ਪੁੱਤ ਨੂੰ ਅਗਵਾ ਕਰਨ ਅਤੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਮੰਗੀ 10 ਲੱਖ ਦੀ ਫਿਰੌਤੀ
Sunday, Nov 06, 2022 - 02:28 PM (IST)
ਮੋਗਾ (ਅਜ਼ਾਦ) : ਮੋਗਾ ਵਾਸੀ ਇਕ ਵਿਅਕਤੀ ਦੇ ਬੇਟੇ ਨੂੰ ਅਗਵਾ ਕਰਨ ਅਤੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਅਣਪਛਾਤੇ ਵਿਅਕਤੀ ਵੱਲੋਂ 10 ਲੱਖ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਪੀੜਤ ਵਿਅਕਤੀ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਥਾਣਾ ਸਿਟੀ ਸਾਊਥ ਵਿਚ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਂਚ ਥਾਣਾ ਮੁਖੀ ਇੰਸਪੈਕਟਰ ਲਛਮਣ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਮੋਗਾ ਵਾਸੀ ਰਾਕੇਸ਼ ਕੁਮਾਰ ਨੇ ਕਿਹਾ ਕਿ ਉਹ ਇਨਸਾਫ਼ ਪਸੰਦ ਵਿਅਕਤੀ ਹੈ, ਉਸ ਨੂੰ ਕਈ ਵਾਰ ਅਣਪਛਾਤੇ ਵਿਦੇਸ਼ੀ ਨੰਬਰਾਂ ਤੋਂ 10 ਲੱਖ ਰੁਪਏ ਦੀ ਫਿਰੌਤੀ ਦੇਣ ਦੀ ਧਮਕੀ ਮਿਲ ਚੁੱਕੀ ਹੈ। ਉਸਨੇ ਕਿਹਾ ਕਿ ਮੈਨੂੰ 3 ਅਕਤੂਬਰ 2022 ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ’ਤੇ ਕਿਹਾ ਕਿ ਉਸ ਨੂੰ 10 ਲੱਖ ਦੀ ਫਿਰੌਤੀ ਦਿਉ। ਇਸ ਤੋਂ ਪਹਿਲਾਂ ਮੈਨੂੰ ਮੇਰੇ ਮੋਬਾਇਲ ਨੰਬਰ ’ਤੇ ਵਟਸਅਪ ਐਪ ਮੈਸੇਜ ਭੇਜਿਆ, ਉਸਨੇ ਕਿਹਾ ਕਿ ਮੈਨੂੰ ਬਾਅਦ ਵਿਚ ਫਿਰ ਫੋਨ ਆਇਆ ਅਤੇ ਮੇਰੇ ਨਾਲ ਗੱਲਬਾਤ ਕਰ ਕੇ ਕੰਮਕਾਜ ਦੇ ਸਬੰਧ ਵਿਚ ਪੁੱਛਿਆ। ਮੈਨੂੰ ਉਸਦੀ ਆਵਾਜ਼ ਕੁਝ ਜਾਣੀ ਪਹਿਚਾਣੀ ਲੱਗੀ। ਜਦ ਮੈਂ ਪੁੱਛਿਆ ਕਿ ਤੂੰ ਕੌਣ ਹੈ ਤਾਂ ਉਸਨੇ ਫੋਨ ਕੱਟ ਦਿੱਤਾ। ਇਸ ਦੇ ਬਾਅਦ 4 ਅਕਤੂਬਰ ਨੂੰ ਉਸਨੇ ਮੇਰਾ ਨਾਮ ਲੈ ਕੇ ਵਟਸਅਪ ਐਪ ਕਾਲ ਕੀਤੀ ਅਤੇ 10 ਲੱਖ ਰੁਪਏ ਦੀ ਫਿਰੌਤੀ ਦੇਣ ਨੂੰ ਕਿਹਾ ਅਤੇ ਉਸਨੇ ਆਪਣਾ ਬੈਂਕ ਖਾਤਾ ਵੀ ਮੈਨੂੰ ਭੇਜਿਆ।
