ਜ਼ਿਲ੍ਹੇ ਅੰਦਰ ਚੱਲ ਰਹੀਆਂ 141 ਯੋਗਾ ਕਲਾਸਾਂ, 24 ਟ੍ਰੇਨਰ ਕਰਵਾ ਰਹੇ ਹਨ ਯੋਗ

Thursday, Nov 14, 2024 - 01:41 PM (IST)

ਜ਼ਿਲ੍ਹੇ ਅੰਦਰ ਚੱਲ ਰਹੀਆਂ 141 ਯੋਗਾ ਕਲਾਸਾਂ, 24 ਟ੍ਰੇਨਰ ਕਰਵਾ ਰਹੇ ਹਨ ਯੋਗ

ਬਠਿੰਡਾ (ਵਰਮਾ) : ਸੀ. ਐੱਮ. ਦੀ ਯੋਗਸ਼ਾਲਾ ਅਧੀਨ ਜ਼ਿਲ੍ਹੇ 'ਚ ਮੁਫ਼ਤ ਯੋਗਾ ਕਲਾਸਾਂ ਚੱਲ ਰਹੀਆਂ ਹਨ। ਇਨ੍ਹਾਂ 'ਚ ਲੋਕਾਂ ਵੱਲੋਂ ਵੱਡੀ ਗਿਣਤੀ 'ਚ ਸ਼ਮੂਲੀਅਤ ਕਰ ਕੇ ਇਨ੍ਹਾਂ ਯੋਗਾ ਕਲਾਸਾਂ ਦਾ ਲਾਭ ਲਿਆ ਜਾ ਰਿਹਾ ਹੈ। ਸੀ. ਐੱਮ. ਦੀ ਯੋਗਸ਼ਾਲਾ ਦਾ ਲੋਕ ਵੱਧ ਤੋਂ ਵੱਧ ਲਾਭ ਉਠਾ ਕੇ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਨੇ ਸਾਂਝੀ ਕੀਤੀ। ਉਨ੍ਹਾਂ ਯੋਗ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਯੋਗ ਕਿਸੇ ਵੀ ਉਮਰ ਜਾਂ ਕਿਸੇ ਵੀ ਵਰਗ ਦਾ ਕੋਈ ਵੀ ਵਿਅਕਤੀ ਆਪਣੀ ਸਰੀਰਕ ਸਕਤੀ ਅਨੁਸਾਰ ਅਤੇ ਆਪਣੀ ਸਹੂਲਤ ਅਨੁਸਾਰ 30 ਤੋਂ 60 ਮਿੰਟ ਤਕ ਸ਼ਾਂਤ ਵਾਤਾਵਰਣ ਵਿਚ ਹਲਕੇ ਕੱਪੜੇ ਪਾ ਕੇ ਕਿਸੇ ਦਰੀ ਜਾਂ ਮੈਟ ਵਿਛਾ ਕੇ ਸਵੇਰੇ ਜਾਂ ਫਿਰ ਸ਼ਾਮ ਨੂੰ ਖ਼ਾਲੀ ਪੇਟ ਕੋਈ ਵੀ ਯੋਗ ਆਸਣ ਕਰ ਸਕਦਾ ਹੈ, ਸਿਰਫ ਬੀਮਾਰੀ ਦੀ ਹਾਲਤ ਵਿਚ ਯੋਗ ਨਹੀਂ ਕਰਨਾ ਚਾਹੀਦਾ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਯੋਗਸ਼ਾਲਾ ਦੇ ਸੁਪਰਵਾਈਜ਼ਰ ਰਜਿੰਦਰ ਸਿੰਘ ਨੇ ਦੱਸਿਆ ਕਿ ਲਗਾਤਾਰ ਚੱਲ ਰਹੀਆਂ ਇਨ੍ਹਾਂ ਯੋਗ ਕਲਾਸਾਂ ਦਾ ਲੋਕਾਂ ਨੂੰ ਬਹੁਤ ਫ਼ਾਇਦਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 141 ਕਲਾਸਾਂ ਚੱਲ ਰਹੀਆਂ ਹਨ ਅਤੇ ਕੁੱਲ 24 ਟ੍ਰੇਨਰ ਲੋਕਾਂ ਨੂੰ ਯੋਗਾ ਕਰਵਾ ਰਹੇ ਹਨ ਅਤੇ ਇਸ ਦੇ ਫਾਇਦਿਆਂ ਬਾਰੇ ਲੋਕਾਂ ਨੂੰ ਜਾਣੂੰ ਕਰਵਾ ਰਹੇ ਹਨ।

ਯੋਗ ਕਰਨ ਨਾਲ ਕਈ ਤਰ੍ਹਾਂ ਦੀਆਂ ਆਉਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਅਤੇ ਜੋ ਅੱਜ-ਕੱਲ੍ਹ ਸਾਡੇ ਆਹਾਰ ਵਿਹਾਰ ਨਾਲ ਬੀਮਾਰੀਆਂ ਆ ਰਹੀਆਂ ਹਨ, ਉਨ੍ਹਾਂ ਨੂੰ ਵੀ ਰੋਕਿਆ ਜਾ ਸਕਦਾ ਹੈl ਯੋਗ ਕਰਨ ਨਾਲ ਮਾਸਪੇਸੀਆਂ, ਨਸਾਂ, ਹਾਈ ਬਲੱਡ ਪ੍ਰੈਸਰ, ਸ਼ੂਗਰ, ਗੱਠਿਆ, ਮੋਟਾਪਾ, ਤਣਾਅ, ਥਾਇਰਾਇਡ, ਮਹਾਂਵਾਰੀ ਸਬੰਧਿਤ ਦਿੱਕਤਾਂ, ਸਾਹ ਪ੍ਰਣਾਲੀ ਸਬੰਧਿਤ ਬੀਮਾਰੀਆਂ ਨੂੰ ਕਾਫੀ ਹੱਦ ਤਕ ਕਾਬੂ ਕੀਤਾ ਜਾ ਸਕਦਾ ਹੈ।


author

Babita

Content Editor

Related News