ਮੁਰਗੇ ਅਤੇ ਪਿਆਜ਼ ਦੀ ਕੀਮਤ ਬਰਾਬਰ ਹੋਣ ''ਤੇ ਸੋਸ਼ਲ ਮੀਡੀਆ ''ਤੇ ਛਿੜੀ ਚਰਚਾ

12/08/2019 11:54:21 AM

ਲੁਧਿਆਣਾ (ਖੁਰਾਣਾ)—2014 'ਚ ਦੇਸ਼ ਵਿਚ ਹੋਈਆਂ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਬੈਂਗਲੁਰੂ ਵਿਚ ਦਿੱਤੇ ਗਏ ਆਪਣੇ ਭਾਸ਼ਣ ਦੌਰਾਨ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਤਤਕਾਲ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਪਿਆਜ਼ ਦੀਆਂ ਅੱਗ ਉੱਗਲਦੀਆਂ ਕੀਮਤਾਂ ਸਬੰਧੀ ਟਿੱਪਣੀ ਕਰਦਿਆਂ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਅੱਜ ਦੇਸ਼ ਦੀ ਜਨਤਾ ਇਸ ਗੱਲ 'ਤੇ ਆਪਸ ਵਿਚ ਸ਼ਰਤਾਂ ਲਾ ਰਹੀ ਹੈ ਕਿ ਮੁੰਬਈ ਦੇ ਵਾਨ ਖੇੜਾ ਸਟੇਡੀਅਮ ਵਿਚ ਹੋਣ ਵਾਲੇ ਕ੍ਰਿਕਟ ਮੈਚ ਵਿਚ ਭਾਰਤ ਦੇ ਬੱਲੇਬਾਜ਼ ਸਚਿਨ ਤੇਂਦੁਲਕਰ ਸੈਂਚਰੀ ਜਮਾਉਣਗੇ ਜਾਂ ਫਿਰ ਪਿਆਜ਼ ਦੀਆਂ ਕੀਮਤਾਂ 100 ਰੁਪਏ ਪ੍ਰਤੀ ਕਿਲੋ ਦਾ ਅੰਕੜਾ ਪਹਿਲਾਂ ਪਾਰ ਕਰਨਗੀਆਂ। ਅੱਜ ਮੌਜੂਦਾ ਸਮੇਂ ਵਿਚ ਹਾਲਾਤ ਪਿਆਜ਼ ਦੀਆਂ ਬੇਲਗਾਮ ਹੁੰਦੀਆਂ ਕੀਮਤਾਂ ਨੂੰ ਲੈ ਕੇ ਇਕ ਵਾਰ ਫਿਰ ਉਕਤ ਹਾਲਾਤ ਨੂੰ ਦੋਹਰਾ ਰਹੀ ਹੈ ਪਰ ਸਮੇਂ ਦੀ ਇਸ ਕਰਵਟ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ਵਿਚ ਨਰਿੰਦਰ ਮੋਦੀ ਨੂੰ ਜਨਤਾ ਦੇ ਸਾਹਮਣੇ ਲਿਆ ਖੜ੍ਹਾ ਕੀਤਾ ਹੈ ਅਤੇ ਅੱਜ ਜਨਤਾ ਪਿਆਜ਼ ਅਤੇ ਮੁਰਗਿਆਂ ਦੀਆਂ ਕੀਮਤਾਂ ਇਕ ਬਰਾਬਰ ਹੋਣ ਦੀ ਸੂਰਤ ਵਿਚ ਨਰਿੰਦਰ ਮੋਦੀ 'ਤੇ ਵਿਅੰਗ ਕਰਦੇ ਹੋਏ ਸਵਾਲ ਕਰ ਰਹੀ ਹੈ ਕਿ ਜਨਤਾ ਮੁਰਗਿਆਂ ਦੀ ਸਬਜ਼ੀ ਬਣਾਉਣ ਲਈ ਸਬਜ਼ੀ ਵਿਚ ਪਿਆਜ਼ ਦਾ ਤੜਕਾ ਲਾਵੇ ਜਾਂ ਪਿਆਜ਼ ਵਿਚ ਮੁਰਗਿਆਂ ਨੂੰ ਬਣਾਵੇ?

