21 ਜੂਨ ਦਾ ਕੰਗਣਾਕਾਰ ਸੂਰਜ ਗ੍ਰਹਿਣ : ਭਾਗ 1

Friday, May 15, 2020 - 01:59 PM (IST)

21 ਜੂਨ ਦਾ ਕੰਗਣਾਕਾਰ ਸੂਰਜ ਗ੍ਰਹਿਣ : ਭਾਗ 1

ਡਾ. ਸੁਰਿੰਦਰ ਕੁਮਾਰ ਜਿੰਦਲ, ਮੋਹਾਲੀ
9876135823

ਭਾਗ 1

ਸੂਰਜ ਗ੍ਰਹਿਣ ਦੇ ਬਾਰੇ ਹਰ ਕਿਸੇ ਨੇ ਕੁਝ ਨਾ ਕੁਝ ਜ਼ਰੂਰ ਸੁਣ ਰੱਖਿਆ ਹੋਵੇਗਾ। ਇਹ ਮੁੱਦਾ ਵਿਗਿਆਨਕ ਹੋਣ ਦੇ ਨਾਲ-ਨਾਲ ਧਾਰਮਿਕ ਅਤੇ ਪੁਰਾਣਿਕ ਵੀ ਹੈ, ਜਿਸ ਕਾਰਨ ਇਸ ਬਾਰੇ ਸੁਣਨ-ਪੜ੍ਹਣ ਨੂੰ ਆਮ ਹੀ ਮਿਲ ਜਾਂਦਾ ਹੈ। ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ। ਸੋ, ਜ਼ਰੂਰੀ ਹੈ ਕਿ ਇਸ ਬਾਬਤ ਵਿਗਿਆਨਕ ਨਜ਼ਰੀਏ ਤੋਂ ਕੁਝ ਗੱਲ ਕੀਤੀ ਜਾਵੇ। ਉੱਝ ਵੀ ਮੌਜੂਦਾ ਕੋਰੋਨਾ ਮਹਾਮਾਰੀ ਨੇ ਸਾਨੂੰ ਦਿਖਾ ਹੀ ਦਿੱਤਾ ਹੈ ਕਿ ਮੂਰਤੀਆਂ, ਇਮਾਰਤਾਂ ਅਤੇ ਧਾਰਮਿਕ ਸਥਾਨ ਆਪਣੀ ਥਾਂ ਵਿਗਿਆਨ ਹੀ ਮਨੁੱਖ ਦਾ ਅਸਲੀ ਸਾਥੀ ਹੈ। ਜੇਕਰ ਜ਼ਿਆਦਾ ਲੋਕ ਵਿਗਿਆਨਕ ਨਜ਼ਰੀਏ ਦੇ ਮਾਲਕ ਹੋਣਗੇ ਤਾਂ ਹੀ ਅਜਿਹੀਆਂ ਮਹਾਮਾਰੀਆਂ ਨਾਲ ਜੰਗ ਵਧੇਰੇ ਸੌਖਿਆਂ ਲੜੀ ਜਾ ਸਕੇਗੀ।

ਇਸ ਬ੍ਰਹਿਮੰਡ ਵਿਚ ਸੂਰਜ ਹੀ ਸਾਡੇ ਲਈ ਰੋਸ਼ਨੀ ਦਾ ਇੱਕਮਾਤਰ ਕੁਦਰਤੀ ਸੋਮਾ ਹੈ। ਧਰਤੀ, ਚੰਨ ਅਤੇ ਬਾਕੀ ਦੇ ਗ੍ਰਹਿ ਸੂਰਜ ਦੀ ਰੋਸ਼ਨੀ ਕਾਰਨ ਹੀ ਚਮਕਦੇ ਹਨ। ਜਦੋਂ ਕਿਸੇ ਅਕਾਸ਼ੀ ਪਿੰਡ ਉੱਪਰ ਕਿਸੇ ਵੀ ਦੂਜੇ ਅਕਾਸ਼ੀ ਪਿੰਡ ਦਾ ਪਰਛਾਵਾਂ ਪੈਂਦਾ ਹੈ ਤਾਂ ਉਸ ਨੂੰ ਗ੍ਰਹਿਣ ਲੱਗਦਾ ਹੈ। ਅਸਲ 'ਚ ਧਰਤੀ ਲਗਾਤਾਰ ਸੂਰਜ ਦੇ ਦੁਆਲੇ ਘੁੰਮਦੀ ਰਹਿੰਦੀ ਹੈ (ਇਹ ਗੱਲ ਦੱਸਣ ਵਾਲੇ ਸ਼ੁਰੂਆਤੀ ਖਗੋਲ ਸ਼ਾਸਤਰੀਆਂ ਨੂੰ ਦੁਨੀਆ ਹੱਥੋਂ ਕਿਸ ਤਰ੍ਹਾਂ ਤਸੀਹੇ ਅਤੇ ਮੌਤ ਦੀਆਂ ਸਜ਼ਾਵਾਂ ਮਿਲੀਆਂ, ਇਸ ਬਾਰੇ ਚਰਚਾ ਕਦੇ ਫੇਰ ਕਰਾਂਗੇ) ਜਦ ਕਿ ਚੰਨ ਧਰਤੀ ਦੇ ਦੁਆਲੇ। ਇਸ ਤਰ੍ਹਾਂ ਘੁੰਮਦੇ ਹੋਏ ਜਦੋਂ ਤਿੰਨੋ ਇੱਕੋ ਸੇਧ ਵਿਚ ਇਸ ਤਰ੍ਹਾਂ ਆ ਜਾਣ ਕਿ ਧਰਤੀ ਅਤੇ ਸੂਰਜ ਦੇ ਵਿਚਕਾਰ ਚੰਨ ਆ ਜਾਵੇ ਤਾਂ ਚੰਨ ਦਾ ਪਰਛਾਵਾਂ ਧਰਤੀ 'ਤੇ ਪੈਂਦਾ ਹੈ ਜਾਂ ਇੰਝ ਕਹਿ ਲਵੋ ਕਿ ਧਰਤੀ ਤੋਂ ਦੇਖਿਆਂ, ਕੁਝ ਥਾਵਾਂ ਤੋਂ ਸੂਰਜ ਦਿਖਾਈ ਨਹੀਂ ਦਿੰਦਾ। ਅਜਿਹੀ ਹਾਲਤ ਨੂੰ ਸੂਰਜ ਗ੍ਰਹਿਣ ਕਹਿੰਦੇ ਹਨ।

ਅਸਲ ਵਿਚ ਸੂਰਜ ਦਾ ਅਕਾਰ ਚੰਨ ਨਾਲੋਂ ਬਹੁਤ ਵੱਡਾ ਹੈ, ਜਿਸ ਕਾਰਨ ਚੰਨ ਸੂਰਜ ਨੂੰ ਪੂਰਾ ਨਹੀਂ ਢਕ ਸਕਦਾ ਪਰ ਸੂਰਜ ਦਾ ਅਕਾਰ ਚੰਨ ਨਾਲੋਂ ਜਿੰਨਾ ਵੱਧ ਹੈ। ਸੂਰਜ ਦੀ ਧਰਤੀ ਤੋਂ ਦੂਰੀ ਵੀ, ਚੰਨ ਦੀ ਧਰਤੀ ਤੋਂ ਦੂਰੀ ਦੇ ਮੁਕਾਬਲੇ ਓਨੀ ਹੀ ਵੱਧ ਹੈ (ਵਿਗਿਆਨਿਕ ਭਾਸ਼ਾ ਵਿਚ ਇਸ ਨੂੰ 'ਕੋਣਿਕ ਅਕਾਰ' ਦੀ ਧਾਰਨਾ ਰਾਹੀਂ ਸਮਝਿਆ ਜਾ ਸਕਦਾ ਹੈ)। ਇਸ ਕਾਰਨ ਜੇਕਰ ਸਹੀ ਸੰਯੋਗ ਬਣੇ ਤਾਂ ਧਰਤੀ ਤੋਂ ਦੇਖਿਆਂ ਚੰਨ, ਸੂਰਜ ਨੂੰ ਪੂਰਾ ਢਕਦਾ ਵੀ ਦਿੱਖ ਸਕਦਾ ਹੈ। ਧਰਤੀ ਦੇ ਜਿਸ ਭਾਗ ਤੋਂ ਦੇਖਿਆਂ ਸੂਰਜ, ਚੰਨ ਦੁਆਰਾ ਪੂਰਾ ਢਕਿਆ ਹੋਇਆ ਦਿਸੇ ਓਥੇ ਪੂਰਨ ਸੂਰਜ ਗ੍ਰਹਿਣ 'ਲੱਗਦਾ' ਹੈ।

