ਪੁੱਤਰ ਨੇ ਘਰ ਦੀ ਖ਼ਾਤਰ ਬਜ਼ੁਰਗ ਪਿਓ ਕੁੱਟਮਾਰ ਕਰ ਕੇ ਘਰੋਂ ਕੱਢਿਆ

Thursday, Dec 12, 2024 - 11:03 AM (IST)

ਪੁੱਤਰ ਨੇ ਘਰ ਦੀ ਖ਼ਾਤਰ ਬਜ਼ੁਰਗ ਪਿਓ ਕੁੱਟਮਾਰ ਕਰ ਕੇ ਘਰੋਂ ਕੱਢਿਆ

ਅਬੋਹਰ (ਸੁਨੀਲ) : ਪਿੰਡ ਗੱਦਾਡੋਬ ਦੇ ਵਸਨੀਕ 76 ਸਾਲਾ ਬਜ਼ੁਰਗ ਵਿਅਕਤੀ ਨੂੰ ਉਸ ਦੇ ਕਲਯੁਗੀ ਪੁੱਤਰ ਅਤੇ ਨੂੰਹ ਨੇ ਮਕਾਨ ਕਬਜ਼ੇ ’ਚ ਲੈਣ ਦੀ ਨੀਅਤ ਨਾਲ ਡੰਡਿਆਂ ਨਾਲ ਕੁੱਟਮਾਰ ਕਰ ਕੇ ਘਰੋਂ ਬਾਹਰ ਕੱਢ ਦਿੱਤਾ। ਬਜ਼ੁਰਗ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਲਾਜ ਅਧੀਨ ਬਲਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਹਨ। ਇਕ ਪੁੱਤਰ ਬਾਹਰ ਰਹਿੰਦਾ ਹੈ, ਜਦੋਂ ਕਿ ਦੂਜਾ ਪੁੱਤਰ ਭਿੰਦਰ ਜੋ ਵਿਆਹਿਆ ਹੋਇਆ ਹੈ, ਆਪਣੀ ਪਤਨੀ ਨਾਲ ਉਨ੍ਹਾਂ ਦੇ ਕੋਲ ਰਹਿੰਦਾ ਹੈ।

ਬਲਜੀਤ ਸਿੰਘ ਨੇ ਦੱਸਿਆ ਕਿ ਜਵਾਨੀ ਦੌਰਾਨ ਉਸ ਨੇ ਸਖ਼ਤ ਮਿਹਨਤ ਕਰ ਕੇ ਚਾਰ ਘਰ ਬਣਾ ਲਏ ਸਨ, ਜਿਨ੍ਹਾਂ ’ਚੋਂ ਦੋ ਘਰ ਉਸ ਨੇ ਭਿੰਦਰ ਨੂੰ ਦਿੱਤੇ ਸਨ ਪਰ ਹੁਣ ਜਦੋਂ ਉਹ ਬਜ਼ੁਰਗ ਹੋ ਗਿਆ ਤਾਂ ਭਿੰਦਰ ਦੇ ਮਨ ’ਚ ਲਾਲਚ ਆ ਗਿਆ ਅਤੇ ਉਹ ਉਸ ਦੇ ਘਰ ’ਤੇ ਵੀ ਕਬਜ਼ਾ ਕਰਨਾ ਚਾਹੁੰਦਾ ਹੈ। ਉਸਨੇ ਇਕ ਮਹੀਨੇ ’ਚ ਤਿੰਨ ਵਾਰ ਉਸ ਨੂੰ ਕੁੱਟਿਆ। ਜਿਸ ਦੀ ਸ਼ਿਕਾਇਤ ਉਸ ਨੇ ਥਾਣਾ ਬਹਾਵਵਾਲਾ ’ਚ ਦਿੱਤੀ ਸੀ ਪਰ ਪੁਲਸ ਨੇ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ।

ਬੀਤੀ ਦੁਪਹਿਰ ਉਸ ਦੇ ਪੁੱਤਰ ਭਿੰਦਰ ਸਿੰਘ ਨੇ ਆਪਣੀ ਪਤਨੀ ਨਾਲ ਮਿਲ ਕੇ ਉਸ ਦੀ ਡੰਡਿਆਂ ਨਾਲ ਕੁੱਟਮਾਰ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਘਰੋਂ ਕੱਢ ਦਿੱਤਾ। ਉਸ ਦਾ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਪਰ ਕਿਸੇ ਨੇ ਉਸ ਨੂੰ ਬਚਾਇਆ ਨਹੀਂ। ਇਸ ਤੋਂ ਬਾਅਦ ਭਿੰਦਰ ਨੇ ਉਸ ਦੇ ਘਰ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਕਾਰਨ ਉਸ ਦਾ ਘਰ ਵੀ ਉਸ ਤੋਂ ਖੋਹ ਲਿਆ ਗਿਆ, ਹੁਣ ਉਹ ਇੰਨੀ ਜ਼ਿਆਦਾ ਸਰਦੀ ’ਚ ਕਿੱਥੇ ਰਹੇਗਾ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਉਸ ਦਾ ਚੂਲਾ ਟੁੱਟ ਗਿਆ ਹੈ ਪਰ ਇਸ ਦਾ ਸਹੀ ਪਤਾ ਐਕਸਰੇ ਕਰਵਾਉਣ ਤੋਂ ਬਾਅਦ ਹੀ ਪਤਾ ਲੱਗੇਗਾ।


author

Babita

Content Editor

Related News