ਪੰਚਾਇਤ ਸਾਹਮਣੇ ਫੌਜੀ ਦੀ ਬੇਰਹਿਮੀ ਨਾਲ ਕੁੱਟਮਾਰ, ਗਰਭਵਤੀ ਪਤਨੀ ਵੀ ਹੋਈ ਜ਼ਖ਼ਮੀ
Tuesday, Dec 13, 2022 - 08:17 PM (IST)
ਤਪਾ ਮੰਡੀ (ਧਰਮਿੰਦਰ ਸਿੰਘ ਧਾਲੀਵਾਲ) : ਪਿੰਡ ਧੌਲਾ ਵਿਖੇ ਛੁੱਟੀ ਆਏ ਫੌਜੀ ਤੇ ਉਸ ਦੀ ਗਰਭਵਤੀ ਪਤਨੀ ਨੂੰ ਪੰਚਾਇਤ ਸਾਹਮਣੇ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਤਪਾ ਮੰਡੀ ਦੇ ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਦਾਖਲ ਫੌਜੀ ਸ਼ਿੰਗਾਰਾ ਸਿੰਘ ਪੁੱਤਰ ਸਵ. ਗੋਬਿੰਦ ਸਿੰਘ ਤੇ ਉਸ ਦੀ ਪਤਨੀ ਕਰਮਜੀਤ ਕੌਰ ਵਾਸੀ ਖੁੱਡੀ ਪੱਤੀ ਪਿੰਡ ਧੌਲਾ ਨੇ ਦੱਸਿਆ ਕਿ ਫੌਜੀ ਸ਼ਿੰਗਾਰਾ ਸਿੰਘ ਅਸਾਮ ਰੈਜ਼ੀਮੈਂਟ 'ਚ ਫੌਜ ਦੀ ਨੌਕਰੀ ਕਰਦਾ ਹੈ। ਫੌਜੀ ਦੀ ਪਤਨੀ ਆਪਣੇ 2 ਬੱਚਿਆਂ ਸਮੇਤ ਪਿੰਡ ਧੌਲਾ ਵਿਖੇ ਆਪਣੇ ਘਰ 'ਚ ਅਲੱਗ ਰਹਿੰਦੀ ਹੈ। ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ ਫੌਜੀ ਦੇ ਭਰਾ, ਭਰਜਾਈ ਅਤੇ ਚਾਚਾ ਪਿਛਲੇ ਕਈ ਸਾਲਾਂ ਤੋਂ ਜਾਣ-ਬੁੱਝ ਕੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਦੇ ਆ ਰਹੇ ਹਨ। ਕਰਮਜੀਤ ਕੌਰ ਨੇ ਪਹਿਲਾਂ ਵੀ ਪੁਲਸ ਥਾਣਾ ਰੂੜੇਕੇ ਕਲਾਂ ਵਿਖੇ 26 ਅਗਸਤ 2022 ਨੂੰ ਦਰਖ਼ਾਸਤ ਦਿੱਤੀ ਸੀ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਮੀਤ ਹੇਅਰ ਦੀ ਦੋ-ਟੁਕ: 21 ਫਰਵਰੀ ਤੱਕ ਸਾਰੇ ਸਾਈਨ ਬੋਰਡ ਪੰਜਾਬੀ 'ਚ ਕੀਤੇ ਜਾਣ
ਪਰਿਵਾਰਕ ਮਸਲਾ ਹੋਣ ਕਰਕੇ ਪਿੰਡ ਦੀ ਪੰਚਾਇਤ ਨੇ 9-10-22 ਨੂੰ ਸਮਝੌਤਾ ਕਰਵਾ ਦਿੱਤਾ ਸੀ ਪਰ ਫਿਰ ਵੀ ਉਪਰੋਕਤ ਵਿਅਕਤੀ ਪਹਿਲਾਂ ਵਾਂਗ ਤੰਗ-ਪ੍ਰੇਸ਼ਾਨ ਕਰਦੇ ਰਹੇ, ਜਿਸ ਤੋਂ ਬਾਅਦ ਫੌਜੀ ਨੇ ਡਿਊਟੀ ਦੌਰਾਨ 11 ਨਵੰਬਰ 22 ਨੂੰ ਐੱਸ.ਐੱਸ.