ਇਸ ਤੋਂ ਬਾਅਦ ਮੈਨੂੰ ਅਣਪਛਾਤੇ ਵਿਅਕਤੀ ਨੇ ਫੋਨ ਕਰ ਕੇ ਮੇਰੀ ਅਤੇ ਮੇਰੇ ਬੇਟੇ ਦੀ ਫੋਟੋ ਭੇਜ ਦਿੱਤੀ ਅਤੇ ਬੇਟੇ ਦੀ ਫੋਟੋ ’ਤੇ ਸਰਕਲ ਲਗਾ ਦਿੱਤਾ ਅਤੇ ਕਿਹਾ ਕਿ ਉਹ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਉਸ ਨੂੰ ਇਹ ਵੀ ਪਤਾ ਹੈ ਕਿ ਉਸਦਾ ਬੇਟਾ ਕਿਹੜੇ ਸਕੂਲ ਵਿਚ ਪੜ੍ਹਦਾ ਹੈ, ਜਿਸ ’ਤੇ ਮੈਂ ਬੁਰੀ ਤਰ੍ਹਾਂ ਨਾਲ ਡਰ ਗਿਆ। ਅਣਪਛਾਤੇ ਵਿਅਕਤੀ ਵਾਰ-ਵਾਰ ਮੈਨੂੰ 10 ਲੱਖ ਦੀ ਫਿਰੌਤੀ ਉਸਦੇ ਖਾਤੇ ਵਿਚ ਜਮਾਂ ਕਰਵਾਉਣ ਲਈ ਦਬਾਅ ਬਣਾਉਣ ਲੱਗਾ ਅਤੇ ਕਿਹਾ ਕਿ ਜੇਕਰ ਉਸਨੇ ਪੈਸੇ ਨਾ ਦਿੱਤੇ ਤਾਂ ਉਹ ਉਸਦੇ ਬੱਚੇ ਨੂੰ ਅਗਵਾ ਕਰ ਲਵੇਗਾ ਅਤੇ ਉਸਦੇ ਪਰਿਵਾਰ ਨੂੰ ਵੀ ਖਤਮ ਕਰ ਦਿੱਤਾ ਜਾਵੇਗਾ। ਉਸਨੇ ਮੈਨੂੰ ਵਟਸਅਪ ਐਪ ’ਤੇ ਪੰਜਾਬ ਵਿਚ ਵੱਖ-ਵੱਖ ਜਗ੍ਹਾ ’ਤੇ ਹੋਈਆਂ ਘਟਨਾਵਾਂ ਦੇ ਸਬੰਧ ਵਿਚ ਮੈਨੂੰ ਵੀਡੀਓ ਭੇਜੀ ਅਤੇ 24 ਘੰਟਿਆਂ ਦੇ ਅੰਦਰ-ਅੰਦਰ ਪੈਸੇ ਦੇਣ ਦੀ ਧਮਕੀ ਦਿੱਤੀ, ਜਿਸ ’ਤੇ ਮੈਂ ਪੁਲਸ ਨੂੰ ਸੂਚਿਤ ਕੀਤਾ। ਜਾਣਕਾਰੀ ਅਨੁਸਾਰ ਸ਼ਿਕਾਇਤ ਕਰਤਾ ਨੇ ਪੁਲਸ ਨੂੰ ਉਕਤ ਵਿਅਕਤੀ ਦੇ ਬਾਰੇ ਵਿਚ ਵੀ ਜਾਣਕਾਰੀ ਦਿੱਤੀ, ਜਿਸ ’ਤੇ ਮੈਂ ਉਸ ਨੂੰ ਸ਼ੱਕ ਹੈ। ਪੁਲਸ ਮਾਮਲੇ ਦੀ ਜਾਂਚ ਕਰ ਕ ਉਕਤ ਮੋਬਾਇਲ ਫੋਨਾਂ ਦੀ ਜਾਣਕਾਰੀ ਹਾਸਲ ਕਰਨ ਦਾ ਯਤਨ ਕਰ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ 10 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲਾ ਵਿਅਕਤੀ ਕੌਣ ਹੈ।
ਇਸ ਸਬੰਧੀ ਜਦ ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਕਈ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਗਾਹ ਕਰਦਿਆਂ ਕਿਹਾ ਕਿ ਜੇਕਰ ਕਿਸੇ ਗਲਤ ਅਨਸਰ ਦੀ ਉਨ੍ਹਾਂ ਨੂੰ ਜਾਣਕਾਰੀ ਮਿਲਦੀ ਹੈ ਜਾਂ ਫਿਰੌਤੀ ਲਈ ਫੋਨ ਆਉਂਦਾ ਹੈ ਤਾਂ ਤੁਰੰਤ ਪੁਲਸ ਨੂੰ ਸੂਚਿਤ ਕਰੇ ਅਤੇ ਸਹਿਯੋਗ ਦੇਣ ਤਾਂ ਕਿ ਉਨ੍ਹਾਂ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੋਗਾ ਦਾ ਸਾਈਬਰ ਸੈਲ ਉਨ੍ਹਾਂ ਮੋਬਾਇਲ ਨੰਬਰਾਂ ਦੀ ਪਛਾਣ ਕਰਨ ਦਾ ਯਤਨ ਕਰ ਰਿਹਾ ਹੈ, ਜਿਸ ਫੋਨ ਤੋਂ ਫਿਰੌਤੀ ਲਈ ਕਾਲ ਆਈ ਹੈ। ਜਲਦੀ ਹੀ ਕੋਈ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ।