ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੌਲਦਾਰ ਦੀ ਵੀਡੀਓ, ਪੁਲਸ ਨੇ ਦਰਜ ਕੀਤਾ ਮਾਮਲਾ (ਵੀਡੀਓ)
Tuesday, Feb 06, 2018 - 07:42 PM (IST)
ਮੋਗਾ (ਪਵਨ ਗਰੋਵਰ, ਗੋਪੀ ਰਾਊਕੇ, ਆਜ਼ਾਦ) : ਮੋਗਾ ਸ਼ਹਿਰ ਅੰਦਰ ਟ੍ਰੈਫਿਕ ਪੁਲਸ 'ਚ ਤਾਇਨਾਤ ਇਕ ਹੌਲਦਾਰ ਵਲੋਂ ਇਕ ਮੋਟਰਸਾਈਕਲ ਚਾਲਕ ਤੋਂ ਕਥਿਤ ਤੌਰ 'ਤੇ ਰਿਸ਼ਵਤ ਲੈਂਦਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੋਗਾ ਪੁਲਸ ਨੇ ਇਸ ਮਾਮਲੇ ਵਿਚ ਉਕਤ ਹੌਲਦਾਰ ਦੀ ਪਛਾਣ ਕਰਦੇ ਉਸ ਖਿਲਾਫ ਭ੍ਰਿਸ਼ਟਾਚਾਰ ਦੀਆ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਬੀਤੇ ਕੱਲ ਮੋਗਾ ਟ੍ਰੈਫਿਕ ਸਟਾਫ 'ਚ ਤਾਇਨਾਤ ਇਕ ਹੌਲਦਾਰ ਵਲੋਂ ਮੋਟਰਸਾਈਕਲ ਚਾਲਕ ਨੂੰ ਛੱਡਣ ਦੇ ਇਵਜ ਵਿਚ ਉਸ ਵਲੋਂ ਕਥਿਤ ਤੌਰ 'ਤੇ ਰਿਸ਼ਵਤ ਲੈਂਦਿਆਂ ਦੀ ਵੀਡੀਓ ਕਿਸੇ ਵਿਅਕਤੀ ਨੇ ਬਣਾ ਲਈ ਜੋ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਟ੍ਰੈਫਿਕ ਪੁਲਸ ਜ਼ਿਲਾ ਮੋਗਾ ਦੇ ਇੰਚਾਰਜ ਇੰਸਪੈਕਟਰ ਰਮੇਸ਼ ਪਾਲ ਸਿੰਘ ਨੇ ਉਕਤ ਹੌਲਦਾਰ ਖਿਲਾਫ ਕਾਰਵਾਈ ਕੀਤੀ ਅਤੇ ਜਿਸ ਦੀ ਪਛਾਣ ਹੌਲਦਾਰ ਨੇਤਰ ਪਾਲ ਸਿੰਘ ਵਜੋਂ ਹੋਈ। ਵੀਡੀਓ ਨੂੰ ਆਧਾਰ ਮੰਨ ਕੇ ਟ੍ਰੈਫਿਕ ਇੰਚਾਰਜ ਨੇ ਥਾਣਾ ਸਿਟੀ-1 'ਚ ਦਰਖਾਸਤ ਦਿੱਤੀ, ਜਿਸ 'ਤੇ ਸਿਟੀ ਮੋਗਾ ਪੁਲਸ ਨੇ ਉਕਤ ਹੌਲਦਾਰ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲਾ ਦਰਜ ਕਰ ਲਿਆ ਹੈ ਜਦਕਿ ਉਸ ਮਾਮਲੇ ਵਿਚ ਉਕਤ ਹੌਲਦਾਰ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
