ਆਤਿਸ਼ੀ ਮਾਮਲੇ 'ਚ ਪੰਜਾਬ ਪੁਲਸ ਦੀ ਜਾਂਚ ਸ਼ੱਕੀ, ਭਾਵਨਾਵਾਂ ਨਾਲ ਜੁੜੇ ਮੁੱਦੇ 'ਚ 'ਆਪ' ਦੀ ਭੂਮਿਕਾ ਨਿੰਦਣਯੋਗ: ਜਾਖੜ

Saturday, Jan 17, 2026 - 01:28 PM (IST)

ਆਤਿਸ਼ੀ ਮਾਮਲੇ 'ਚ ਪੰਜਾਬ ਪੁਲਸ ਦੀ ਜਾਂਚ ਸ਼ੱਕੀ, ਭਾਵਨਾਵਾਂ ਨਾਲ ਜੁੜੇ ਮੁੱਦੇ 'ਚ 'ਆਪ' ਦੀ ਭੂਮਿਕਾ ਨਿੰਦਣਯੋਗ: ਜਾਖੜ

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨਾਲ ਸਬੰਧਤ ਵੀਡੀਓ ਵਿਵਾਦ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਹਨ। ਜਾਖੜ ਨੇ ਦਿੱਲੀ ਵਿਧਾਨ ਸਭਾ ਵੱਲੋਂ ਕਰਵਾਈ ਗਈ ਫੋਰੈਂਸਿਕ ਜਾਂਚ ਦਾ ਹਵਾਲਾ ਦਿੰਦੇ ਹੋਏ ਪੰਜਾਬ ਪੁਲਸ ਦੀ ਕਾਰਵਾਈ 'ਤੇ ਸਵਾਲ ਖੜ੍ਹੇ ਕੀਤੇ ਹਨ।

ਸੁਨੀਲ ਜਾਖੜ ਨੇ ਦੱਸਿਆ ਕਿ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਆਤਿਸ਼ੀ ਦੀ ਵੀਡੀਓ ਨਾਲ ਕੋਈ ਛੇੜਛਾੜ ਨਹੀਂ ਹੋਈ ਸੀ। ਇਹ ਪੁਸ਼ਟੀ ਦਿੱਲੀ ਵਿਧਾਨ ਸਭਾ ਵੱਲੋਂ ਕਰਵਾਈ ਗਈ ਫੋਰੈਂਸਿਕ ਜਾਂਚ ਤੋਂ ਬਾਅਦ ਕੀਤੀ ਗਈ ਹੈ। ਦੂਜੇ ਪਾਸੇ, ਪੰਜਾਬ ਪੁਲਸ ਨੇ ਆਪਣੀ ਜਾਂਚ ਵਿਚ ਵੀਡੀਓ ਨਾਲ ਛੇੜਛਾੜ ਹੋਣ ਦਾ ਦਾਅਵਾ ਕੀਤਾ ਸੀ। ਜਾਖੜ ਅਨੁਸਾਰ, ਦਿੱਲੀ ਤੋਂ ਆਏ ਤੱਥਾਂ ਤੋਂ ਬਾਅਦ ਹੁਣ ਪੰਜਾਬ ਪੁਲਸ ਦੀ ਫੋਰੈਂਸਿਕ ਜਾਂਚ ਆਪਣੇ ਆਪ ਸ਼ੱਕ ਦੇ ਦਾਇਰੇ ਵਿਚ ਆ ਗਈ ਹੈ।

ਭਾਜਪਾ ਪ੍ਰਧਾਨ ਨੇ ਪੰਜਾਬ ਸਰਕਾਰ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਇਹ ਮੁੱਦਾ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਆਪਣੀ ਪਾਰਟੀ ਦੀ ਆਗੂ ਨੂੰ ਬਚਾਉਣ ਲਈ ਜੋ ਭੂਮਿਕਾ ਨਿਭਾਈ ਹੈ, ਉਹ ਬੇਹੱਦ ਨਿੰਦਣਯੋਗ ਹੈ। 

ਸੁਨੀਲ ਜਾਖੜ ਨੇ ਟਵੀਟ ਕੀਤਾ, "'ਆਪ' ਆਗੂ ਅਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਜੀ ਦੇ ਵੀਡੀਓ ਦੀ ਦਿੱਲੀ ਵਿਧਾਨ ਸਭਾ ਵੱਲੋਂ ਫੋਰੈਂਸਿਕ ਜਾਂਚ ਕਰਵਾਏ ਜਾਣ ਤੋਂ ਬਾਅਦ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਸਪਸ਼ਟ ਕੀਤਾ ਹੈ ਕਿ ਵੀਡੀਓ ਨਾਲ ਕੋਈ ਛੇੜਛਾੜ ਨਹੀਂ ਹੋਈ ਸੀ। ਇਹ ਤੱਥ ਉਜਾਗਰ ਹੋਣ ਤੋਂ ਬਾਅਦ ਪੰਜਾਬ ਪੁਲਸ ਵੱਲੋਂ ਕਰਵਾਈ ਫੋਰੈਂਸਿਕ ਜਾਂਚ ਆਪਣੇ ਆਪ ਸ਼ੱਕ ਦੇ ਦਾਇਰੇ ਵਿਚ ਆ ਗਈ ਹੈ ਕਿਉਂਕਿ ਪੰਜਾਬ ਪੁਲਸ ਨੇ ਵੀਡੀਓ ਨਾਲ ਛੇੜਛਾੜ ਦੀ ਗੱਲ ਆਖੀ ਸੀ। ਸਾਡੀਆਂ ਭਾਵਨਾਵਾਂ ਨਾਲ ਜੁੜੇ ਇਸ ਮੁੱਦੇ ਤੇ ਜਿਸ ਤਰ੍ਹਾਂ ਦੀ ਭੂਮਿਕਾ ਪੰਜਾਬ ਸਰਕਾਰ ਨੇ ਆਪਣੀ ਆਗੂ ਨੂੰ ਬਚਾਉਣ ਲਈ ਨਿਭਾਈ ਹੈ ਉਹ ਅਤਿ ਨਿੰਦਣਯੋਗ ਹੈ।"
 


author

Anmol Tagra

Content Editor

Related News