ਇੱਥੇ ਦੱਸਣਾ ਜ਼ਰੂਰੀ ਰਹੇਗਾ ਕਿ ਮੌਜੂਦਾ ਸਮੇਂ ਵਿਚ ਜਿੱਥੇ ਖੁਦਰਾ ਮਾਰਕੀਟ ਵਿਚ ਪਿਆਜ਼ ਦੀਆਂ ਕੀਮਤਾਂ 120 ਤੋਂ 150 ਰੁਪਏ ਪ੍ਰਤੀ ਕਿਲੋ ਦੇ ਕਰੀਬ ਬਣੀਆਂ ਹੋਈਆਂ ਹਨ, ਉੱਥੇ ਹੀ ਮੁਰਗਾ ਵੀ ਪਿਆਜ਼ ਦੀ ਕੀਮਤ ਦੇ ਬਰਾਬਰ ਮਿਲ ਰਿਹਾ ਹੈ।ਪਿਆਜ਼ ਦੀਆਂ ਬੇਲਗਾਮ ਹੁੰਦੀਆਂ ਕੀਮਤ 'ਤੇ ਕਾਬੂ ਪਾਉਣ ਲਈ ਸਰਕਾਰ ਚਾਹੇ ਕਈ ਤਰ੍ਹਾਂ ਦੇ ਦਾਅਵੇ ਠੋਕ ਰਹੀ ਹੈ ਪਰ ਪਿਛਲੇ ਲੰਬੇ ਸਮੇਂ ਤੋਂ ਕੀਮਤਾਂ ਸਰਕਾਰ ਦੇ ਕੰਟਰੋਲ ਤੋਂ ਬਾਹਰ ਹੋਣ ਕਾਰਣ ਹੁਣ ਇਥੇ ਆਮ ਜਨਤਾ ਸਰਕਾਰ ਖਿਲਾਫ ਆਪਣਾ ਗੁੱਸਾ ਜ਼ਾਹਰ ਕਰਨ ਲਈ ਸੋਸ਼ਲ ਮੀਡੀਆ 'ਤੇ ਟਿੱਪਣੀ ਕਰਦੇ ਹੋਏ ਭੜਾਸ ਕੱਢ ਰਹੀ ਹੈ, ਨਾਲ ਹੀ ਵਿਰੋਧੀ ਪਾਰਟੀਆਂ ਵੀ ਮੋਦੀ ਸਰਕਾਰ 'ਤੇ ਸ਼ਬਦੀ ਹਮਲੇ ਕਰਨ ਲਈ ਪਿਆਜ਼ ਦੀ ਮਾਲਾ ਨੂੰ ਗਹਿਣੇ ਵਜੋਂ ਸਰੀਰ 'ਤੇ ਪਹਿਨ ਕੇ ਧਰਨੇ ਪ੍ਰਦਰਸ਼ਨ ਕਰ ਰਹੀਆਂ ਹਨ। ਸਿਆਸੀ ਪਾਰਟੀਆਂ ਅਤੇ ਆਮ ਜਨਤਾ ਕੇਂਦਰ ਸਰਕਾਰ ਨੂੰ ਮਹਿੰਗਾਈ ਦੇ ਮੁੱਦੇ 'ਤੇ ਘੇਰਨ ਲਈ ਹਰ ਸੰਭਵ ਰਣਨੀਤੀ ਅਪਣਾਉਣ ਦੇ ਮੂਡ ਵਿਚ ਹੈ ਤਾਂ ਕਿ ਕਿਸੇ ਤਰ੍ਹਾਂ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਉਨ੍ਹਾਂ ਦੇ ਰਸੋਈ ਘਰਾਂ ਦਾ ਤਹਿਸ-ਨਹਿਸ ਹੁੰਦਾ ਬਜਟ ਫਿਰ ਪਟੜੀ 'ਤੇ ਪਰਤ ਸਕੇ।

ਪਿਆਜ਼ ਦੀਆਂ ਅੱਗ ਉਗਲਦੀਆਂ ਕੀਮਤਾਂ 'ਤੇ ਸੰਸਦ ਭਵਨ ਤੋਂ ਲੈ ਕੇ ਸੜਕਾਂ ਤੱਕ ਗੂੰਜ ਉੱਠ ਰਹੀ ਹੈ। ਹਾਲਾਂਕਿ ਇਸ ਕੇਸ ਵਿਚ ਕੇਂਦਰੀ ਮੰਤਰੀ ਅਮਿਤ ਸ਼ਾਹ ਵਲੋਂ ਹੋਰਨਾਂ ਕੇਂਦਰੀ ਮੰਤਰੀਆਂ ਦੇ ਨਾਲ ਬੈਠਕ ਕਰ ਕੇ ਚਰਚਾ ਕੀਤੇ ਜਾਣ ਦੀ ਖਬਰ ਵੀ ਹੈ ਪਰ ਦੇਖਣਾ ਇਹ ਹੋਵੇਗਾ ਕਿ ਕੀ ਕੀਮਤਾਂ ਨੂੰ ਲੈ ਕੇ ਦੇਸ਼ ਭਰ ਵਿਚ ਮਚਿਆ ਇਹ ਬਵਾਲ ਪਹਿਲਾਂ ਖਤਮ ਹੁੰਦਾ ਹੈ ਜਾਂ ਫਿਰ ਇਹ ਮੁੱਦਾ ਸਰਕਾਰ ਲਈ ਮੁਸੀਬਤਾਂ ਦਾ ਪਹਾੜ ਬਣ ਕੇ ਵਿਰੋਧੀ ਪਾਰਟੀਆਂ ਅਤੇ ਆਮ ਜਨਤਾ ਲਈ ਸਿਆਸੀ ਰੋਟੀਆਂ ਸੇਕਣ ਦਾ ਵਿਸ਼ਾ ਬਣੇਗਾ।

