ਗੰਡਾਸਾ ਲੈ ਕੇ ਸਹੁਰੇ ਘਰ ਪੁੱਜਿਆ ਜਵਾਈ, ਕੀਤਾ ਵੱਡਾ ਕਾਂਡ

Tuesday, Feb 13, 2018 - 07:33 PM (IST)

ਗੰਡਾਸਾ ਲੈ ਕੇ ਸਹੁਰੇ ਘਰ ਪੁੱਜਿਆ ਜਵਾਈ, ਕੀਤਾ ਵੱਡਾ ਕਾਂਡ

ਤਪਾ ਮੰਡੀ (ਸ਼ਾਮ,ਗਰਗ) : ਪਿੰਡ ਮਹਿਤਾ ਵਿਖੇ ਜਵਾਈ ਵੱਲੋਂ ਸਹੁਰੇ ਪਰਿਵਾਰ ਨੂੰ ਧਮਕਾਉਣ ਤੋਂ ਬਾਅਦ ਘਰੇਲੂ ਸਮਾਨ ਨੂੰ ਅੱਗ ਲਗਾ ਦਿੱਤੀ ਗਈ, ਜਿਸ 'ਚ 60 ਹਜ਼ਾਰ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਪਰਿਵਾਰ ਦੇ ਮੁਖੀ ਗੁਰਦੀਪ ਸਿੰਘ ਅਨੁਸਾਰ ਉਸ ਨੇ ਆਪਣੀ ਧੀ ਲਵਪ੍ਰੀਤ ਕੌਰ ਦਾ ਵਿਆਹ 2 ਸਾਲ ਪਹਿਲਾਂ ਸੁਖਚੈਨ ਸਿਘ ਪੁੱਤਰ ਕਾਕਾ ਸਿੰਘ ਵਾਸੀ ਲਹਿਰਾ ਮੁਹੱਬਤ ਨਾਲ ਗੁਰਮਰਿਆਦਾ ਨਾਲ ਕੀਤਾ ਸੀ ਪਰ ਥੋੜ੍ਹੇ ਦਿਨਾਂ ਬਾਅਦ ਹੀ ਪਤੀ ਉਸ ਨੂੰ ਤੰਗ ਪ੍ਰੇਸ਼ਾਨ ਅਤੇ ਕੁੱਟਮਾਰ ਕਰਨ ਲੱਗ ਪਿਆ ਸੀ। 2 ਦਿਨ ਪਹਿਲਾਂ ਹੋਈ ਕੁੱਟਮਾਰ ਤੋਂ ਬਾਅਦ ਉਹ ਪੇਕਾ ਪਰਿਵਾਰ ਲੜਕੀ ਨੂੰ ਅਪਣੇ ਨਾਲ ਪਿੰਡ ਲੈ ਆਇਆ ਤਾਂ ਅਗਲੇ ਦਿਨ ਜਵਾਈ ਮੋਟਰਸਾਈਕਲ 'ਤੇ ਸਵਾਰ ਹੋ ਕੇ ਅਪਣੇ ਨਾਲ ਇਕ ਗੰਡਾਸਾ ਅਤੇ ਸ਼ਿਕਾਰੀ ਕੁੱਤਾ ਲੈ ਆਇਆ ਅਤੇ ਘਰ ਆ ਕੇ ਸ਼ਰਾਬ ਪੀ ਕੇ ਗਾਲੀ-ਗਲੋਚ ਕਰਨ ਲੱਗ ਪਿਆ, ਇਸ ਦੌਰਾਨ ਉਸ ਨੇ ਘਰੇਲੂ ਸਮਾਨ ਦੀ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਘਰ ਵਿਚ ਪੈਂਦਾ ਰੌਲਾ ਸੁਣ ਕੇ ਪਿੰਡ ਵਾਸੀ ਇਕੱਠੇ ਹੋ ਗਏ ਤਾਂ ਪਰਿਵਾਰਿਕ ਮੈਂਬਰਾਂ ਗੁਰਪ੍ਰੀਤ ਕੌਰ, ਮਨਿੰਦਰ ਸਿੰਘ ਨੇ ਮਾਹੌਲ ਸ਼ਾਂਤ ਕਰਵਾਇਆ। ਪਿੰਡ ਵਾਸੀਆਂ ਦੇ ਜਾਣ ਤੋਂ ਬਾਅਦ ਸੁਖਚੈਨ ਸਿੰਘ ਨੇ ਘਰ ਦੇ ਘਰੇਲੂ ਸਮਾਨ ਫਰਿੱਜ, ਟੀ.ਵੀ., ਬੈੱਡ ਅਤੇ ਜ਼ਰੂਰੀ ਕਾਗਜ਼ਾਤ ਨੂੰ ਅੱਗ ਲਗਾ ਦਿੱਤੀ। ਜਦੋਂ ਪਿੰਡ ਵਾਸੀਆਂ ਨੂੰ ਘਰ 'ਚੋਂ ਨਿਕਲ ਰਹੇ ਧੂਏ ਤੋਂ ਘਰ 'ਚ ਲੱਗੀ ਅੱਗ ਬਾਰੇ ਪਤਾ ਲੱਗਾ ਤਾਂ ਲੋਕ ਇਕੱਠੇ ਹੋ ਗਏ ਅਤੇ ਅੱਗ 'ਤੇ ਕਾਬੂ ਪਾਇਆ।
ਘਟਨਾ ਤੋਂ ਬਾਅਦ ਜਵਾਈ ਸੁਖਚੈਨ ਸਿੰਘ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਰਾਰ ਹੋ ਗਿਆ। ਇਸ ਘਟਨਾ ਬਾਰੇ ਜਦੋਂ ਪੁਲਸ ਨੂੰ ਪਤਾ ਲੱਗਾ ਤਾਂ ਡੀ.ਐੱਸ.ਪੀ ਤਪਾ ਅੱਛਰੂ ਰਾਮ ਸ਼ਰਮਾ ਦੀ ਅਗਵਾਈ 'ਚ ਸਹਾਇਕ ਥਾਣੇਦਾਰ ਭੀਮ ਸੈਨ ਘਟਨਾ ਸਥਾਨ 'ਤੇ ਪਹੁੰਚੇ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਨੇ ਸੁਖਚੈਨ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਹੈ।


Related News