ਪਤਨੀ ਤੇ ਸੱਸ-ਸਹੁਰੇ ’ਤੇ ਹਮਲਾ ਕਰਨ ਵਾਲਾ ਜਵਾਈ ਗ੍ਰਿਫ਼ਤਾਰ, ਦਾਤਰ ਨਾਲ ਵੱਢਣ ਦੀ ਵੀਡੀਓ ਹੋਈ ਸੀ ਵਾਇਰਲ
Monday, May 16, 2022 - 10:18 PM (IST)

ਅੰਮ੍ਰਿਤਸਰ (ਸੰਜੀਵ)-ਬਾਜ਼ਾਰ ਵਿਚਕਾਰ ਪਤਨੀ ਅਤੇ ਸੱਸ-ਸਹੁਰੇ ’ਤੇ ਜਾਨਲੇਵਾ ਹਮਲਾ ਕਰਨ ਵਾਲੇ ਨਵਦੀਪ ਸਿੰਘ ਨੂੰ ਥਾਣਾ ਬੀ-ਡਵੀਜ਼ਨ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਵੱਲੋਂ ਕੀਤੇ ਗਏ ਹਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਮੁਲਜ਼ਮ ਦੀ ਪਤਨੀ ਸਿਮਰਨ ਕੌਰ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ। ਜਾਣਕਾਰੀ ਦਿੰਦਿਆਂ ਸਿਮਰਨ ਕੌਰ ਨੇ ਦੱਸਿਆ ਕਿ 24 ਮਾਰਚ ਨੂੰ ਸਵੇਰੇ ਸਾਢੇ 9 ਵਜੇ ਦੇ ਕਰੀਬ ਉਹ ਆਪਣੇ ਪਿਤਾ ਜਸਵੰਤ ਸਿੰਘ ਅਤੇ ਮਾਤਾ ਗੁਰਮੀਤ ਕੌਰ ਨਾਲ ਬਾਜ਼ਾਰ ਜਾ ਰਹੀ ਸੀ ਕਿ ਰਸਤੇ ’ਚ ਮੁਲਜ਼ਮ ਆਇਆ ਅਤੇ ਉਨ੍ਹਾਂ ਕੋਲੋਂ ਪੈਸਿਆਂ ਦੀ ਮੰਗ ਕਰਨ ਲੱਗਾ। ਜਦੋਂ ਉਨ੍ਹਾਂ ਨੇ ਪੈਸੇ ਦੇਣ ਤੋਂ ਮਨ੍ਹਾ ਕੀਤਾ ਤਾਂ ਉਸ ਨੇ ਆਪਣੀ ਕਮੀਜ਼ ’ਚ ਲੁਕੋਏ ਤੇਜ਼ਧਾਰ ਦਾਤਰ ਨੂੰ ਕੱਢ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ।
ਇਸ ਦੌਰਾਨ ਮੁਲਜ਼ਮ ਤੇਜ਼ਧਾਰ ਦਾਤਰ ਨਾਲ ਵੱਢਣ ਲੱਗਾ। ਜ਼ਖ਼ਮੀ ਕਰਨ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਇਹ ਪੂਰੀ ਵਾਰਦਾਤ ਘਟਨਾ ਸਥਾਨ ਨੇਡ਼ੇ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਸੀ, ਜਿਸ ਨੂੰ ਪੁਲਸ ਨੇ ਕਬਜ਼ੇ ’ਚ ਲੈ ਲਿਆ ਅਤੇ ਉਸ ਤੋਂ ਬਾਅਦ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਅੱਜ ਤਕਰੀਬਨ ਡੇਢ ਮਹੀਨੇ ਬਾਅਦ ਮੁਲਜ਼ਮ ਪੁਲਸ ਦੇ ਹੱਥ ਲੱਗਾ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਕਹਿਣਾ ਹੈ ਪੁਲਸ ਦਾ
ਥਾਣਾ ਬੀ-ਡਵੀਜ਼ਨ ਦੇ ਇੰਚਾਰਜ ਦਾ ਕਹਿਣਾ ਹੈ ਕਿ ਮੁਲਜ਼ਮ ਖ਼ਿਲਾਫ਼ 2 ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ’ਚ ਉਸ ਦੀ ਗ੍ਰਿਫ਼ਤਾਰੀ ਪਾਈ ਗਈ ਹੈ। ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜਿਆ ਜਾਵੇਗਾ।