾਰਵਾਈ ਕਰਦੇ ਹੋਏ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ ਪਰ ਮੁਦਈ ਦੁਆਰਾ ਆਪਣੇ ਮਾਮੇ ਦੀ ਮੌਤ ਸਬੰਧੀ ਪੂਰੀ ਜਾਂਚ ਪੜਤਾਲ ਕਰਨ ਤੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਮਾਮੇ ਦਾ ਕਤਲ ਦੋਸ਼ੀ ਪਾਲ ਸਿੰਘ ਉਕਤ ਨੇ ਇੱਟ ਮਾਰ ਕੇ ਕੀਤਾ ਹੈ।


author

KamalJeet Singh

Content Editor

Related News