PunjabKesari

ਕਿਉਂਕਿ ਧਰਤੀ ਅਤੇ ਚੰਨ ਲਗਾਤਾਰ ਘੁੰਮਦੇ ਰਹਿੰਦੇ ਹਨ, ਸੋ ਇਹ ਗ੍ਰਹਿਣ ਬਹੁਤੀ ਦੇਰ ਨਹੀਂ ਰਹਿੰਦਾ। ਇਸ ਦੀ ਅਵਧੀ ਅਤੇ ਸਮਾਂ ਭਿੰਨ-ਭਿੰਨ ਸਥਾਨਾਂ ਲਈ ਭਿੰਨ-ਭਿੰਨ ਹੁੰਦਾ ਹੈ, ਜਿਸ ਬਾਰੇ ਅੱਜ ਦਾ ਵਿਗਿਆਨ ਕਾਫੀ ਅਰਸਾ ਪਹਿਲਾਂ ਕਾਫੀ ਸਟੀਕ ਜਾਣਕਾਰੀ ਦੇ ਦਿੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਨ੍ਹਾਂ ਪੁਲਾੜੀ ਪਿੰਡਾਂ ਦੀਆਂ ਗਤੀਆਂ ਬਾਰੇ ਵਿਗਿਆਨ ਦੀ ਸਮਝ ਬਹੁਤ ਜ਼ਿਆਦਾ ਹੋ ਗਈ ਹੈ। ਇਸੇ ਸਮਝ ਦੇ ਅਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਇਸ ਗ੍ਰਹਿਣ ਦਾ ਪੁੰਨ-ਪਾਪ, ਬਲਦ ਦੇ ਸਿੰਗਾਂ, ਖਾਣੇ ਦੇ ਭਿੱਟੇ ਜਾਣ ਜਾਂ ਦਾਨ-ਪੁੰਨ ਕਰਨ ਦੀ ਲੋੜ ਨਾਲ ਕੋਈ ਸਬੰਧ ਨਹੀਂ ਹੈ। ਉੱਝ ਪਰੰਪਰਾਵਾਂ ਇਕੋ ਦਮ ਖਤਮ ਨਹੀਂ ਹੁੰਦੀਆਂ। ਗ੍ਰਹਿਣ ਦੌਰਾਨ ਅਜਿਹੀਆਂ ਕੋਈ ਵਿਸ਼ੇਸ਼ ਕਿਰਨਾਂ ਆਦਿ ਵੀ ਨਹੀਂ ਨਿੱਕਲਣੀਆਂ, ਜਿਨ੍ਹਾਂ ਕਾਰਨ ਗਰਭਵਤੀ ਔਰਤਾਂ, ਬੱਚਿਆਂ ਜਾਂ ਕਿਸੇ ਹੋਰ ਵਰਗ ਦੇ ਵਿਅਕਤੀਆਂ ਨੂੰ ਕਿਸੇ ਵਿਸ਼ੇਸ਼ ਸਾਵਧਾਨੀ ਦੀ ਲੋੜ ਹੋਵੇ।

ਉਂਝ ਧਾਰਮਿਕ ਕਥਾਵਾਂ 'ਚ ਜੋ ਕੁਝ ਲੰਬੇ ਅਰਸੇ ਅਤੇ ਬਚਪਨ ਤੋਂ ਸੁਣਦੇ ਆ ਰਹੇ ਹੋਈਏ ਉਸ 'ਚੋਂ ਬਾਹਰ ਨਿੱਕਲਣ ਨੂੰ ਸਮਾਂ ਤਾਂ ਲੱਗਦਾ ਹੀ ਹੈ। ਇਹ ਘਟਨਾ ਭਾਵੇਂ ਕੇਵਲ ਅਤੇ ਕੇਵਲ ਇਕ ਖਗੋਲੀ ਵਰਤਾਰਾ ਹੋਵੇਗਾ ਪਰ ਜੇਕਰ ਇਸ ਦੇ ਨਾਂ 'ਤੇ ਕੋਈ ਦਾਨ-ਪੁੰਨ ਕਰਨਾ ਹੀ ਹੋਵੇ ਤਾਂ ਮੌਜੂਦਾ ਸਮੇਂ ਨਾਲੋਂ ਵਧੀਆ ਸਮਾਂ ਕੀ ਹੋ ਸਕਦਾ ਹੈ। ਅਨੇਕਾਂ ਲੋੜਵੰਦ ਲੋਕ ਆਪਣੇ ਸਿਰਾਂ 'ਤੇ ਆਪਣਾ ਘਰ-ਬਾਰ ਅਤੇ ਮੋਢਿਆਂ 'ਤੇ ਪਰਿਵਾਰ ਚੱਕੀ ਭੁੱਖਣ-ਭਾਣੇ ਸੈਂਕੜੇ ਕਿਲੋਮੀਟਰਾਂ ਦੇ ਪੰਧ 'ਤੇ ਨਿਕਲੇ ਹੋਏ ਨੇ।

PunjabKesari

ਆਉਂਦੀ 21 ਜੂਨ ਨੂੰ ਲੱਗ ਰਹੇ ਵੱਡੇ ਸੂਰਜ ਗ੍ਰਹਿਣ ਦੇ ਮੱਦੇ ਨਜ਼ਰ ਅਸੀਂ ਆਪਣੇ ਪਾਠਕਾਂ ਲਈ ਛੋਟੇ-ਛੋਟੇ ਲੇਖਾਂ ਦੀ ਇਕ ਲੜੀ ਪ੍ਰਕਾਸ਼ਿਤ ਕਰਨ ਜਾ ਰਹੇ ਹਾਂ, ਜਿਸ ਰਾਹੀਂ ਇਸ ਅਦਭੁਤ ਖਗੋਲੀ ਘਟਨਾ ਦੇ ਵਿਭਿੰਨ ਪਹਿਲੂਆਂ 'ਤੇ ਚਾਣਨਾ ਪਾਇਆ ਜਾਵੇਗਾ। ਇਸ ਕੜੀ ਦੀ ਅਗਲੀ ਕਿਸ਼ਤ ਤੁਸੀਂ ਅਗਲੇ ਹਫਤੇ ਪੜ੍ਹ ਸਕਦੇ ਹੋ....


author

rajwinder kaur

Content Editor

Related News