ਗਰੀਬ ਪਰਿਵਾਰ ''ਤੇ ਟੁੱਟਿਆ ਦੁੱਖਾਂ ਦਾ ਪਹਾੜ, ਇਕਲੌਤੇ ਪੁੱਤ ਦੀ ਹੋਈ ਮੌਤ
Sunday, Jun 18, 2017 - 07:16 PM (IST)
ਬਾਲਿਆਂਵਾਲੀ (ਸ਼ੇਖਰ) : ਨੇੜਲੇ ਪਿੰਡ ਕੋਟੜਾ ਕੌੜਾ ਵਿਖੇ ਇਕ 11 ਸਾਲਾ ਬੱਚੇ ਦੀ ਰਜਬਾਹੇ 'ਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਗੁਰਪਾਲ ਸਿੰਘ ਪਾਲਾ ਨੇ ਦੱਸਿਆ ਕਿ ਮ੍ਰਿਤਕ ਬੀਰਾ ਸਿੰਘ (11) ਪੁੱਤਰ ਜਗਸੀਰ ਸਿੰਘ 2 ਭੈਣਾਂ ਦਾ ਇਕਲੌਤਾ ਭਰਾ ਸੀ ਤੇ ਅਕਾਲ ਪਬਲਿਕ ਸਕੂਲ ਕੋਟੜਾ ਕੌੜਾ 'ਚ 5ਵੀਂ ਜਮਾਤ ਦਾ ਵਿਦਿਆਰਥੀ ਸੀ। ਸਕੂਲ 'ਚ ਛੁੱਟੀਆਂ ਹੋਣ ਕਾਰਨ ਉਹ ਸਵੇਰੇ ਗੁਆਂਢ ਦੇ ਬੱਚਿਆਂ ਨਾਲ ਖੇਡਣ ਚਲਾ ਜਾਂਦਾ ਸੀ ਤੇ ਕਈ ਵਾਰ ਪਿੰਡ ਕੋਲੋਂ ਲੰਘਦੇ ਰਜਬਾਹੇ 'ਚ ਨਹਾਉਣ ਵੀ ਚਲਾ ਜਾਂਦਾ ਸੀ। ਬੀਤੇ ਕੱਲ ਉਹ ਘਰੋਂ ਖੇਡਣ ਚਲਾ ਗਿਆ ਪਰ ਸ਼ਾਮ ਹੋਣ ਤੱਕ ਘਰ ਵਾਪਿਸ ਨਾ ਆਇਆ।
ਉਪਰੰਤ ਬੱਚੇ ਦੇ ਪਰਿਵਾਰਕ ਮੈਂਬਰਾਂ ਵਲੋਂ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਬੱਚੇ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਰਜਬਾਹੇ ਕੋਲ ਬੱਚੇ ਦਾ ਸਾਈਕਲ, ਕੱਪੜੇ ਤੇ ਚੱਪਲਾਂ ਮਿਲੀਆਂ। ਰਜਬਾਹੇ ਅੰਦਰ ਲੱਭਣ ਉਪਰੰਤ ਦੇਰ ਰਾਤ ਬੱਚੇ ਦੀ ਲਾਸ਼ ਬਰਾਮਦ ਹੋਈ। ਜਿਸ ਕਾਰਨ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਪਿੰਡ ਵਾਸੀਆਂ ਨੇ ਕਿਹਾ ਕਿ ਉਕਤ ਬੱਚਾ ਬਹੁਤ ਹੀ ਗਰੀਬ ਪਰਿਵਾਰ ਦਾ ਇਕਲੌਤਾ ਬੇਟਾ ਸੀ ਅਤੇ ਉਨ੍ਹਾਂ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਇਸ ਮਾਮਲੇ ਸੰਬੰਧੀ ਥਾਣਾ ਬਾਲਿਆਂਵਾਲੀ ਦੇ ਮੁੱਖ ਅਫਸਰ ਸ਼ਿਵ ਚੰਦ ਨੇ ਕਿਹਾ ਕਿ ਬੱਚੇ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ ਅਤੇ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।
