ਪਿਓ ਦਾ ਸਸਕਾਰ ਕਰਨ ਆਏ ਹਵਾਲਾਤੀ ਪੁੱਤ ਨੇ ਜੇਲ੍ਹ ਪ੍ਰਸ਼ਾਸਨ 'ਤੇ ਲਾਏ ਗੰਭੀਰ ਇਲਜ਼ਾਮ, ਕੀਤੇ ਸਨਸਨੀਖੇਜ਼ ਖੁਲਾਸੇ

Sunday, Nov 27, 2022 - 02:29 PM (IST)

ਪਿਓ ਦਾ ਸਸਕਾਰ ਕਰਨ ਆਏ ਹਵਾਲਾਤੀ ਪੁੱਤ ਨੇ ਜੇਲ੍ਹ ਪ੍ਰਸ਼ਾਸਨ 'ਤੇ ਲਾਏ ਗੰਭੀਰ ਇਲਜ਼ਾਮ, ਕੀਤੇ ਸਨਸਨੀਖੇਜ਼ ਖੁਲਾਸੇ

ਸੰਗਰੂਰ/ਭਵਾਨੀਗੜ੍ਹ (ਵਿਕਾਸ) : ਭਵਾਨੀਗੜ੍ਹ ਦੇ ਪਿੰਡ ਬਾਲਦ ਕਲਾਂ ਦੇ ਗੁਰਮੀਤ ਸਿੰਘ ਅਤੇ ਉਸਦਾ ਮੁੰਡਾ ਜਗਦੀਪ ਸਿੰਘ ਦੋਵੋਂ ਕਰੀਬ 19 ਮਹੀਨਿਆਂ ਪਹਿਲਾਂ ਐੱਨ. ਡੀ. ਪੀ. ਐੱਸ. ਮਾਮਲੇ 'ਚ ਦੋਸ਼ੀ ਪਾਏ ਗਏ ਸਨ। ਇਸ ਦੋਸ਼ ਤਹਿਤ ਦੋਵੋਂ ਪਿਓ-ਪੁੱਤ ਪਿਛਲੇ 19 ਮਹੀਨਿਆਂ ਤੋਂ ਪਟਿਆਲਾ ਜੇਲ੍ਹ 'ਚ ਸਜ਼ਾ ਕੱਟ ਰਹੇ ਹਨ ਪਰ ਬੀਤੀ 25 ਨਵੰਬਰ ਨੂੰ ਗੁਰਮੀਤ ਸਿੰਘ ਦੀ ਪਟਿਆਲਾ ਜੇਲ੍ਹ 'ਚ ਮੌਤ ਹੋ ਗਈ, ਜਿਸ ਤੋਂ ਬਾਅਦ ਜਗਦੀਪ ਸਿੰਘ ਨੂੰ ਉਸ ਦੀ ਪਿਤਾ ਦੀ ਮ੍ਰਿਤਕ ਦੇਹ ਦੇ ਨਾਲ ਅੰਤਿਮ ਸੰਸਕਾਰ ਕਰਨ ਲਈ ਪਿੰਡ ਬਾਲਦ ਕਲਾਂ ਭੇਜ ਦਿੱਤਾ ਗਿਆ। ਪਿੰਡ ਆ ਕੇ ਉਸ ਨੇ ਆਪਣੇ ਪਿਤਾ ਦਾ ਸੰਸਤਾਰ ਕੀਤਾ। 

ਇਹ ਵੀ ਪੜ੍ਹੋ- ਜੀਜੇ ਵਲੋਂ ਭੈਣ ਨੂੰ ਦਿੱਤੇ ਧੋਖੇ ਦਾ ਦੁੱਖ ਨਾ ਸਹਾਰ ਸਕਿਆ ਭਰਾ, ਚੁੱਕਿਆ ਖੌਫ਼ਨਾਕ ਕਦਮ

