ਅਟਾਰੀ ਬਾਰਡਰ ''ਤੇ ਕੋਲਕਾਤਾ ਤੋਂ ਆਇਆ ਸਨਿਫਰ ਡਾਗ ਸਿੰਡੀ, ਕਰਨਗੇ ਡਰਾਈਫਰੂਟ ਦੀ ਚੈਕਿੰਗ
Friday, Aug 23, 2019 - 05:05 PM (IST)
ਅੰਮ੍ਰਿਤਸਰ (ਨੀਰਜ) : ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਡਰਾਈਫਰੂਟ ਅਤੇ ਹੋਰ ਵਸਤੂਆਂ ਦੀ ਚੈਕਿੰਗ ਕਰਨ ਲਈ ਸਨਿਫਰ ਡਾਗ ਅਰਜੁਨ ਅਤੇ ਐਂਡਰਿਊ ਤੋਂ ਬਾਅਦ ਹੁਣ ਕੋਲਕਾਤਾ ਤੋਂ ਤੀਜਾ ਸਨਿਫਰ ਡਾਗ ਸਿੰਡੀ ਵੀ ਆ ਗਿਆ ਹੈ। ਤਿੰਨੇ ਸਨਿਫਰ ਡਾਗਜ਼ ਮਿਲ ਕੇ ਅਫਗਾਨਿਸਤਾਨ ਦੇ ਡਰਾਈਫਰੂਟ ਦੀ ਚੈਕਿੰਗ ਕਰਨਗੇ। ਅਫਗਾਨਿਸਤਾਨ ਅਤੇ ਭਾਰਤ ਸਰਕਾਰ ਦੇ ਵਿੱਤ ਮੰਤਰਾਲਾ ਦੇ ਨਿਰਦੇਸ਼ਾਂ ਅਨੁਸਾਰ ਕਸਟਮ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਅਫਗਾਨੀ ਡਰਾਈਫਰੂਟ ਦੀ 10 ਫ਼ੀਸਦੀ ਤੋਂ ਵੱਧ ਚੈਕਿੰਗ ਨਾ ਕਰਨ। ਇਸੇ ਕਾਰਨ ਕਸਟਮ ਵਿਭਾਗ ਨੇ ਪਹਿਲਾਂ ਸਨਿਫਰ ਡਾਗ ਐਂਡਰਿਊ ਨੂੰ ਮੰਗਵਾਇਆ ਅਤੇ ਕੋਲਕਾਤਾ ਤੋਂ 'ਸਿੰਡੀ' ਨੂੰ ਵੀ ਆਈ. ਸੀ. ਪੀ. 'ਤੇ ਤਾਇਨਾਤ ਕਰ ਦਿੱਤਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਨਸ਼ੇ ਵਾਲੀ ਚੀਜ਼ ਬਾਰਡਰ 'ਤੇ ਨਾ ਆ ਸਕੇ।
ਡਾਗ ਟ੍ਰੇਨਿੰਗ ਸਕੂਲ ਆਈ. ਸੀ. ਪੀ. 'ਤੇ ਜਲਦ ਕੰਮ ਸ਼ੁਰੂ
ਕਸਟਮ ਵਿਭਾਗ ਵੱਲੋਂ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਸਨਿਫਰ ਡਾਗ ਟ੍ਰੇਨਿੰਗ ਸਕੂਲ ਲਈ ਵੀ ਛੇਤੀ ਹੀ ਕੰਮ ਸ਼ੁਰੂ ਹੋਣ ਵਾਲਾ ਹੈ। ਇਸ ਦੇ ਲਈ ਕਸਟਮ ਵਿਭਾਗ ਨੇ 2 ਡਾਗ ਟ੍ਰੇਨਰ ਅਤੇ ਹੋਰ ਸਟਾਫ ਲਈ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਡਾਗ ਟ੍ਰੇਨਿੰਗ ਸਕੂਲ ਸ਼ੁਰੂ ਹੋਣ ਤੋਂ ਬਾਅਦ ਕਸਟਮ ਵਿਭਾਗ ਨੂੰ ਅਟਾਰੀ, ਰੇਲਵੇ ਸਟੇਸ਼ਨ ਅਟਾਰੀ, ਅੰਤਰਰਾਸ਼ਟਰੀ ਰੇਲ ਕਾਰਗੋ ਅਤੇ ਐੱਸ. ਜੀ. ਆਰ. ਡੀ. ਏਅਰਪੋਰਟ ਲਈ ਸਨਿਫਰ ਡਾਗਜ਼ ਦੀ ਕਮੀ ਨਹੀਂ ਰਹੇਗੀ।
ਨਹੀਂ ਹੋਇਆ ਬੈਂਕ ਗਾਰੰਟੀ ਵਾਲੇ ਟਰੱਕਾਂ ਦਾ ਆਉਣਾ-ਜਾਣਾ
ਪਾਕਿਸਤਾਨ ਕਸਟਮ ਵਿਭਾਗ ਵੱਲੋਂ ਭਾਰਤੀ ਕਸਟਮ ਨੂੰ ਇਕ ਨੋਟਿਸ ਜਰੀਏ ਸੂਚਿਤ ਕੀਤਾ ਗਿਆ ਸੀ ਕਿ ਦੋਵਾਂ ਵੱਲੋਂ ਬੈਂਕ ਗਾਰੰਟੀ ਵਾਲੇ ਟਰੱਕਾਂ ਦਾ ਆਉਣਾ-ਜਾਣਾ ਸਵੀਕਾਰ ਕਰ ਲਿਆ ਜਾਵੇਗਾ। ਪਿਛਲੇ ਇਕ ਹਫ਼ਤੇ ਤੋਂ ਦੋਵਾਂ ਵੱਲੋਂ ਬੈਂਕ ਗਾਰੰਟੀ ਵਾਲੇ ਟਰੱਕਾਂ ਦਾ ਆਉਣ-ਜਾਣਾ ਨਹੀਂ ਹੋਇਆ, ਜਦਕਿ ਅਫਗਾਨਿਸਤਾਨ ਤੋਂ 1-2 ਟਰੱਕ ਜ਼ਰੂਰ ਆ ਰਹੇ ਹਨ।