ਔਰਤਾਂ ਖਿਲਾਫ਼ ਜੁਰਮ ਦੀਆਂ ਵਧ ਰਹੀਆਂ ਘਟਨਾਵਾਂ ਪਿੱਛੇ ਸੋਸ਼ਲ ਮੀਡੀਆ ਜ਼ਿੰਮੇਵਾਰ

Monday, Dec 11, 2017 - 08:21 AM (IST)

ਫ਼ਰੀਦਕੋਟ  (ਹਾਲੀ) - ਸਮਾਜ 'ਚ ਜਿਵੇਂ-ਜਿਵੇਂ ਇੰਟਰਨੈੱਟ ਦੇ ਸਹਾਰੇ ਸੋਸ਼ਲ ਮੀਡੀਆ ਆਪਣੇ ਪੈਰ ਪਸਾਰ ਰਿਹਾ ਹੈ, ਉਵੇਂ-ਉਵੇਂ ਔਰਤਾਂ ਨਾਲ ਜੁਰਮ ਦੀਆਂ ਘਟਨਾਵਾਂ ਵਧ ਰਹੀਆਂ ਹਨ। ਫ਼ਰੀਦਕੋਟ ਜ਼ਿਲੇ 'ਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਉਕਤ ਘਟਨਾਵਾਂ 'ਚ ਵਾਧਾ ਹੋਇਆ ਹੈ।
ਔਰਤਾਂ ਨਾਲ ਜੁਰਮ ਦੀਆਂ ਘਟਨਾਵਾਂ 'ਚ ਸਭ ਤੋਂ ਵੱਡਾ ਜੁਰਮ ਜਬਰ-ਜ਼ਨਾਹ ਅਤੇ ਛੇੜਛਾੜ ਹੈ। ਇਸ ਤੋਂ ਇਲਾਵਾ ਘਰੇਲੂ ਹਿੰਸਾ ਵੀ ਇਸ ਵਿਚ ਵੱਡਾ ਹਿੱਸਾ ਪਾ ਰਹੀ ਹੈ। 1 ਜਨਵਰੀ, 2016 ਤੋਂ ਦਸੰਬਰ 2017 ਤੱਕ ਜ਼ਿਲੇ 'ਚ 32 ਜਬਰ-ਜ਼ਨਾਹ, ਜਦਕਿ 42 ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਹੋਈਆਂ। ਇਸੇ ਤਰ੍ਹਾਂ ਲੜਕੀਆਂ ਨੂੰ ਵਰਗਲਾ ਕੇ ਲਿਜਾਣ ਦੀਆਂ ਘਟਨਾਵਾਂ ਵੀ ਕੋਈ ਘੱਟ ਨਹੀਂ ਹਨ। ਇਸ ਸਮੇਂ ਦੌਰਾਨ 36 ਲੜਕੀਆਂ ਨੂੰ ਵਰਗਲਾ ਕੇ ਲੜਕੇ ਲੈ ਗਏ, ਜਿਨ੍ਹਾਂ ਖਿਲਾਫ਼ ਕਾਰਵਾਈ ਕਰਦਿਆਂ ਕੇਸ ਦਰਜ ਕੀਤੇ ਗਏ।
ਇਨ੍ਹਾਂ ਅੰਕੜਿਆਂ ਦੇ ਜੇਕਰ ਹੋਰ ਵਿਸਥਾਰ 'ਚ ਜਾਈਏ ਤਾਂ ਪਿਛਲੇ ਸਾਲ ਜਬਰ-ਜ਼ਨਾਹ ਦੇ 11 ਕੇਸ ਦਰਜ ਕੀਤੇ ਗਏ, ਜਦਕਿ ਇਸ ਸਾਲ ਇਹ ਗਿਣਤੀ ਵੱਧ ਕੇ 21 ਹੋ ਗਈ। ਪਿਛਲੇ ਸਾਲ ਹੀ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਦਾ ਵੀ ਇਕ ਪਰਚਾ ਦਰਜ ਹੋਇਆ। ਇਸੇ ਤਰ੍ਹਾਂ ਲੜਕੀਆਂ ਤੇ ਔਰਤਾਂ ਨਾਲ ਛੇੜਛਾੜ ਦੇ ਪਿਛਲੇ ਸਾਲ 22 ਮੁਕੱਦਮੇ ਦਰਜ ਹੋਏ, ਜਦਕਿ ਇਸ ਸਾਲ ਇਨ੍ਹਾਂ ਮੁਕੱਦਮਿਆਂ ਦੀ ਗਿਣਤੀ 20 ਹੈ। ਲੜਕੀਆਂ ਨੂੰ ਵਰਗਲਾ ਕੇ ਲਿਜਾਣ ਦੇ ਪਿਛਲੇ ਸਾਲ 20 ਕੇਸ ਦਰਜ ਹੋਏ, ਜਦਕਿ ਇਸ ਸਾਲ ਇਨ੍ਹਾਂ ਕੇਸਾਂ ਦੀ ਗਿਣਤੀ 16 ਹੈ।
ਕੀ ਕਹਿੰਦੇ ਨੇ ਪੁਲਸ ਅਧਿਕਾਰੀ
ਜ਼ਿਲੇ ਦੇ ਸੀਨੀਅਰ ਪੁਲਸ ਕਪਤਾਨ ਡਾ. ਨਾਨਕ ਸਿੰਘ ਨੇ ਔਰਤਾਂ 'ਤੇ ਜੁਰਮਾਂ ਦੇ ਅੰਕੜਿਆਂ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਸ ਸਾਲ ਜੁਰਮਾਂ ਦਾ ਹੋਇਆ ਵਾਧਾ ਪੁਲਸ ਦਾ ਇਨ੍ਹਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਣਾ ਹੈ। ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਪਹਿਲਾਂ ਇਨ੍ਹਾਂ ਮਾਮਲਿਆਂ 'ਚ ਕੇਸ ਦਰਜ ਕਰਨ ਤੋਂ ਔਰਤਾਂ ਸੰਕੋਚ ਕਰ ਜਾਂਦੀਆਂ ਹਨ ਪਰ ਹੁਣ ਜਾਗਰੂਕ ਹੋਣ ਕਰ ਕੇ ਔਰਤਾਂ ਜੁਰਮਾਂ ਪ੍ਰਤੀ ਸਾਵਧਾਨ ਅਤੇ ਨਿਡਰ ਹੋ ਕੇ ਸਾਹਮਣੇ ਆ ਰਹੀਆਂ ਹਨ। ਪੁਲਸ ਅਧਿਕਾਰੀਆਂ ਨੂੰ ਇਸ ਤਰ੍ਹਾਂ ਦੇ ਜੁਰਮਾਂ ਪ੍ਰਤੀ ਸੁਚੇਤ ਰਹਿਣ ਲਈ ਸਮੇ-ਸਮੇਂ 'ਤੇ ਮੀਟਿੰਗਾਂ ਕਰ ਕੇ ਚੌਕਸ ਕੀਤਾ ਜਾਂਦਾ ਹੈ। ਔਰਤਾਂ 'ਤੇ ਵੱਧ ਰਹੇ ਜੁਰਮਾਂ ਬਾਰੇ ਵੈਸੇ ਵੀ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਕੈਂਪ ਲਾ ਕੇ ਉਨ੍ਹਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


Related News