ਭਾਜਪਾ ਦਫ਼ਤਰ ''ਤੇ ਗ੍ਰਨੇਡ ਧਮਾਕਾ ਮਾਮਲਾ : ਦੋ ਮੁੱਖ ਮੁਲਜ਼ਮ ਤੀਜੀ ਵਾਰ ਪੁਲਸ ਰਿਮਾਂਡ ’ਤੇ

Monday, Apr 20, 2026 - 11:20 AM (IST)

ਭਾਜਪਾ ਦਫ਼ਤਰ ''ਤੇ ਗ੍ਰਨੇਡ ਧਮਾਕਾ ਮਾਮਲਾ : ਦੋ ਮੁੱਖ ਮੁਲਜ਼ਮ ਤੀਜੀ ਵਾਰ ਪੁਲਸ ਰਿਮਾਂਡ ’ਤੇ

ਚੰਡੀਗੜ੍ਹ (ਪ੍ਰੀਕਸ਼ਿਤ) : ਇੱਥੇ ਸੈਕਟਰ-37 'ਚ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਹੋਏ ਗ੍ਰਨੇਡ ਬਲਾਸਟ ਮਾਮਲੇ 'ਚ ਪੁਲਸ ਨੇ ਇਕ ਵਾਰ ਫਿਰ ਦੋ ਮੁੱਖ ਮੁਲਜ਼ਮਾਂ ਅਮਨਪ੍ਰੀਤ ਸਿੰਘ ਉਰਫ਼ ਅਮਨ ਅਤੇ ਗੁਰਤੇਜ ਸਿੰਘ ਉਰਫ਼ ਤੇਜੀ ਨੂੰ ਪੁੱਛਗਿੱਛ ਲਈ ਤਿੰਨ ਦਿਨਾਂ ਦੇ ਰਿਮਾਂਡ ’ਤੇ ਲਿਆ ਹੈ। ਪੰਜਾਬ ਤੋਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਤੋਂ ਬਾਅਦ ਚੰਡੀਗੜ੍ਹ ਪੁਲਸ ਨੇ ਦੋਹਾਂ ਮੁੱਖ ਮੁਲਜ਼ਮਾਂ ਨੂੰ ਤੀਜੀ ਵਾਰ ਰਿਮਾਂਡ ’ਤੇ ਲਿਆ ਹੈ, ਜਦੋਂ ਕਿ ਤੀਜੇ ਮੁੱਖ ਮੁਲਜ਼ਮ ਹਜਨਬੀਰ ਸਿੰਘ ਉਰਫ਼ ਹਾਜੀ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਪਿਛਲੇ ਤਿੰਨ ਦਿਨਾਂ ਦੇ ਰਿਮਾਂਡ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਐਤਵਾਰ ਨੂੰ ਤਿੰਨੋਂ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਗਿਆ। ਇਸ ਮਾਮਲੇ ਦੇ 6 ਹੋਰ ਮੁਲਜ਼ਮਾਂ ਨੂੰ ਪਹਿਲਾਂ ਹੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਸੀ। ਦੋਸ਼ਾਂ ਅਨੁਸਾਰ ਅਮਨਪ੍ਰੀਤ ਨੇ ਹੈੱਡਕੁਆਰਟਰ ਦੇ ਬਾਹਰ ਗ੍ਰਨੇਡ ਸੁੱਟਿਆ ਸੀ, ਜਦੋਂ ਕਿ ਗੁਰਤੇਜ ਨੇ ਘਟਨਾ ਦੀ ਵੀਡੀਓ ਬਣਾਈ ਸੀ।
ਪੁੱਛਗਿੱਛ ਦੌਰਾਨ ਕਈ ਨਵੇਂ ਤੱਥ ਆਏ ਸਾਹਮਣੇ
ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮਾਂ ਨੂੰ 17 ਅਪ੍ਰੈਲ ਨੂੰ ਰਿਮਾਂਡ ’ਤੇ ਲਿਆ ਗਿਆ ਸੀ। ਬਾਅਦ ਵਿਚ 19 ਅਪ੍ਰੈਲ ਲਈ ਦੋ ਦਿਨਾਂ ਦਾ ਰਿਮਾਂਡ ਮਿਲਿਆ ਸੀ। ਪੁੱਛਗਿੱਛ ਦੌਰਾਨ ਕਈ ਨਵੇਂ ਤੱਥ ਸਾਹਮਣੇ ਆਏ, ਜਿਨ੍ਹਾਂ ਦੀ ਜਾਂਚ ਅਜੇ ਬਾਕੀ ਹੈ। ਨਤੀਜੇ ਵਜੋਂ ਪੰਜ ਦਿਨਾਂ ਦਾ ਰਿਮਾਂਡ ਮੰਗਿਆ ਗਿਆ। ਮੁਲਜ਼ਮਾਂ ਦੇ ਚਾਲ-ਚਲਣ (ਚੱਲਣ ਦੇ ਤਰੀਕੇ) ਦਾ ਫੋਰੈਂਸਿਕ ਵਿਸ਼ਲੇਸ਼ਣ ਅਜੇ ਵੀ ਲੰਬਿਤ ਹੈ ਕਿਉਂਕਿ ਪਿਛਲੇ ਰਿਮਾਂਡ ਦੌਰਾਨ ਸੀ. ਐੱਫ. ਐੱਸ. ਐੱਲ. ਦੇ ਮਾਹਰ ਉਪਲੱਬਧ ਨਹੀਂ ਸਨ। ਵਿਸ਼ਲੇਸ਼ਣ ਸੋਮਵਾਰ ਜਾਂ ਮੰਗਲਵਾਰ ਤੱਕ ਪੂਰਾ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਤੋਂ ਕੱਪੜੇ, ਜੁੱਤੇ, ਬੈਗ ਅਤੇ ਹੈਲਮੇਟ ਵਰਗੀਆਂ ਮਹੱਤਵਪੂਰਨ ਚੀਜ਼ਾਂ ਅਜੇ ਵੀ ਬਰਾਮਦ ਕੀਤੀਆਂ ਜਾਣੀਆਂ ਹਨ। ਮੁਲਜ਼ਮ ਆਪਣੇ ਬਿਆਨ ਬਦਲ ਰਹੇ ਹਨ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਪੂਰੀ ਜਾਂਚ ਲਈ ਮੁਲਜ਼ਮਾਂ ਦੀ ਹੋਰ ਹਿਰਾਸਤ ਜ਼ਰੂਰੀ ਹੈ।
ਮਾਮਲਾ ਯੂ. ਏ. ਪੀ. ਏ. ਐਕਟ ਅਧੀਨ ਆਉਂਦਾ ਹੈ, ਵਿਦੇਸ਼ਾਂ ਵਿਚ ਸਥਿਤ ਹੈਂਡਲਰ ਵੀ ਸ਼ਾਮਲ
ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਇਹ ਮਾਮਲਾ ਯੂ. ਏ. ਪੀ. ਏ. ਐਕਟ ਅਧੀਨ ਆਉਂਦਾ ਹੈ ਅਤੇ ਇਹ ਬਹੁਤ ਹੀ ਘਿਨਾਉਣਾ ਹੈ। ਇਸ ਤੋਂ ਇਲਾਵਾ ਵਿਦੇਸ਼ਾਂ ਵਿਚ ਸਥਿਤ ਹੈਂਡਲਰ ਵੀ ਇਸ ਮਾਮਲੇ ਵਿਚ ਸ਼ਾਮਲ ਹਨ। ਮੁਲਜ਼ਮ ਇਸ ਸਮੇਂ ਜਾਂਚ ਦੌਰਾਨ ਪੁਲਸ ਰਿਮਾਂਡ ’ਤੇ ਹਨ ਅਤੇ ਉਨ੍ਹਾਂ ਨੇ ਹੋਰ ਖੁਲਾਸੇ ਕੀਤੇ ਹਨ, ਅਤੇ ਬੇਨਤੀ ਕੀਤੀ ਜਾਂਦੀ ਹੈ ਕਿ ਮੁਲਜ਼ਮ ਦਾ ਪੁਲਸ ਰਿਮਾਂਡ ਪੰਜ ਦਿਨ ਹੋਰ ਵਧਾਇਆ ਜਾਵੇ। ਹਾਲਾਂਕਿ, ਅਦਾਲਤ ਨੇ ਤਿੰਨ ਦਿਨਾਂ ਦਾ ਰਿਮਾਂਡ ਦਿੱਤਾ।
 


author

Babita

Content Editor

Related News