ਖਾਲੀ ਪਲਾਟ ''ਚੋਂ 2 ਕੋਬਰਿਆਂ ਸਮੇਤ 16 ਜ਼ਹਿਰੀਲੇ ਸੱਪ ਫੜੇ

06/24/2018 6:38:56 AM

ਲੁਧਿਆਣਾ (ਮੋਹਿਨੀ) - ਕਾਕੋਵਾਲ ਰੋਡ ਸਥਿਤ ਸੰਤ ਸਿੰਘ ਚੀਮਾ ਨਗਰ ਵਿਚ ਇਕ ਖਾਲੀ ਪਲਾਟ ਵਿਚੋਂ 16 ਜ਼ਹਿਰੀਲੇ ਸੱਪਾਂ ਨੂੰ ਫੜਿਆ ਗਿਆ ਹੈ। ਖਾਲੀ ਪਲਾਟ ਦੇ ਆਲੇ-ਦੁਆਲੇ ਕੁਝ ਦਿਨਾਂ ਤੋਂ ਖੇਡ ਰਹੇ ਬੱਚੇ 2-3 ਸੱਪ ਦੇਖ ਕੇ ਘਬਰਾ ਗਏ। ਉਨ੍ਹਾਂ ਕਿਹਾ ਕਿ ਇਸ ਪਲਾਟ ਵਿਚ ਕਈ ਹੋਰ ਵੀ ਸੱਪ ਹੋ ਸਕਦੇ ਹਨ। ਇਨ੍ਹਾਂ ਸੱਪਾਂ ਦੇ ਹੋਣ ਦੀ ਖਬਰ ਮੁਹੱਲੇ ਵਿਚ ਅੱਗ ਵਾਂਗ ਫੈਲਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਮੁਹੱਲਾ ਨਿਵਾਸੀਆਂ ਨੇ ਦੋਰਾਹਾ ਵਿਚ ਰਹਿ ਰਹੇ ਸਪੇਰਿਆਂ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੂੰ ਅੱਜ ਸਵੇਰ ਬੁਲਾ ਲਿਆ। ਸਪੇਰਿਆਂ ਦੇ ਪੁੱਜਣ 'ਤੇ ਚਾਰੇ ਪਾਸੇ ਲੋਕ ਇਕੱਠੇ ਹੋ ਗਏ। ਸਪੇਰਿਆਂ ਨੇ 2-3 ਘੰਟੇ ਦੀ ਸਖਤ ਮਿਹਨਤ ਨਾਲ ਕਰੀਬ 16 ਸੱਪਾਂ ਨੂੰ ਫੜ ਕੇ ਆਪਣੇ ਕਬਜ਼ੇ ਵਿਚ ਲੈ ਲਿਆ।
ਸਪੇਰਿਆਂ ਨੇ ਦੱਸਿਆ ਕਿ ਇਨ੍ਹਾਂ ਸੱਪਾਂ ਵਿਚ 2 ਸੱਪ ਕੋਬਰਾ ਨਸਲ ਦੇ ਤੇ ਬਾਕੀ ਹੋਰ ਵੱਖ-ਵੱਖ ਨਸਲਾਂ ਦੇ ਹਨ, ਜੋ ਬਹੁਤ ਹੀ ਜ਼ਹਿਰੀਲੇ ਹੁੰਦੇ ਹਨ। ਸਪੇਰਿਆਂ ਨੇ ਕਈ ਸੱਪਾਂ ਦਾ ਜ਼ਹਿਰ ਮੌਕੇ 'ਤੇ ਹੀ ਕੱਢ ਦਿੱਤਾ। ਇਕ ਸਪੇਰੇ ਨੇ ਦੱਸਿਆ ਕਿ ਇਨ੍ਹਾਂ ਦੀ ਲੰਬਾਈ 3 ਫੁੱਟ ਤੋਂ ਲੈ ਕੇ 8 ਫੁੱਟ ਤੱਕ ਦੀ ਹੈ। ਇਨ੍ਹਾਂ ਸੱਪਾਂ ਦੇ ਫੜੇ ਜਾਣ ਤੱਕ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਸਾਰੇ ਮਾਂ-ਬਾਪ ਆਪਣੇ ਬੱਚਿਆਂ ਨੂੰ ਇਸ ਜਗ੍ਹਾ 'ਤੇ ਨਾ ਖੇਡਣ ਦੀਆਂ ਨਸੀਹਤਾਂ ਦੇ ਰਹੇ ਸਨ। ਇਲਾਕਾ ਨਿਵਾਸੀਆਂ ਸੰਜੇ ਸ਼ਰਮਾ, ਬੰਟੀ, ਮਹੇਸ਼ ਨੇ ਇਲਾਕਾ ਕੌਂਸਲਰ ਤੇ ਨਿਗਮ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਖਾਲੀ ਪਲਾਟਾਂ ਵਿਚ ਲੱਗੀ ਜੰਗਲੀ ਬੂਟੀ ਤੇ ਘਾਹ ਨਸ਼ਟ ਕਰ ਕੇ ਸਾਫ-ਸਫਾਈ ਕਰਵਾਈ ਜਾਵੇ ਤਾਂ ਕਿ ਇਲਾਕਾ ਵਾਸੀ ਸੁੱਖ ਦਾ ਸਾਹ ਲੈ ਸਕਣ।

 


Related News