ਜਮ੍ਹਾਖੋਰਾਂ ਖਿਲਾਫ ਐਕਸ਼ਨ 'ਚ ਆਇਆ ਖੁਰਾਕ ਸਪਲਾਈ ਵਿਭਾਗ
ਇਸੇ ਦੌਰਾਨ ਖਬਰ ਮਿਲੀ ਕਿ ਖੁਰਾਕ ਅਤੇ ਸਿਵਲ ਸਪਲਾਈ ਦੇ ਕੰਟ੍ਰੋਲਰਾਂ ਸੁਖਵਿੰਦਰ ਸਿੰਘ ਗਿੱਲ ਅਤੇ ਗੀਤਾ ਬਿਸ਼ੰਭੂ ਨੇ ਕੇਂਦਰ ਸਰਕਾਰ ਦੇ ਹੁਕਮਾਂ 'ਤੇ ਪਿਆਜ਼ ਦੇ ਵੰਡੇ ਭੰਡਾਰ ਕਰ ਕੇ ਕਿੱਲਤ ਪੈਦਾ ਕਰਨ ਵਾਲੇ ਜਮ੍ਹਾਖੋਰਾਂ ਖਿਲਾਫ ਕਾਰਵਾਈ ਕਰਨ ਲਈ ਵਿਭਾਗੀ ਮੁਲਾਜ਼ਮਾਂ ਦੀ ਟੀਮ ਬਣਾ ਦਿੱਤੀ ਹੈ। ਉਕਤ ਟੀਮ ਵਿਚ ਵਿਭਾਗੀ ਇੰਸਪੈਕਟਰਾਂ ਅਮਨਦੀਪ ਸਿੰਘ ਅਤੇ ਪ੍ਰਦੀਪ ਕੁਮਾਰ ਆਦਿ ਨੇ ਸਥਾਨਕ ਸਬਜ਼ੀ ਮੰਡੀ ਵਿਚ ਚੈਕਿੰਗ ਮੁਹਿੰਮ ਛੇੜਦੇ ਹੋਏ ਪਿਆਜ਼ ਦੇ ਵਪਾਰੀਆਂ ਦੇ ਗੋਦਾਮਾਂ 'ਤੇ ਛਾਪੇਮਾਰੀ ਕੀਤੀ ਪਰ ਇਸ ਦੌਰਾਨ ਟੀਮ ਦੇ ਹੱਥ ਕੋਈ ਵਿਸ਼ੇਸ਼ ਸਫਲਤਾ ਨਹੀਂ ਲੱਗੀ।

ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਪਿਆਜ਼ ਦੇ ਵੱਡੇ ਕਾਰੋਬਾਰੀਆਂ ਕੋਲ 2500 ਕੁਇੰਟਲ ਅਤੇ ਖੁਦਰਾ ਦੁਕਾਨਦਾਰਾਂ ਕੋਲ 50 ਕੁਇੰਟਲ ਤੋਂ ਜ਼ਿਆਦਾ ਸਟਾਕ ਹੋਣ ਦੀ ਸਥਿਤੀ ਵਿਚ ਉਨ੍ਹਾਂ ਦਾ ਮਾਲ ਜ਼ਬਤ ਕਰ ਲਿਆ ਜਾਵੇਗਾ। ਸਾਡੀਆਂ ਟੀਮਾਂ ਲਗਾਤਾਰ ਸ਼ਹਿਰ ਦੇ ਸ਼ੱਕੀ ਟਿਕਾਣਿਆਂ ਅਤੇ ਗੋਦਾਮਾਂ 'ਤੇ ਛਾਪੇਮਾਰੀਆਂ ਕਰ ਰਹੀਆਂ ਹਨ। ਸਰਕਾਰ ਦਾ ਇਹ ਕਦਮ ਆਮ ਜਨਤਾ ਨੂੰ ਵਧਦੀਆਂ ਕੀਮਤਾਂ ਤੋਂ ਛੁਟਕਾਰਾ ਦਿਵਾਉਣ ਅਤੇ ਮੁਨਾਫਾਖੋਰਾਂ ਖਿਲਾਫ ਕੀਤੀ ਗਈ ਵੱਡੀ ਪਹਿਲ ਹੈ, ਜਿਸ ਨਾਲ ਪਿਆਜ਼ ਨੂੰ ਵੱਡੇ ਪੱਧਰ 'ਤੇ ਸਟੋਰ ਕਰਨ ਵਾਲੇ ਕਾਰੋਬਾਰੀਆਂ ਲਈ ਜਿੱਥੇ ਇਕ ਵੱਡਾ ਸਬਕ ਹੋਵੇਗਾ, ਉਥੇ ਕੀਮਤਾਂ ਵੀ ਜਲਦ ਡਿੱਗਣ ਦੀਆਂ ਸੰਭਾਵਨਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਸੁਖਵਿੰਦਰ ਸਿੰਘ ਗਿੱਲ, ਕੰਟ੍ਰੋਲਰ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ।


Shyna

Content Editor

Related News