ਟ੍ਰੈਕਟਰ ’ਤੇ ਲਾਏ ਸੋਫੇ, ਟਵਿਟਰ ’ਤੇ ਟਰੈਂਡ ‘ਡਰਾਮੇਬਾਜ਼ ਪੱਪੂ’

10/05/2020 12:53:06 AM

ਚੰਡੀਗਡ਼੍ਹ- ਐਤਵਾਰ ਨੂੰ ਪੰਜਾਬ ਵਿਚ ਹੋਈ ਰਾਹੁਲ ਗਾਂਧੀ ਦੀ ਟ੍ਰੈਕਟਰ ਰੈਲੀ ਦੌਰਾਨ ਜਿਸ ਟ੍ਰੈਕਟਰ ਦੀ ਵਰਤੋਂ ਕੀਤੀ ਗਈ, ਉਸ ’ਤੇ ਸੋਫੇ ਲਾਏ ਜਾਣ ਦੀਆਂ ਫੋਟੋਆਂ ਸਾਹਮਣੇ ਆਉਣ ਤੋਂ ਬਾਅਦ ਰਾਹੁਲ ਗਾਂਧੀ ਟਵਿਟਰ ’ਤੇ ਟ੍ਰੋਲ ਹੋਣੇ ਸ਼ੁਰੂ ਹੋ ਗਏ। ਇਸ ਟ੍ਰੈਕਟਰ ਨੂੰ ਸੁਨੀਲ ਜਾਖੜ ਚਲਾ ਰਹੇ ਸਨ, ਜਦੋਂਕਿ ਟ੍ਰੈਕਟਰ ਦੀ ਸੱਜੀ ਸੀਟ ’ਤੇ ਲੱਗੇ ਸੋਫੇ ’ਤੇ ਰਾਹੁਲ ਅਤੇ ਖੱਬੀ ਸੀਟ ’ਤੇ ਲੱਗੇ ਸੋਫੇ ’ਤੇ ਕੈਪਟਨ ਅਮਰਿੰਦਰ ਸਿੰਘ ਬੈਠੇ ਹੋਏ ਸਨ।
ਟਵਿਟਰ ਯੂਜ਼ਰਜ਼ ਨੇ ਟ੍ਰੈਕਟਰ ਦੀ ਫੋਟੋ ਪਾਉਂਦਿਆਂ ਲਿਖਿਆ ਕਿ ਜਿਹੜੇ ਲੋਕ ਟ੍ਰੈਕਟਰ ਦੇ ਮਡਗਾਰਡ ਉੱਪਰ ਬਿਨਾਂ ਗੱਦਿਆਂ ਦੇ ਨਹੀਂ ਬੈਠ ਸਕਦੇ, ਉਹ ਕਿਸਾਨਾਂ ਦੀਆਂ ਸਮੱਸਿਆਵਾਂ ਕੀ ਹੱਲ ਕਰਨਗੇ? ਇਕ ਯੂਜ਼ਰ ਜਸਪ੍ਰੀਤ ਸਿੰਘ ਮਾਨ ਨੇ ਟ੍ਰੈਕਟਰ ਦੀ ਫੋਟੋ ਪਾਉਂਦਿਆਂ ਲਿਖਿਆ ਕਿ ਇਹ ਟ੍ਰੈਕਟਰ ਹਿੰਦੋਸਤਾਨ ਨਾਂ ਦੀ ਕੰਪਨੀ ਦਾ ਹੈ ਅਤੇ ਇਹ ਕੰਪਨੀ ਸੋਫੇ ਵਾਲਾ ਟ੍ਰੈਕਟਰ ਨਹੀਂ ਬਣਾਉਂਦੀ। ਇਹ ਡਰਾਮਾ ਨਹੀਂ ਤਾਂ ਹੋਰ ਕੀ ਹੈ। ਇਕ ਹੋਰ ਯੂਜ਼ਰ ਹਰਕੀਰਤ ਸਿੰਘ ਸੰਧੂ ਨੇ ਟ੍ਰੈਕਟਰ ਦੀ ਫੋਟੋ ਪਾਉਂਦਿਆਂ ਲਿਖਿਆ ਕਿ ਜਿਹੜਾ ਟ੍ਰੈਕਟਰ ਕਾਂਗਰਸ ਨੇ ਦਿੱਲੀ ਵਿਚ ਸਾੜਿਆ ਸੀ, ਉਸ ’ਤੇ ਹੀ ਸੋਫਾ ਲਵਾ ਲਿਆ ਲੱਗਦਾ ਹੈ। ਉਂਝ ਪੱਪੂ ਨੇ ਪੋਜ਼ ਤਾਂ ਅਮਿਤਾਭ ਬੱਚਨ ਵਾਲਾ ਮਾਰਿਆ ਹੈ।
ਇਕ ਹੋਰ ਟਵਿਟਰ ਯੂਜ਼ਰ ਹਰਪ੍ਰੀਤ ਸ਼ਾਬਾਜ਼ ਸਿੰਘ ਨੇ ਲਿਖਿਆ ਕਿ ਹੁਣ ਕਾਂਗਰਸ ਸਮਾਰਟਫੋਨ ਤੋਂ ਬਾਅਦ ਸੋਫੇ ਵਾਲੇ ਟ੍ਰੈਕਟਰ ਵੰਡਣ ਦੀ ਤਿਆਰੀ ਵਿਚ ਹੈ।
ਟਵਿਟਰ ’ਤੇ ਟ੍ਰੈਂਡ ਕੀਤੇ ਗਏ ‘ਡਰਾਮੇਬਾਜ਼ ਪੱਪੂ ਇਨ ਪੰਜਾਬ’ ਹੈਸ਼ਟੈਗ ਤਹਿਤ ਟਵਿਟਰ ਯੂਜ਼ਰਜ਼ ਨੇ ਰਾਹੁਲ ਗਾਂਧੀ ਦੇ ਆਲੂ ਤੋਂਂ ਸੋਨਾ ਬਣਾਉਣ ਵਾਲੇ ਬਿਆਨ ’ਤੇ ਵੀ ਖੂਬ ਚੁਟਕੀਆਂ ਲਈਆਂ ਅਤੇ ਦੋਸ਼ ਲਾਇਆ ਕਿ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਹੀ ਐੱਫ. ਸੀ. ਆਈ. ਅਤੇ ਅਡਾਨੀਆਂ ਦਰਮਿਆਨ ਕਰਾਰ ਕੀਤੇ ਗਏ ਸਨ ਅਤੇ ਕਾਂਗਰਸ ਨੇ 2017 ਵਿਚ ਵਿਧਾਨ ਸਭਾ ਚੋਣਾਂ ਵੇਲੇ ਚੋਣਾਂ ਤੋਂ ਪਹਿਲਾਂ ਅਜਿਹੇ ਹੀ ਕਾਨੂੂੰਨ ਪਾਸ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਕਾਂਗਰਸ ਇਨ੍ਹਾਂ ਦਾ ਵਿਰੋਧ ਕਰ ਕੇ ਡਰਾਮੇਬਾਜ਼ੀ ਕਰ ਰਹੀ ਹੈ। ਟਵਿਟਰ ਯੂਜ਼ਰ ਨੇ ਨਾਲ ਹੀ ਇਹ ਵੀ ਲਿਖਿਆ ਕਿ ਰਾਹੁਲ ਗਾਂਧੀ ਨੇ ਪੰਜਾਬ ਦੇ 70 ਫੀਸਦੀ ਨੌਜਵਾਨਾਂ ਨੂੰ ਨਸ਼ੇੜੀ ਕਿਹਾ ਸੀ ਅਤੇ ਹੁਣ ਪੰਜਾਬ ਵਿਚ ਲੋਕਾਂ ਦਾ ਸਮਰਥਨ ਲੈਣ ਲਈ ਸੜਕਾਂ ’ਤੇ ਆ ਗਏ ਹਨ।