ਪੀ. ਬਰਨਾਲਾ ਨੂੰ ਲਿਖਤੀ ਦਰਖਾਸਤ ਭੇਜੀ, ਜਿਸ 'ਤੇ ਕੋਈ ਵੀ ਅਮਲ ਨਹੀਂ ਹੋਇਆ ਪਰ ਹੁਣ ਫੌਜੀ ਸ਼ਿੰਗਾਰਾ ਸਿੰਘ ਪਿੰਡ ਛੁੱਟੀ ਕੱਟਣ ਆਇਆ ਹੋਇਆ ਸੀ ਤਾਂ ਇਨ੍ਹਾਂ ਵਿਅਕਤੀਆਂ ਨੇ ਸਬਮਰਸੀਬਲ ਮੋਟਰ ਨੂੰ ਲੈ ਕੇ ਝਗੜਾ ਸ਼ੁਰੂ ਕਰ ਦਿੱਤਾ। ਇਸ ਮਾਮਲੇ ਬਾਰੇ ਸਰਪੰਚ ਨੂੰ ਵੀ ਜਾਣੂ ਕਰਵਾਇਆ ਗਿਆ। ਜਦ ਸਰਪੰਚ ਦਰਸ਼ਨ ਸਿੰਘ ਦੇ ਘਰ ਪੰਚਾਇਤ ਵੱਲੋਂ ਦੋਵੇਂ ਧਿਰਾਂ ਨੂੰ ਬੁਲਾਇਆ ਗਿਆ ਤਾਂ ਉਪਰੋਕਤ ਵਿਅਕਤੀਆਂ ਇਕੱਠੇ ਹੋ ਕੇ ਨੇ ਫੌਜੀ ਸ਼ਿੰਗਾਰਾ ਸਿੰਘ ਤੇ ਉਸ ਦੀ ਗਰਭਵਤੀ ਪਤਨੀ 'ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਦੇ ਪੇਟ ਵਿੱਚ ਲੱਤਾਂ ਮਾਰ ਕੇ ਉਸ ਨੂੰ ਜ਼ਖ਼ਮੀ ਕੀਤਾ ਗਿਆ ਅਤੇ ਉਸ ਦੇ ਸਿਰ 'ਤੇ ਵੀ ਮਾਰੂ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ ਗਿਆ।
ਇਹ ਵੀ ਪੜ੍ਹੋ : ਗੰਨ ਕਲਚਰ 'ਤੇ ਰੋਕ! ਵਿਆਹ 'ਚ ਭੰਗੜਾ ਪਾ ਰਹੇ ਨੌਜਵਾਨ 'ਤੇ ਮਾਮੂਲੀ ਗੱਲ ਨੂੰ ਲੈ ਕੇ ਚਲਾਈ ਗੋਲ਼ੀ, ਹਾਲਤ ਗੰਭੀਰ
ਪੀੜਤ ਫੌਜੀ ਨੇ ਕਿਹਾ ਕਿ ਸਰਹੱਦ 'ਤੇ ਜਾ ਕੇ ਉਹ ਦੇਸ਼ ਲਈ ਡਿਊਟੀ ਕਰਦਾ ਹੈ ਪਰ ਉਸ ਦੀ ਪਤਨੀ ਤੇ ਬੱਚੇ ਸੁਰੱਖਿਅਤ ਨਹੀ। ਪੀੜਤ ਪਤੀ-ਪਤਨੀ ਨੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਣਦਾ ਇਨਸਾਫ਼ ਦਿੱਤਾ ਜਾਵੇ। ਇਸ ਸਬੰਧੀ ਦੂਜੀ ਧਿਰ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਪਿੰਡ ਦੇ ਸਰਪੰਚ ਦਰਸ਼ਨ ਸਿੰਘ ਅਤੇ ਪੰਚਾਇਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਚਾਇਤ ਵੱਲੋਂ ਦੋਵਾਂ ਧਿਰਾਂ ਦਾ ਆਪਸ ਵਿੱਚ ਸਮਝੌਤਾ ਕਰਵਾਇਆ ਜਾ ਰਿਹਾ ਸੀ। ਤੂੰ-ਤੂੰ, ਮੈਂ-ਮੈਂ ਤੋਂ ਬਾਅਦ ਫੌਜੀ ਅਤੇ ਉਸ ਦੀ ਘਰਵਾਲੀ ਜ਼ਖ਼ਮੀ ਹੋ ਗਏ। ਪੰਚਾਇਤ ਦੀ ਹਾਜ਼ਰੀ ਵਿੱਚ ਪਤੀ-ਪਤਨੀ ਦੀ ਕੁੱਟਮਾਰ ਕਰਨਾ ਅਤਿ-ਨਿੰਦਣਯੋਗ ਹੈ। ਇਸ ਮਾਮਲੇ ਸਬੰਧੀ ਪੁਲਸ ਥਾਣਾ ਰੂੜੇਕੇ ਕਲਾਂ ਦੇ ਐੱਸ.ਐੱਚ.ਓ. ਜਗਜੀਤ ਸਿੰਘ ਘੁਮਾਣ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਅਤੇ ਮੈਡੀਕਲ ਰਿਪੋਰਟ ਤੋਂ ਬਾਅਦ ਹੀ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।