ਸ਼ਾਪਿੰਗ ਕਰਨ ਆਈ ਔਰਤ ਨਾਲ ਹੋਈ ਲੁੱਟ! ਗਲੇ ''ਚੋਂ ਸੋਨੇ ਦੀ ਚੇਨ ਲਾਹ ਕੇ ਲੈ ਗਏ ਲੁਟੇਰੇ

Thursday, Jul 02, 2026 - 02:37 PM (IST)

ਸ਼ਾਪਿੰਗ ਕਰਨ ਆਈ ਔਰਤ ਨਾਲ ਹੋਈ ਲੁੱਟ! ਗਲੇ ''ਚੋਂ ਸੋਨੇ ਦੀ ਚੇਨ ਲਾਹ ਕੇ ਲੈ ਗਏ ਲੁਟੇਰੇ

ਖੰਨਾ (ਵਿਪਨ): ਖੰਨਾ ਵਿਚ ਇਕ ਮਹਿਲਾ ਤੋਂ ਸੋਨੇ ਦੀ ਚੇਨ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ। ਇਹ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਫੁਟੇਜ ਵਿਚ 3 ਬਾਈਕ ਸਵਾਰ ਲੁਟੇਰੇ ਕੁਝ ਹੀ ਸਕਿੰਟਾਂ ਵਿਚ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫ਼ਰਾਰ ਹੁੰਦੇ ਦਿਖ ਰਹੇ ਹਨ। ਜਾਣਕਾਰੀ ਮੁਤਾਬਕ, ਇਹ ਘਟਨਾ ਪੀਰ ਖਾਨਾ ਰੋਡ 'ਤੇ ਹੋਈ। ਮਹਿਲਾ ਆਪਣੀ ਸਕੂਟਰੀ 'ਤੇ ਇਕ ਦੁਕਾਨ 'ਤੇ ਖਰੀਦਦਾਰੀ ਕਰਨ ਪਹੁੰਚੀ ਸੀ। ਦੁਕਾਨ ਤੋਂ ਸਾਮਾਨ ਲੈ ਕੇ ਬਾਹਰ ਨਿਕਲਣ ਮਗਰੋਂ ਜਿਉਂ ਹੀ ਉਹ ਆਪਣੀ ਸਕੂਟਰੀ ਦੀ ਡਿੱਗੀ ਵਿਚ ਸਾਮਾਨ ਰੱਖਣ ਲੱਗੀ, ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। 

ਮੌਕੇ ਦੀ ਸੀ. ਸੀ. ਟੀ. ਵੀ. ਫੁਟੇਜ ਮੁਤਾਬਕ, ਤਿੰਨੋ ਲੁਟੇਰੇ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ। ਉਨ੍ਹਾਂ ਵਿਚੋਂ ਇਕ ਬਾਈਕ 'ਤੇ ਬੈਠਿਆ ਰਿਹਾ, ਜਦਕਿ ਉਸ ਦੇ ਦੋ ਸਾਥੀ ਦੁਕਾਨ ਦੇ ਬਾਹਰ ਮਹਿਲਾ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਸਨ। ਮਹਿਲਾ ਦੇ ਸਕੂਟਰੀ ਨੇੜੇ ਪਹੁੰਚਦਿਆਂ ਹੀ, ਇਕ ਬਦਮਾਸ਼ ਮਗਰੋਂ ਆਇਆ ਤੇ ਉਸ ਦੇ ਗਲੇ 'ਚੋਂ ਸੋਨੇ ਦੀ ਚੇਨ ਝਪਟ ਲਈ। ਇਸ ਮਗਰੋਂ ਉਹ ਤੇਜ਼ੀ ਨਾਲ ਮੋਟਰਸਾਈਕਲ 'ਤੇ ਬੈਠਿਆ ਤੇ ਤਿੰਨੋ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। 

ਵਾਰਦਾਤ ਮਗਰੋਂ ਮਹਿਲਾ ਨੇ ਰੌਲ਼ਾ ਪਾਉਂਦਿਆਂ ਲੁਟੇਰਿਆਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਸੜਕ 'ਤੇ ਡਿੱਗ ਗਈ। ਮਹਿਲਾ ਦੀ ਆਵਾਜ਼ ਸੁਣ ਕੇ ਸਾਹਮਣਿਓਂ ਆ ਰਿਹਾ ਇਕ ਵਿਅਕਤੀ ਵੀ ਲੁਟੇਰਿਆਂ ਨੂੰ ਰੋਕਣ ਲਈ ਅੱਗੇ ਵਧਿਆ। ਇਸੇ ਦੌਰਾਨ ਬਾਈਕ 'ਤੇ ਪਿੱਛੇ ਬੈਠੇ ਇਕ ਮੁਲਜ਼ਮ ਨੇ ਤੇਜ਼ਧਾਰ ਹਥਿਆਰ ਕੱਢ ਕੇ ਉਸ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਹਥਿਆਰ ਵੇਖ ਕੇ ਆਲੇ-ਦੁਆਲੇ ਮੌਜੂਦ ਲੋਕ ਪਿੱਛੇ ਹੱਟ ਗਏ, ਜਿਸ ਦਾ ਫ਼ਾਇਦਾ ਚੁੱਕ ਕੇ ਤਿੰਨੋ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਸਬੰਧੀ ਮਹਿਲਾ ਨੇ ਸਿਟੀ ਥਾਣਾ - 2 ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਐੱਸ. ਐੱਚ. ਓ. ਤਰਵਿੰਦਰ ਬੇਦੀ ਨੇ ਦੱਸਿਆ ਕਿ ਪੁਲਸ ਸੀ. ਸੀ. ਟੀ. ਵੀ. ਫੁਟੇਜ ਦੇ  ਅਧਾਰ 'ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ ਮੁਲਜ਼ਮਾਂ ਨੂੰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕੀਤਾ ਜਾ ਸਕੇ। 
 


author

Anmol Tagra

Content Editor

Related News