ਖੰਨਾ ''ਚ ਦੀਵਾਲੀ ''ਤੇ ਪਟਾਕੇ ਚਲਾਉਂਦਿਆਂ 2 ਦਰਜਨ ਤੋਂ ਵੱਧ ਲੋਕ ਝੁਲਸੇ! ਜ਼ਖ਼ਮੀਆਂ ''ਚ ਬੱਚਿਆਂ ਦੀ ਗਿਣਤੀ ਸਭ ਤੋਂ ਵੱਧ
Monday, Nov 09, 2026 - 02:24 PM (IST)
ਖੰਨਾ (ਵਿਨਾਇਕ): ਦੀਵਾਲੀ ਦੇ ਤਿਉਹਾਰ ਮੌਕੇ ਆਤਿਸ਼ਬਾਜ਼ੀ ਦਾ ਸ਼ੌਕ ਕਈ ਲੋਕਾਂ ਲਈ ਮੁਸੀਬਤ ਬਣ ਗਿਆ। ਖੰਨਾ 'ਚ ਦੀਵਾਲੀ ਦੀ ਰਾਤ ਪਟਾਕੇ ਚਲਾਉਣ ਦੌਰਾਨ ਵਾਪਰੇ ਵੱਖ-ਵੱਖ ਹਾਦਸਿਆਂ 'ਚ 25 ਤੋਂ ਵੱਧ ਲੋਕ ਝੁਲਸਣ ਅਤੇ ਸੱਟਾਂ ਲੱਗਣ ਕਾਰਨ ਜ਼ਖ਼ਮੀ ਹੋ ਗਏ। ਇਨ੍ਹਾਂ 'ਚ ਬੱਚਿਆਂ ਅਤੇ ਨੌਜਵਾਨਾਂ ਦੀ ਗਿਣਤੀ ਵਧੇਰੇ ਦੱਸੀ ਜਾ ਰਹੀ ਹੈ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਖੰਨਾ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦਾ ਮੁੱਢਲਾ ਇਲਾਜ ਕੀਤਾ ਗਿਆ। ਇਨ੍ਹਾਂ 'ਚੋਂ ਦੋ ਮਰੀਜ਼ਾਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਬਿਹਤਰ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਡੇ ਹਸਪਤਾਲ 'ਚ ਰੈਫਰ ਕਰਨਾ ਪਿਆ, ਜਦਕਿ ਬਾਕੀ ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।
4 ਤੋਂ 57 ਸਾਲ ਤੱਕ ਦੇ ਲੋਕ ਹੋਏ ਹਾਦਸਿਆਂ ਦਾ ਸ਼ਿਕਾਰ
ਖੰਨਾ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾ. ਮਨਿੰਦਰ ਭਸੀਨ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਪਟਾਕੇ ਚਲਾਉਣ ਦੌਰਾਨ ਝੁਲਸਣ ਅਤੇ ਸੱਟਾਂ ਲੱਗਣ ਦੀਆਂ ਸ਼ਿਕਾਇਤਾਂ ਨਾਲ 25 ਤੋਂ ਵੱਧ ਲੋਕ ਹਸਪਤਾਲ ਪਹੁੰਚੇ। ਜ਼ਖ਼ਮੀਆਂ ਦੀ ਉਮਰ 4 ਸਾਲ ਤੋਂ ਲੈ ਕੇ 57 ਸਾਲ ਤੱਕ ਹੈ। ਹਸਪਤਾਲ ਪਹੁੰਚਣ ਵਾਲੇ ਮਰੀਜ਼ਾਂ 'ਚ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸ਼ਾਮਲ ਸਨ। ਜ਼ਖ਼ਮੀਆਂ ਦੀ ਗਿਣਤੀ ਨੂੰ ਦੇਖਦਿਆਂ ਹਸਪਤਾਲ ਵੱਲੋਂ ਸਾਰੇ ਮਰੀਜ਼ਾਂ ਨੂੰ ਲੋੜੀਂਦਾ ਇਲਾਜ ਮੁਹੱਈਆ ਕਰਵਾਇਆ ਗਿਆ।
ਜ਼ਖ਼ਮੀਆਂ 'ਚ ਇਹ ਲੋਕ ਸ਼ਾਮਲ
ਹਸਪਤਾਲ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀਆਂ 'ਚ 7 ਸਾਲਾ ਵਿਕਰਮ ਕੁਮਾਰ, 8 ਸਾਲਾ ਆਯਾਸ਼, 21 ਸਾਲਾ ਦੇਵਾਂਸ਼, 12 ਸਾਲਾ ਵੰਸ਼, 11 ਸਾਲਾ ਯੁਵਰਾਜ, 40 ਸਾਲਾ ਸਤਿੰਦਰ, 13 ਸਾਲਾ ਰਾਜਿੰਦਰ, 40 ਸਾਲਾ ਅਮਨਦੀਪ, 8 ਸਾਲਾ ਗੁਰਚਰਨ, 9 ਸਾਲਾ ਹਰਜੀਤ, 34 ਸਾਲਾ ਪਰਮਜੀਤ, 17 ਸਾਲਾ ਭਾਵਿਕ, 13 ਸਾਲਾ ਸੁਖਵਿੰਦਰ, 28 ਸਾਲਾ ਅਰੁਣ, 20 ਸਾਲਾ ਹਰਸ਼, 21 ਸਾਲਾ ਨਿਸ਼ਾ, 12 ਸਾਲਾ ਗੁਰਲੀਨ, 49 ਸਾਲਾ ਰਣਜੀਤ, 13 ਸਾਲਾ ਰਾਜਨ, 8 ਸਾਲਾ ਪ੍ਰਿਆਂਸ਼, 4 ਸਾਲਾ ਸੋਨੂੰ, 20 ਸਾਲਾ ਪੁਲਕਿਤ, 57 ਸਾਲਾ ਪਰਮਜੀਤ, 36 ਸਾਲਾ ਸਤਵੀਰ ਅਤੇ 35 ਸਾਲਾ ਪਰਵੀਨ ਸ਼ਾਮਲ ਹਨ।
ਦੋ ਮਰੀਜ਼ਾਂ ਨੂੰ ਕੀਤਾ ਗਿਆ ਰੈਫਰ
ਡਾ. ਮਨਿੰਦਰ ਭਸੀਨ ਨੇ ਦੱਸਿਆ ਕਿ ਹਸਪਤਾਲ ਪਹੁੰਚਣ ਵਾਲੇ ਸਾਰੇ ਜ਼ਖ਼ਮੀਆਂ ਨੂੰ ਮੁੱਢਲੇ ਇਲਾਜ ਦੇ ਨਾਲ ਲੋੜੀਂਦੀਆਂ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਦੋ ਮਰੀਜ਼ਾਂ ਦੀ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਉੱਚ ਮੈਡੀਕਲ ਕੇਂਦਰ 'ਚ ਰੈਫਰ ਕੀਤਾ ਗਿਆ, ਜਦਕਿ ਬਾਕੀ ਮਰੀਜ਼ਾਂ ਦੀ ਹਾਲਤ ਇਲਾਜ ਤੋਂ ਬਾਅਦ ਸੰਤੋਸ਼ਜਨਕ ਹੋਣ 'ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
