ਲੁਟੇਰਿਆਂ ਦੇ ਨਿਸ਼ਾਨੇ ''ਤੇ ਪ੍ਰੈੱਸ ਮੁਲਾਜ਼ਮ! ਕੁੱਝ ਘੰਟਿਆਂ ਵਿਚ ਹੀ 2 ਜਗ੍ਹਾ ''ਤੇ ਵਾਪਰੀਆਂ ਲੁੱਟ ਦੀਆਂ ਘਟਨਾਵਾਂ
Tuesday, Nov 10, 2026 - 01:39 PM (IST)
ਲੁਧਿਆਣਾ (ਰਾਜ): ਉਦਯੋਗਿਕ ਮਹਾਨਗਰ ਲੁਧਿਆਣਾ ਵਿਚ ਬੇਖੌਫ਼ ਘੁੰਮ ਰਹੇ ਲੁਟੇਰਿਆਂ ਅਤੇ ਝਪਟਮਾਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਹ ਮੀਡੀਆ ਅਦਾਰੇ ਦੇ ਵਰਕਰਾਂ ਅਤੇ ਅਖ਼ਬਾਰ ਵੰਡਣ ਨਾਲ ਜੁੜੇ ਲੋਕਾਂ ਨੂੰ ਵੀ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ। ਬੀਤੀ ਰਾਤ ਅਤੇ ਅੱਜ ਤੜਕੇ ਲੁਟੇਰਿਆਂ ਨੇ 'ਪੰਜਾਬ ਕੇਸਰੀ' ਦੇ ਸਟਾਫ਼ ਨੂੰ ਆਪਣਾ ਸ਼ਿਕਾਰ ਬਣਾਉਂਦੇ ਹੋਏ ਦੋ ਵੱਖ-ਵੱਖ ਸਨਸਨੀਖੇਜ਼ ਵਾਰਦਾਤਾਂ ਨੂੰ ਅੰਜਾਮ ਦਿੱਤਾ। ਫੋਕਲ ਪੁਆਇੰਟ ਫੇਜ਼-8 ਵਿਚ ਪੰਜਾਬ ਕੇਸਰੀ ਦੇ ਡਰਾਈਵਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਖ਼ੂਨੀ ਹਮਲਾ ਕਰਕੇ ਲੁੱਟ-ਖੋਹ ਕੀਤੀ ਗਈ, ਜਿਸ ਨਾਲ ਚਾਲਕ ਦੇ ਸਿਰ ਅਤੇ ਨੱਕ 'ਤੇ ਗੰਭੀਰ ਸੱਟਾਂ ਲੱਗੀਆਂ ਅਤੇ ਹਸਪਤਾਲ ਵਿਚ ਟਾਂਕੇ ਲਗਾਉਣੇ ਪਏ। ਉੱਥੇ ਹੀ, ਦੂਜੀ ਘਟਨਾ ਵਿਚ ਅੱਜ ਸਵੇਰੇ-ਸਵੇਰੇ ਸ਼ਿੰਗਾਰ ਸਿਨੇਮਾ ਰੋਡ 'ਤੇ ਡਿਊਟੀ 'ਤੇ ਨਿਕਲੇ ਪੰਜਾਬ ਕੇਸਰੀ ਦੇ ਹਾਕਰ (ਅਖ਼ਬਾਰ ਵੰਡਣ ਵਾਲੇ) ਨੂੰ ਘੇਰ ਕੇ ਨਕਦੀ ਲੁੱਟ ਲਈ ਗਈ। ਚੌਵੀ ਘੰਟਿਆਂ ਦੇ ਅੰਦਰ ਇੱਕੋ ਅਦਾਰੇ ਦੇ ਦੋ ਕਰਮਚਾਰੀਆਂ ਨਾਲ ਹੋਈਆਂ ਇਨ੍ਹਾਂ ਖ਼ੂਨੀ ਅਤੇ ਲੁੱਟ ਦੀਆਂ ਵਾਰਦਾਤਾਂ ਨੇ ਮਹਾਨਗਰ ਦੀ ਸੁਰੱਖਿਆ ਵਿਵਸਥਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਫੋਕਲ ਪੁਆਇੰਟ ਫੇਜ਼-8 ਵਿਚ ਡਰਾਈਵਰ 'ਤੇ ਜਾਨਲੇਵਾ ਹਮਲਾ, ਸਿਰ ਅਤੇ ਨੱਕ 'ਤੇ ਲੱਗੇ ਟਾਂਕੇ
