ਸਾਂਭਰ ਨੂੰ ਨਿਗਲਣ ਲੱਗਾ ਸੀ ਅਜਗਰ, ਥਾਣਾ ਮੁਖੀ ਨੇ ਬਚਾਈ ਜਾਨ

Monday, Jun 15, 2020 - 01:52 PM (IST)

ਸਾਂਭਰ ਨੂੰ ਨਿਗਲਣ ਲੱਗਾ ਸੀ ਅਜਗਰ, ਥਾਣਾ ਮੁਖੀ ਨੇ ਬਚਾਈ ਜਾਨ

ਹੁਸ਼ਿਆਰਪੁਰ (ਅਮਰਿੰਦਰ)— ਕੇਰਲ 'ਚ ਗਰਭਵਤੀ ਹੱਥਣੀ ਦੀ ਅਨਾਨਾਸ 'ਚ ਵਿਸਫੋਟਕ ਪਦਾਰਥ ਦੇਣ ਨਾਲ ਹੋਈ ਮੌਤ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਹਰਿਆਣਾ ਨਾਲ ਜਨੌੜੀ ਪਿੰਡ ਨਾਲ ਲੱਗਦੇ ਜੰਗਲ 'ਚੋਂ ਇਕ ਵੀਡੀਓ ਵਾਇਰਲ ਹੋਇਆ ਹੈ। ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਸੜਕ 'ਤੇ ਇਕ ਵਿਸ਼ਾਲਕਾਰੀ ਅਜਗਰ ਇਕ ਜੰਗਲੀ ਸਾਂਭਰ ਨੂੰ ਨਿਗਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਉੱਥੇ ਦੇਵਦੂਤ ਦੀ ਤਰ੍ਹਾਂ ਪੁੱਜੇ ਹਰਿਆਣਾ ਥਾਣੇ 'ਚ ਤਾਇਨਾਤ ਇੰਸਪੈਕਟਰ ਸੁਰਜੀਤ ਸਿੰਘ ਮਾਂਗਟ ਨੇ ਉਨ੍ਹਾਂ ਨਾਲ ਮੌਜੂਦ 4 ਕਾਂਸਟੇਬਲਾਂ ਅਤੇ ਜੰਗਲਾਤ ਮਹਿਕਮੇ ਦੇ ਕਾਮਿਆਂ ਦੀ ਮਦਦ ਨਾਲ ਸਾਂਭਰ ਨੂੰ ਅਜਗਰ ਤੋਂ ਛੁਡਵਾ ਕੇ ਉਸਦੀ ਜਾਨ ਬਚਾਈ। ਅਜਗਰ ਦੀ ਚੁੰਗਲ 'ਚ ਫਸੇ ਸਾਂਭਰ ਦੀ ਵੀਡੀਓ ਦੇ ਵਾਇਰਲ ਹੁੰਦੇ ਹੀ ਹਰਿਆਣਾ ਥਾਣੇ ਦੇ ਐੱਸ. ਐੱਚ. ਓ. ਇੰਸਪੈਕਟਰ ਸੁਰਜੀਤ ਸਿੰਘ ਮਾਂਗਟ ਵੱਲੋਂ ਦਿਖਾਈ ਉਦਾਰਤਾ ਦੀ ਸਾਰੇ ਪਾਸੇ ਜਮ ਕੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

