ਸੱਪ ਦੇ ਡੰਗਣ ਕਾਰਨ ਮਜ਼ਦੂਰ ਦੀ ਮੌਤ

Tuesday, Aug 19, 2025 - 11:40 AM (IST)

ਸੱਪ ਦੇ ਡੰਗਣ ਕਾਰਨ ਮਜ਼ਦੂਰ ਦੀ ਮੌਤ

ਫ਼ਾਜ਼ਿਲਕਾ (ਕ੍ਰਿਸ਼ਨ) : ਫਾਜ਼ਿਲਕਾ ਦੇ ਪਿੰਡ ਨਵਾਂ ਸਲੇਮਸ਼ਾਹ ਨਿਵਾਸੀ ਇਕ ਮਜ਼ਦੂਰ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਚਰਨ ਸਿੰਘ (45) ਦੇ ਭਰਾ ਮੇਹਰ ਸਿੰਘ ਅਤੇ ਰਿਸ਼ਤੇਦਾਰ ਮਹਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਸਵੇਰੇ ਕਰੀਬ 7 ਵਜੇ ਉਹ ਖੇਤ ’ਚ ਪਸ਼ੂਆਂ ਦਾ ਚਾਰਾ ਕੱਟਣ ਲਈ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਰੀਬ 8 ਵਜੇ ਉਸ ਨਾਲ ਹੋਈ ਇਸ ਘਟਨਾ ਬਾਰੇ ਕਿਸੇ ਵੱਲੋਂ ਸੂਚਨਾ ਮਿਲੀ। ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਉਹ ਉੱਥੇ ਲੇਟਿਆ ਹੋਇਆ ਸੀ।

ਇਸ ਤੋਂ ਬਾਅਦ ਉਨ੍ਹਾਂ ਉਸ ਨੂੰ ਘਰ ਲਿਆ ਕੇ ਦੇਖਿਆ ਤਾਂ ਉਸ ਦੇ ਪੈਰ ’ਤੇ ਸੱਪ ਦੇ ਡੰਗਣ ਦੇ ਨਿਸ਼ਾਨ ਨਜ਼ਰ ਆ ਰਹੇ ਸਨ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਚਿਣਾਈ ਦਾ ਕੰਮ ਕਰਦਾ ਸੀ ਅਤੇ ਫਾਜ਼ਿਲਕਾ ’ਚ ਬਾਜ਼ਾਰ ਦੇ ਚੌਂਕ ’ਚ ਹੋਰ ਮਜ਼ਦੂਰਾਂ ਨਾਲ ਮਜ਼ਦੂਰੀ ਮਿਲਣ ਦੀ ਆਸ ਲਾਈ ਖੜ੍ਹ ਜਾਂਦਾ ਸੀ। ਘਟਨਾ ਵਾਲੇ ਦਿਨ ਵੀ ਉਸ ਨੇ ਘਰ ਪਸ਼ੂਆਂ ਲਈ ਚਾਰਾ ਲਿਆ ਕੇ ਮਜ਼ਦੂਰੀ ਦੀ ਭਾਲ ਲਈ ਸ਼ਹਿਰ ਜਾਣਾ ਸੀ ਅਤੇ ਇਸ ਤੋਂ ਪਹਿਲਾਂ ਉਸ ਨਾਲ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਹੁਤ ਗਰੀਬ ਹਨ ਅਤੇ ਮਿਹਨਤ-ਮਜ਼ਦੂਰੀ ਕਰਦੇ ਹਨ। ਮ੍ਰਿਤਕ ਦੇ ਪਰਿਵਾਰ ’ਚ ਇੱਕੋ ਓਹੀ ਕਮਾਉਣ ਵਾਲਾ ਸੀ। ਇਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਸਰਕਾਰ ਤੋਂ ਉਨ੍ਹਾਂ ਦੀ ਆਰਥਿਕ ਮਦਦ ਦੀ ਮੰਗ ਕੀਤੀ ਹੈ।


author

Babita

Content Editor

Related News