ਰਾਹ ਜਾਂਦੀ ਕੁੜੀ ਕੋਲੋਂ ਮੋਬਾਇਲ ਖੋਹਣਾ ਪਿਆ ਮਹਿੰਗਾ, ਭੀੜ ਨੇ ਚਾੜ੍ਹਿਆ ਕੁਟਾਪਾ

7/24/2020 3:33:23 PM

ਨਾਭਾ (ਰਾਹੁਲ) : ਪੰਜਾਬ 'ਚ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਨੌਜਵਾਨ ਮਿਹਨਤ ਕਰਨ ਦੀ ਬਜਾਏ ਲੁੱਟਾਂ-ਖੋਹਾਂ ਕਰਕੇ ਪੈਸਾ ਕਮਾਉਣ ਅਤੇ ਨਸ਼ੇ ਦੀ ਪੂਰਤੀ ਕਰਨ ਲਈ ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹਾ ਹੀ ਮਾਮਲਾ ਨਾਭਾ 'ਚ ਦੇਖਣ ਨੂੰ ਮਿਲਿਆ, ਜਿੱਥੇ ਭਰੇ ਬਾਜ਼ਾਰ 'ਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਇਕ ਕੁੜੀ ਕੋਲੋਂ ਮੋਬਾਇਲ ਖੋਹ ਕੇ ਫਰਾਰ ਹੋ ਗਏ।

ਇਹ ਕੁੜੀ ਘਰੋਂ ਆਪਣੇ ਕੰਮ ਦੇ ਲਈ ਦੁਕਾਨ 'ਤੇ ਜਾ ਰਹੀ ਸੀ। ਮੋਬਾਇਲ ਖੋਹੇ ਜਾਣ ਤੋਂ ਬਾਅਦ ਕੁੜੀ ਨੇ ਰੌਲਾ ਪਾਇਆ ਤਾਂ ਉੱਥੇ ਖੜ੍ਹੇ ਇੱਕ ਸ਼ਖਸ ਨੇ ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਘੇਰ ਲਿਆ ਅਤੇ ਮੋਟਰਸਾਈਕਲ ਸਵਾਰਾਂ 'ਚੋਂ ਇੱਕ ਨੂੰ ਕਾਬੂ ਕਰ ਲਿਆ, ਜਦੋਂ ਕਿ ਬਾਕੀ ਦੇ 2 ਨੌਜਵਾਨ ਭੱਜ ਗਏ। ਇਸ ਤੋਂ ਬਾਅਦ ਫੜ੍ਹੇ ਗਏ ਲੁਟੇਰੇ ਦਾ ਸਥਾਨਕ ਵਾਸੀਆਂ ਨੇ ਰੱਜ ਕੇ ਕੁਟਾਪਾ ਚਾੜ੍ਹਿਆ ਅਤੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਨੌਜਵਾਨ ਚੋਰ ਨੂੰ ਕਾਬੂ ਕਰਨ ਵਾਲੇ ਉਮਰ ਖਾਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਚੋਰਾਂ ਖਿਲਾਫ਼ ਪ੍ਰਸ਼ਾਸਨ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ।


Babita

Content Editor Babita