ਅਜਗਰ ਨੇ ਸਾਂਭਰ ਨੂੰ ਬੁਰੀ ਤਰ੍ਹਾਂ ਨਾਲ ਜਕੜ ਰੱਖਿਆ ਸੀ
ਥਾਣਾ ਮੁਖੀ ਹਰਿਆਣਾ ਇੰਸਪੈਕਟਰ ਸੁਰਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਉਹ ਆਪਣੇ 4 ਕਾਂਸਟੇਬਲਾਂ ਨਾਲ ਕੋਟ ਪਟਿਆਲ ਪਿੰਡ 'ਚ ਲੱਗੇ ਨਾਕੇ ਦੀ ਚੈਕਿੰਗ ਲਈ ਥਾਣੇ ਤੋਂ ਨਿੱਕਲੇ ਸਨ।
ਹਰਿਆਣਾ-ਢੋਲਵਾਹਾ ਰੋਡ 'ਤੇ ਜਦੋਂ ਉਨ੍ਹਾਂ ਦੀ ਗੱਡੀ ਜਨੌੜੀ ਪਿੰਡ ਨੂੰ ਪਾਰ ਕਰਕੇ ਜੰਗਲੀ ਖੇਤਰ 'ਚੋਂ ਗੁਜ਼ਰ ਰਹੀ ਸੀ ਤਾਂ ਉਨ੍ਹਾਂ ਨੂੰ ਕਿਸੇ ਜਾਨਵਰ ਦੀ ਚੀਕ ਸੁਣਾਈ ਦਿੱਤੀ। ਉਨ੍ਹਾਂ ਨੇ ਗੱਡੀ ਰੁਕਵਾ ਕੇ ਵੇਖਿਆ ਕਿ ਕਰੀਬ 10 ਫੁੱਟ ਲੰਮੇ ਅਜਗਰ ਨੇ ਸਾਂਭਰ ਨੂੰ ਬੁਰੀ ਤਰ੍ਹਾਂ ਨਾਲ ਜਕੜ ਰੱਖਿਆ ਸੀ। ਇਸ ਦੌਰਾਨ ਉਹ ਸਾਂਭਰ ਨੂੰ ਅਜਗਰ ਦੀ ਚੁੰਗਲ 'ਚੋਂ ਛੁਡਵਾਉਣ 'ਚ ਜੁਟ ਗਏ। ਮਾਂਗਟ ਨੇ ਦੱਸਿਆ ਕਿ ਖੌਫਨਾਕ ਅਜਗਰ ਲਗਾਤਾਰ ਫੁੰਕਾਰ ਮਾਰਦਾ ਹੋਇਆ ਸਾਂਭਰ ਨੂੰ ਬੁਰੀ ਤਰ੍ਹਾਂ ਨਾਲ ਜਕੜਦੇ ਹੋਏ ਉਸਨੂੰ ਨਿਗਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਾਂਭਰ ਨੂੰ ਬਚਾਉਣ ਲਈ ਫਾਰੈਸਟ ਅਫ਼ਸਰ ਪਰਮਿੰਦਰ ਸਿੰਘ ਨੂੰ ਬੁਲਾ ਕੇ ਇਕ ਲੰਬੇ ਬਾਂਸ ਦੇ ਜ਼ਰੀਏ ਅਜਗਰ ਦੇ ਸਿਰ 'ਤੇ ਵਾਰ ਕੀਤਾ ਗਿਆ। ਅਜਗਰ ਨੇ ਪਹਿਲਾਂ ਤਾਂ ਪਲਟਵਾਰ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਅਗਲੇ ਹੀ ਪਲ ਉਹ ਸਾਂਭਰ ਨੂੰ ਛੱਡ ਕੇ ਜੰਗਲਾਂ ਵੱਲ ਚਲਾ ਗਿਆ।

ਅਜਗਰ ਵੱਲੋਂ ਛੁਟਕਾਰਾ ਮਿਲਦੇ ਹੀ ਜੰਗਲ ਵੱਲ ਸਰਪੱਟ ਭੱਜਿਆ ਸਾਂਭਰ
ਜਨੌੜੀ ਪਿੰਡ ਦੇ ਜੰਗਲ 'ਚ ਇਸ ਪੂਰੀ ਘਟਨਾ ਦੀ ਕਿਸੇ ਨੇ ਵੀਡੀਓ ਬਣਾ ਉਸਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਵੀਡੀਓ 'ਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਵਿਸ਼ਾਲ ਅਜਗਰ ਦੀ ਚੁੰਗਲ 'ਚੋਂ ਆਜ਼ਾਦ ਹੁੰਦੇ ਹੀ ਸਾਂਭਰ ਵੀ ਜੰਗਲ ਵੱਲ ਭੱਜ ਨਿਕਲਦਾ ਹੈ।


author

shivani attri

Content Editor

Related News