ਰੈਲੀ ’ਚ ਸਿੱਧੂ ਤੇ ਸੁੱਖੀ ਰੰਧਾਵਾ ਦਰਮਿਆਨ ਤੂੰ-ਤੂੰ, ਮੈਂ-ਮੈਂ
ਕਾਂਗਰਸ ਦੀ ਰੈਲੀ ਦੌਰਾਨ ਜਦੋਂ ਨਵਜੋਤ ਸਿੰਘ ਸਿੱਧੂ ਮੰਚ ’ਤੇ ਬੋਲ ਰਹੇ ਸਨ ਤਾਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਸਿੱਧੂ ਦੇ ਸੰਬੋਧਨ ਦੌਰਾਨ ਉਨ੍ਹਾਂ ਨੂੰ ਇਕ ਪਰਚਾ ਫੜਾ ਕੇ ਭਾਸ਼ਣ ਜਲਦੀ ਖਤਮ ਕਰਨ ਲਈ ਕਿਹਾ। ਸੁੱਖੀ ਰੰਧਾਵਾ ਵਲੋਂ ਭਾਸ਼ਣ ਦੌਰਾਨ ਟੋਕਣ ’ਤੇ ਸਿੱਧੂ ਵੀ ਬੋਲ ਪਏ। ਉਨ੍ਹਾਂ ਮੰਚ ਤੋਂ ਹੀ ਰੰਧਾਵਾ ਨੂੰ ਕਿਹਾ ਕਿ‘‘ਭਾਅ ਜੀ, ਅੱਜ ਨਾ ਰੋਕੋ, ਮੈਂ ਕਿਹਾ ਕਿ ਘੋੜੇ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ। ਬਾਕੀ ਹੋਰ ਕਿਸੇ ਦੇ ਲੱਤਾਂ ਮਾਰੇ। ਮੈਨੂੰ ਪਹਿਲਾਂ ਹੀ ਬੋਲਣ ਤੋਂ ਬਹੁਤ ਰੋਕ ਲਿਆ।’’
 


Bharat Thapa

Content Editor

Related News