ਇਸ ਦੌਰਾਨ ਜਗਦੀਪ ਸਿੰਘ ਨੇ ਪਟਿਆਲਾ ਜੇਲ੍ਹ ਨੂੰ ਲੈ ਕੇ ਕਈ ਵੱਡੇ ਖ਼ੁਲਾਸੇ ਕੀਤੇ ਹਨ। ਉਸ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸਦੇ ਪਿਤਾ ਗੁਰਮੀਤ ਸਿੰਘ ਲੰਮੇ ਸਮੇਂ ਤੋਂ ਦਿਲ ਦੀ ਬੀਮਾਰੀ ਦੇ ਮਰੀਜ਼ ਸਨ ਅਤੇ ਹਰ 3 ਮਹੀਨਿਆਂ ਬਾਅਦ ਉਸ ਦੇ ਪਿਤਾ ਦੇ ਟੈਸਟ ਹੁੰਦੇ ਸਨ। ਜੇਲ੍ਹ ਅੰਦਰ ਰਹਿੰਦਿਆਂ ਉਸ ਨੇ ਪਿਤਾ ਦੇ ਇਲਾਜ ਲਈ ਵੱਖ-ਵੱਖ ਅਫ਼ਸਰਾਂ ਨੂੰ ਕਈ ਵਾਰ ਅਪੀਲ ਕੀਤੀ ਪਰ ਜੇਲ੍ਹ ਪ੍ਰਸ਼ਾਸਨ ਨੇ ਨਾ ਤਾਂ ਇਸ ਦੀ ਮਨਜ਼ੂਰੀ ਦਿੱਤੀ ਅਤੇ ਨਾ ਉਸ ਦੇ ਪਿਤਾ ਦਾ ਇਲਾਜ ਕਰਵਾਇਆ। ਉਸ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਜੇਲ੍ਹ 'ਚ ਜੋ ਵਿਅਕਤੀ ਪੈਸਾ ਦਿੰਦਾ ਹੈ ਜਾਂ ਸਿਫਾਰਿਸ਼ ਕਰਵਾਉਂਦਾ ਹੈ ਉਸ ਦਾ ਹੀ ਇਲਾਜ ਕੀਤਾ ਜਾਂਦਾ ਹੈ, ਆਮ ਤੌਰ 'ਤੇ ਸਾਡੇ ਵਰਗੇ ਗਰੀਬ ਲੋਕਾਂ ਨੂੰ ਇਲਾਜ ਨਹੀਂ ਦਿੱਤਾ ਜਾਂਦਾ ਅਤੇ ਉਹ ਸਿਰਫ਼ ਮੌਤ ਦੇ ਮੂੰਹ 'ਚ ਜਾਂਦੇ ਹਨ। 

ਇਹ ਵੀ ਪੜ੍ਹੋ- ਸਰਕਾਰ ਨੂੰ ਦਿੱਤੇ ਅਲਟੀਮੇਟਮ ਦਾ ਸਮਾਂ ਪੂਰਾ, ਪ੍ਰਸ਼ੰਸਕਾਂ ਨਾਲ ਗੱਲਬਾਤ ਕਰਕੇ ਸਿੱਧੂ ਦੇ ਮਾਪੇ ਲੈਣਗੇ ਅਗਲਾ ਫ਼ੈਸਲਾ

ਜਗਦੀਪ ਸਿੰਘ ਨੇ ਪਟਿਆਲਾ ਜੇਲ੍ਹ ਦੇ ਵੱਡੇ-ਵੱਡੇ ਅਫ਼ਸਰਾਂ ਦੇ ਨਾਮ ਲੈ ਕੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਜੇਲ੍ਹ 'ਚ ਜੇਕਰ ਕੋਈ ਵੱਡਾ ਜੱਜ ਜਾਂ ਮੰਤਰੀ ਜਾਇਜ਼ਾ ਲੈਣ ਲਈ ਆਉਂਦਾ ਹੈ ਤਾਂ ਉਸ ਨੂੰ ਸਿਰਫ਼ ਬਾਹਰੋਂ ਘੁੰਮਾ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ ਅਤੇ ਆਮ ਕੈਦੀਆਂ ਨੂੰ ਅੰਦਰ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਜੋ ਕੋਈ ਕੈਦੀ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਾ ਕਰ ਸਕੇ। ਉਸ ਨੇ ਕਿਹਾ ਕਿ ਜੇਲ੍ਹ ਅੰਦਰ ਵੀ ਸਿਰਫ਼ ਪੈਸਾ ਹੀ ਚੱਲਦਾ ਹੈ। ਜਿਸ ਕੋਲ ਸਹੂਲਤ ਹੈ ਉਸ ਨੂੰ ਹਰ ਤਰ੍ਹਾਂ ਦੀ ਸਹੂਲਤ ਮਿਲਦੀ ਹੈ। ਗਰੀਬ ਬੰਦੇ ਨੂੰ ਕੋਈ ਸਹੂਲਤ ਨਸੀਬ ਨਹੀਂ ਹੁੰਦੀ। ਜਗਦੀਪ ਨੇ ਦੋਸ਼ ਲਾਉਂਦਿਆਂ ਕਿਹਾ ਕਿ ਮੇਰੇ ਪਿਤਾ ਨੂੰ ਕਿਸੇ ਤਰ੍ਹਾਂ ਦੀ ਸਿਹਤ ਸਹੂਲਤ ਨਾ ਮਿਲਣ ਕਾਰਨ ਹੀ ਉਨ੍ਹਾਂ ਦੀ ਮੌਤ ਹੋਈ ਹੈ। ਉਸ ਨੇ ਮੰਗ ਕਰਦਿਆਂ ਕਿਹਾ ਕਿ ਜਿਨ੍ਹਾਂ ਅਫ਼ਸਰਾਂ ਦੇ ਨਾਂ ਮੈਂ ਲੈ ਰਿਹਾ ਹੈ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News