ਭੱਦੀ ਸ਼ਬਦਾਵਲੀ ਦੇ ਮਾਮਲੇ ''ਚ ''ਆਪ'' ਨੇਤਾ ਨੇ ਮੁਆਫੀ ਮੰਗੀ

09/08/2017 12:56:37 PM

ਰੂਪਨਗਰ (ਵਿਜੇ) : ਸੋਸ਼ਲ ਮੀਡੀਆ 'ਤੇ ਗੋਪਾਲ ਗਊਸ਼ਾਲਾ ਪ੍ਰਤੀ 'ਆਪ' ਦੇ ਵਰਕਰਾਂ ਵੱਲੋਂ ਵਰਤੀ ਗਈ ਭੱਦੀ ਸ਼ਬਦਾਵਲੀ ਸੰਬੰਧੀ ਅਦਾਲਤ 'ਚ ਜਾਣ ਦੇ ਫੈਸਲੇ ਤੋਂ ਬਾਅਦ ਸੰਬੰਧਤ ਨੇਤਾ ਨੇ ਮੁਆਫੀ ਮੰਗ ਲਈ ਹੈ। ਗੋਪਾਲ ਗਊਸ਼ਾਲਾ ਦੇ ਪ੍ਰਧਾਨ ਇੰਜੀਨੀਅਰ ਭਾਰਤ ਭੂਸ਼ਣ ਸ਼ਰਮਾ ਨੇ ਮੀਟਿੰਗ ਦੌਰਾਨ ਦੱਸਿਆ ਕਿ 'ਆਪ' ਨੇਤਾ ਦੀਦਾਰ ਸਿੰਘ ਨੇ ਆਪਣੇ ਸਾਥੀਆਂ ਨਾਲ ਮੈਨੇਜਮੈਂਟ ਅਧਿਕਾਰੀਆਂ ਸਾਹਮਣੇ ਮਾਮਲੇ ਸੰਬੰਧੀ ਮੁਆਫੀ ਮੰਗ ਲਈ ਹੈ, ਜਦਕਿ ਉਨ੍ਹਾਂ ਵੱਲੋਂ ਭਵਿੱਖ 'ਚ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਾ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਹੁਣ ਉਕਤ ਮਾਮਲੇ ਨੂੰ ਤੁਰੰਤ ਖਤਮ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ 'ਆਪ' ਨੇਤਾ ਦੀ ਸੋਸ਼ਲ ਮੀਡੀਆ 'ਤੇ ਭੱਦੀ ਸ਼ਬਦਾਵਲੀ ਦੇ ਮਾਮਲੇ ਸੰਬੰਧੀ ਗਊਸ਼ਾਲਾ ਦੇ ਪ੍ਰਬੰਧਕਾਂ ਵੱਲੋਂ ਮਾਣਹਾਨੀ ਦਾ ਕੇਸ ਦਰਜ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਸ ਮੌਕੇ 'ਆਪ' ਦੇ ਸ਼ਹਿਰੀ ਪ੍ਰਧਾਨ ਰਾਕੇਸ਼ ਜਿੰਦਲ, ਭਾਗ ਸਿੰਘ ਮਦਾਨ, ਸੁਰਿੰਦਰ ਸਿੰਘ, ਬਲਦੇਵ ਅਰੋੜਾ, ਕੇ. ਆਰ. ਗੋਇਲ, ਪੀ. ਐੱਨ. ਸ਼ਰਮਾ, ਰਾਜ ਕੁਮਾਰ ਸਿੱਕਾ, ਐੱਚ. ਐੱਮ. ਸ਼ਰਮਾ, ਐੱਨ. ਕੇ. ਅਵਸਥੀ, ਸੁਰਿੰਦਰ ਕੁਮਾਰ ਸ਼ਰਮਾ, ਜਗਦੀਸ਼ ਤਲੂਜਾ, ਮੂਲਰਾਜ ਸ਼ਰਮਾ, ਸ਼ਾਮ ਲਾਲ ਕੁੰਦਰਾ, ਅਸ਼ੋਕ ਕਪੂਰ, ਐੱਸ. ਸੀ. ਕੱਕੜ ਤੇ ਮੋਹਨ ਲਾਲ ਸ਼ਰਮਾ ਮੌਜੂਦ ਸਨ।


Related News