ਪਹਿਲੀ ਘਟਨਾ ਫੋਕਲ ਪੁਆਇੰਟ ਫੇਜ਼-8 ਇਲਾਕੇ ਵਿਚ ਕੱਲ੍ਹ ਰਾਤ ਲਗਭਗ 9:20 ਵਜੇ ਵਾਪਰੀ। ਪੰਜਾਬ ਕੇਸਰੀ ਅਖ਼ਬਾਰ ਦਾ ਡਰਾਈਵਰ ਆਪਣੀ ਡਿਊਟੀ ਦੇ ਸਿਲਸਿਲੇ ਵਿਚ ਉਕਤ ਇਲਾਕੇ ਤੋਂ ਲੰਘ ਰਿਹਾ ਸੀ। ਇਸੇ ਦੌਰਾਨ ਘਾਤ ਲਗਾ ਕੇ ਬੈਠੇ ਹਥਿਆਰਬੰਦ ਲੁਟੇਰਿਆਂ ਨੇ ਉਸਨੂੰ ਚਾਰੇ ਪਾਸਿਓਂ ਘੇਰ ਲਿਆ। ਲੁਟੇਰਿਆਂ ਨੇ ਆਉਂਦੇ ਹੀ ਖੋਹ-ਝਪਟ ਸ਼ੁਰੂ ਕਰ ਦਿੱਤੀ ਅਤੇ ਵਿਰੋਧ ਕਰਨ 'ਤੇ ਡਰਾਈਵਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਤਾਬੜਤੋੜ ਵਾਰ ਕਰ ਦਿੱਤੇ। ਇਸ ਖ਼ੂਨੀ ਹਮਲੇ ਵਿਚ ਚਾਲਕ ਦੇ ਸਿਰ ਅਤੇ ਨੱਕ 'ਤੇ ਡੂੰਘੇ ਜ਼ਖ਼ਮ ਹੋ ਗਏ ਅਤੇ ਉਹ ਖ਼ੂਨ ਨਾਲ ਲੱਥਪੱਥ ਹੋ ਕੇ ਉੱਥੇ ਹੀ ਡਿੱਗ ਪਿਆ। ਵਾਰਦਾਤ ਨੂੰ ਅੰਜਾਮ ਦੇ ਕੇ ਲੁਟੇਰੇ ਮੌਕੇ ਤੋਂ ਆਸਾਨੀ ਨਾਲ ਫ਼ਰਾਰ ਹੋ ਗਏ। ਲਹੂ-ਲੁਹਾਣ ਹਾਲਤ ਵਿਚ ਚਾਲਕ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੇ ਸਿਰ ਅਤੇ ਨੱਕ 'ਤੇ ਕਈ ਟਾਂਕੇ ਲਗਾਏ ਹਨ।
ਸ਼ਿੰਗਾਰ ਸਿਨੇਮਾ ਰੋਡ 'ਤੇ ਹਾਕਰ ਨਾਲ ਲੁੱਟ
ਅੱਜ ਸਵੇਰੇ ਲਗਭਗ 6:00 ਵਜੇ ਲੁਟੇਰਿਆਂ ਨੇ ਦੂਜੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਘਟਨਾ ਥਾਣਾ ਡਵੀਜ਼ਨ ਨੰਬਰ-3 ਦੇ ਅਧੀਨ ਆਉਂਦੇ ਸ਼ਿੰਗਾਰ ਸਿਨੇਮਾ ਰੋਡ ਦੀ ਹੈ। ਪੰਜਾਬ ਕੇਸਰੀ ਦਾ ਇਕ ਹਾਕਰ ਸਵੇਰੇ-ਸਵੇਰੇ ਅਖ਼ਬਾਰ ਵੰਡਣ ਦਾ ਕੰਮ ਕਰ ਰਿਹਾ ਸੀ। ਇਸੇ ਦੌਰਾਨ ਅਚਾਨਕ ਆਏ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਅਤੇ ਹਥਿਆਰਾਂ ਦੇ ਜ਼ੋਰ 'ਤੇ ਡਰਾਉਂਦੇ-ਧਮਕਾਉਂਦੇ ਹੋਏ ਉਸ ਦੀ ਤਲਾਸ਼ੀ ਲਈ। ਬਦਮਾਸ਼ ਹਾਕਰ ਦੀ ਜੇਬ ਵਿਚ ਰੱਖੀ ਲਗਭਗ 800 ਰੁਪਏ ਦੀ ਨਕਦੀ ਜ਼ਬਰਦਸਤੀ ਲੁੱਟ ਕੇ ਫ਼ਰਾਰ ਹੋ ਗਏ। ਸਵੇਰੇ-ਸਵੇਰੇ ਵਾਪਰੀ ਇਸ ਘਟਨਾ ਨੇ ਸਥਾਨਕ ਹਾਕਰਾਂ ਅਤੇ ਕੰਮ 'ਤੇ ਨਿਕਲਣ ਵਾਲੇ ਲੋਕਾਂ ਦੇ ਲੂ ਕੰਡੇ ਖੜ੍ਹੇ ਕਰ ਦਿੱਤੇ ਹਨ।
ਸੜਕਾਂ 'ਤੇ ਗੁੰਡਾਰਾਜ: ਆਮ ਜਨਤਾ ਦਾ ਘਰਾਂ ਤੋਂ ਨਿਕਲਣਾ ਹੋਇਆ ਦੁਭਰ
ਮਹਾਨਗਰ ਵਿਚ ਲਗਾਤਾਰ ਵਾਪਰ ਰਹੀਆਂ ਡਕੈਤੀ, ਲੁੱਟ-ਖੋਹ, ਸਨੈਚਿੰਗ ਅਤੇ ਫਾਇਰਿੰਗ ਦੀਆਂ ਵਾਰਦਾਤਾਂ ਤੋਂ ਸ਼ਹਿਰ ਵਾਸੀਆਂ ਵਿਚ ਡੂੰਘੇ ਰੋਸ ਅਤੇ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਸੜਕਾਂ 'ਤੇ ਪੁਲਸ ਦਾ ਕੋਈ ਖ਼ੌਫ਼ ਨਹੀਂ ਬਚਿਆ। ਦਿਨ ਹੋਵੇ ਜਾਂ ਰਾਤ, ਅਪਰਾਧੀ ਬੇਖੌਫ਼ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਸਵੇਰੇ-ਸਵੇਰੇ ਰੋਜ਼ੀ-ਰੋਟੀ ਕਮਾਉਣ ਲਈ ਨਿਕਲਣ ਵਾਲੇ ਮਿਹਨਤਕਸ਼ ਹਾਕਰਾਂ ਅਤੇ ਰਾਤ ਦੇ ਸਮੇਂ ਡਿਊਟੀ ਕਰਨ ਵਾਲੇ ਡਰਾਈਵਰਾਂ ਤੱਕ ਨੂੰ ਸ਼ਰੇਆਮ ਲਹੂ-ਲੁਹਾਣ ਕੀਤਾ ਜਾ ਰਿਹਾ ਹੈ। ਹਾਲਾਤ ਇੰਨੇ ਬਦਤਰ ਹੋ ਚੁੱਕੇ ਹਨ ਕਿ ਆਮ ਨਾਗਰਿਕਾਂ ਦਾ ਘਰ ਤੋਂ ਸੁਰੱਖਿਅਤ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਸ਼ਹਿਰ ਵਾਸੀਆਂ ਅਤੇ ਮੁਲਾਜ਼ਮਾਂ ਨੇ ਪੁਲਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਫੋਕਲ ਪੁਆਇੰਟ ਅਤੇ ਸ਼ਿੰਗਾਰ ਸਿਨੇਮਾ ਰੋਡ ਦੀਆਂ ਘਟਨਾਵਾਂ ਵਿਚ ਸ਼ਾਮਲ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸ਼ਹਿਰ ਭਰ ਵਿਚ ਪੁਲਸ ਗਸ਼ਤ ਵਧਾਈ ਜਾਵੇ।
