ਸਾਊਦੀ ਅਰਬ ਤੋਂ ਹੈਰੋਇਨ ਦੀ ਸਮੱਗਲਿੰਗ ਕਰਨ ਭਾਰਤ ਆਏ ਸਮੱਗਲਰ ਸਮੇਤ 3 ਕਾਬੂ

Tuesday, Jan 02, 2018 - 04:35 AM (IST)

ਸਾਊਦੀ ਅਰਬ ਤੋਂ ਹੈਰੋਇਨ ਦੀ ਸਮੱਗਲਿੰਗ ਕਰਨ ਭਾਰਤ ਆਏ ਸਮੱਗਲਰ ਸਮੇਤ 3 ਕਾਬੂ

ਲੁਧਿਆਣਾ(ਰਿਸ਼ੀ)-ਸਾਊਦੀ ਅਰਬ ਦਾ ਰਹਿਣ ਵਾਲਾ ਇਕ ਨੌਜਵਾਨ ਸਾਹਿਲਦੀਪ ਸਿੰਘ (22) ਜਲਦੀ ਅਮੀਰ ਬਣਨ ਦੇ ਸੁਪਨੇ ਲੈ ਕੇ ਆਪਣੇ ਇਕ ਸਮੱਗਲਰ ਰਿਸ਼ਤੇਦਾਰ ਦੇ ਕਹਿਣ 'ਤੇ ਹੈਰੋਇਨ ਦੀ ਸਮੱਗਲਿੰਗ ਕਰਨ ਲਈ ਭਾਰਤ ਆ ਗਿਆ।  6 ਮਹੀਨਿਆਂ 'ਚ ਵਿਦੇਸ਼ੀ ਲੜਕਿਆਂ ਤੋਂ ਦਿੱਲੀ 'ਚ ਹੈਰੋਇਨ ਖਰੀਦ ਕੇ ਪੰਜਾਬ 'ਚ ਜੰਮ ਕੇ ਸਪਲਾਈ ਕੀਤੀ। ਪੈਸੇ ਇਕੱਠੇ ਕਰ ਕੇ ਜਦ ਉਹ ਵਾਪਸ ਸਾਊਦੀ ਅਰਬ ਜਾਣ ਲਈ ਜਹਾਜ਼ 'ਚ ਬੈਠਣ ਦੀ ਤਿਆਰੀ ਕਰ ਰਿਹਾ ਸੀ ਤਾਂ ਐਂਟੀ ਨਾਰਕੋਟਿਕਸ ਸੈੱਲ ਪੁਲਸ ਨੇ ਉਸ ਨੂੰ 2 ਹੋਰ ਸਮੱਗਲਰਾਂ ਅਵਨਿੰਦਰ (28) ਨਿਵਾਸੀ ਡੇਹਲੋਂ ਅਤੇ ਗੁਰਪ੍ਰੀਤ ਸਿੰਘ (35) ਨਿਵਾਸੀ ਸਾਹਨੇਵਾਲ ਸਮੇਤ ਦਬੋਚ ਲਿਆ। ਪੁਲਸ ਨੇ ਤਿੰਨਾਂ ਕੋਲੋਂ 5 ਕਰੋੜ ਦੀ ਕੀਮਤ ਦੀ 1.5 ਕਿਲੋਗ੍ਰਾਮ ਹੈਰੋਇਨ ਬਰਾਮਦ ਕਰ ਕੇ ਥਾਣਾ ਡਵੀਜ਼ਨ ਨੰ. 2 ਅਤੇ ਡਵੀਜ਼ਨ ਨੰ. 3 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦੇ ਡੀ. ਸੀ. ਪੀ. ਕ੍ਰਾਈਮ ਗਗਨ ਅਜੀਤ ਸਿੰਘ ਅਤੇ ਏ. ਸੀ. ਪੀ. ਕ੍ਰਾਈਮ ਮਨਿੰਦਰ ਬੇਦੀ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈੱਲ ਦੀ ਪੁਲਸ ਨੇ ਇੰਸਪੈਕਟਰ ਸੁਰਿੰਦਰ ਸਿੰਘ ਦੇ ਨਾਲ ਸੋਮਵਾਰ ਨੂੰ ਸੂਚਨਾ ਦੇ ਆਧਾਰ 'ਤੇ ਸਿਵਲ ਹਸਪਤਾਲ ਦੇ ਕੋਲ ਨਾਕਾਬੰਦੀ ਕੀਤੀ ਹੋਈ ਸੀ। ਤਦ ਮਨਟੇਰੋ 'ਚ ਸਵਾਰ ਸਮੱਗਲਰ ਸਾਹਿਲਦੀਪ ਸਿੰਘ ਅਤੇ ਅਵਨਿੰਦਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਕੋਲੋਂ ਉਕਤ ਖੇਪ ਬਰਾਮਦ ਹੋਈ, ਜਿਸ ਦੇ ਬਾਅਦ ਪੁਲਸ ਨੇ ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਡਵੀਜ਼ਨ ਨੰ. 3 ਕੋਲੋਂ ਤੀਜੇ ਸਮੱਗਲਰ ਗੁਰਪ੍ਰੀਤ ਨੂੰ ਵੀ ਸਕੌਡਾ ਕਾਰ ਸਮੇਤ ਦਬੋਚਿਆ।  ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਸਾਹਿਲਦੀਪ ਜਲਦੀ ਅਮੀਰ ਬਣਨ ਲਈ ਨਸ਼ਾ ਸਮੱਗਲਿੰਗ ਕਰਨ ਭਾਰਤ ਆਇਆ ਸੀ। ਸਾਹਿਲ ਦਾ ਇਕ ਰਿਸ਼ਤੇਦਾਰ ਜੋ ਇਸ ਸਮੇਂ ਵਿਦੇਸ਼ ਵਿਚ ਹੈ, ਉਹ ਨਸ਼ਾ ਸਮੱਗਲਿੰਗ ਦਾ ਕੰਮ ਕਰਦਾ ਹੈ। ਉਸ ਨੇ ਸਾਹਿਲ ਨੂੰ ਦਿੱਲੀ ਦੇ ਵੱਡੇ ਸਮੱਗਲਰਾਂ ਦੇ ਨਾਲ ਮਿਲਾਇਆ ਸੀ, ਹੁਣ ਉਹ ਵਾਪਸ ਜਾਣ ਦੀ ਫਿਰਾਕ 'ਚ ਸੀ ਅਤੇ ਉਸ ਦਾ ਵੀਜ਼ਾ ਲੱਗ ਚੁੱਕਾ ਸੀ ਪਰ ਪੁਲਸ ਨੇ ਪਹਿਲਾਂ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ। 
ਨਵੇਂ ਸਾਲ 'ਚ ਪੁਲਸ ਨੇ ਤੋੜੀ ਸਮੱਗਲਰਾਂ ਦੀ ਲੜੀ
ਡੀ. ਸੀ. ਪੀ. ਕ੍ਰਾਈਮ ਗਗਨ ਅਜੀਤ ਅਤੇ ਏ. ਸੀ. ਪੀ. ਕ੍ਰਾਈਮ ਮਨਿੰਦਰ ਬੇਦੀ ਨੇ ਦੱਸਿਆ ਕਿ ਪੰਜਾਬ ਪੁਲਸ ਨੇ ਨਸ਼ਾ ਸਮੱਗਲਿੰਗ ਦੀ ਲੜੀ ਤੋੜ ਕੇ ਉੱਚ ਅਧਿਕਾਰੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ। ਸਾਹਿਲਦੀਪ ਵਿਦੇਸ਼ੀ ਨੌਜਵਾਨਾਂ ਤੋਂ ਹੈਰੋਇਨ ਖਰੀਦ ਕੇ, ਅਵਨਿੰਦਰ ਸਿੰਘ ਨੂੰ ਵੇਚਦਾ ਸੀ, ਜੋ ਲੁਧਿਆਣਾ ਦਾ ਹੋਲਸੇਲਰ ਸੀ, ਜਿਸ ਤੋਂ ਅੱਗੇ 5 ਹੋਰ ਸਮੱਗਲਰ ਥੋੜ੍ਹੀ-ਥੋੜ੍ਹੀ ਮਾਤਰਾ 'ਚ ਨਸ਼ਾ ਖਰੀਦ ਕੇ ਲਿਜਾਂਦੇ ਸਨ, ਪੁਲਸ ਨੇ ਉਸ ਦੇ ਇਕ ਗਾਹਕ ਗੁਰਪ੍ਰੀਤ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ। ਉਕਤ ਦੋਸ਼ੀ ਦਿੱਲੀ ਤੋਂ 1800 ਰੁਪਏ ਪ੍ਰਤੀ ਗ੍ਰਾਮ ਹੈਰੋਇਨ ਖਰੀਦ ਕੇ 3500 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਵੇਚਦੇ ਸਨ।
ਚੰਡੀਗੜ੍ਹ 'ਚ ਲਿਆ ਕਿਰਾਏ ਦਾ ਫਲੈਟ
ਸਾਹਿਲਦੀਪ ਦਾ ਪੁਸ਼ਤੈਨੀ ਪਿੰਡ ਅੰਮ੍ਰਿਤਸਰ ਜ਼ਿਲੇ 'ਚ ਹੈ ਪਰ ਬਾਹਰ ਜਨਮ ਹੋਣ ਕਾਰਨ ਭਾਰਤ ਆ ਕੇ ਚੰਡੀਗੜ੍ਹ 'ਚ ਕਿਰਾਏ ਦਾ ਫਲੈਟ ਲਿਆ ਹੋਇਆ ਹੈ। ਉਥੋਂ ਨਸ਼ੇ ਦਾ ਨੈੱਟਵਰਕ ਚਲਾ ਰਿਹਾ ਸੀ। ਸਾਹਿਲ ਦਾ ਸਭ ਤੋਂ ਪਹਿਲਾ ਗਾਹਕ ਅਵਨਿੰਦਰ ਹੀ ਸੀ, ਜਿਸ ਨੂੰ ਸਮੱਗਲਰ ਦੇ ਰਿਸ਼ਤੇਦਾਰ ਨੇ ਮਿਲਾਇਆ ਸੀ। ਅਵਨਿੰਦਰ ਖਿਲਾਫ ਲੜਾਈ-ਝਗੜੇ, ਇਰਾਦਾ ਕਤਲ ਸਮੇਤ ਕਈ ਮਾਮਲੇ ਦਰਜ ਹਨ। 
ਇਕੱਠੇ ਕਰਦੇ ਸੀ ਫੈਕਟਰੀ 'ਚ ਕੰਮ
ਪੁਲਸ ਅਨੁਸਾਰ ਅਵਨਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਇਕੱਠੇ ਫੈਕਟਰੀ 'ਚ ਕੰਮ ਕਰਦੇ ਸਨ ਅਤੇ ਅਮੀਰ ਬਣਨ ਲਈ ਹੈਰੋਇਨ ਸਮੱਗਲਰ ਬਣ ਗਏ, ਗੁਰਪ੍ਰੀਤ ਖਿਲਾਫ ਪਹਿਲਾਂ ਸ਼ਰਾਬ ਸਮੱਗਲਿੰਗ ਦੇ ਕਈ ਕੇਸ ਦਰਜ ਹਨ। 


Related News