ਨਸ਼ਾ ਤਸਕਰਾਂ ਕੋਲੋਂ 21 ਕਿੱਲੋ ਹੈਰੋਇਨ ਤੇ ਡਰੱਗ ਮਨੀ ਨਾਲ ਭਰੇ ਦੋ ਬੈਗ ਬਰਾਮਦ, ਦੋ ਗ੍ਰਿਫ਼ਤਾਰ : ਡੀਜੀਪੀ

Wednesday, Sep 08, 2021 - 05:05 PM (IST)

ਕੁਰਾਲੀ (ਹਰੀਸ਼ ਬਠਲਾ) : ਪੰਜਾਬ ਪੁਲਸ ਤੋਂ ਮਿਲੀ ਪੁਖਤਾ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਜੰਮੂ-ਕਸ਼ਮੀਰ ਪੁਲਸ ਅਤੇ ਭਾਰਤੀ ਫੌਜ ਵੱਲੋਂ ਚਲਾਏ ਸਾਂਝੇ ਆਪ੍ਰੇਸ਼ਨ ਤਹਿਤ ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਰਾਜੌਰੀ ਤੋਂ 1.64 ਕਰੋੜ ਰੁਪਏ ਦੀ ਡਰੱਗ ਮਨੀ ਨਾਲ ਭਰੇ ਦੋ ਬੈਗ ਬਰਾਮਦ ਕੀਤੇ ਹਨ। ਇਹ ਡਰੱਗ ਮਨੀ ਕਥਿਤ ਤੌਰ ’ਤੇ ਅੰਮ੍ਰਿਤਸਰ ਦਿਹਾਤੀ ਪੁਲਸ ਵਲੋਂ 26 ਅਗਸਤ, 2021 ਨੂੰ ਜ਼ਬਤ ਕੀਤੀ 17 ਕਿਲੋ ਹੈਰੋਇਨ ਨਾਲ ਸਬੰਧਤ ਦੱਸੀ ਜਾਂਦੀ ਹੈ। ਪੁਲਸ ਵਲੋਂ ਇਹ ਬਰਾਮਦਗੀ ਅੰਮ੍ਰਿਤਸਰ ਆਧਾਰਤ ਰਣਜੀਤ ਸਿੰਘ ਉਰਫ ਸੋਨੂੰ, ਜੋ ਆਪਣੀ ਟੋਇਓਟਾ ਇਨੋਵਾ ਕੈਬ ਤੇ ਹੇਠਲੇ ਭਾਗ ਵਿਚ ਵਿਸ਼ੇਸ਼ ਤੌਰ ’ਤੇ ਫਿੱਟ ਕੀਤੇ ਕੰਪਾਰਟਮੈਂਟ ਰਾਹੀਂ ਤਸਕਰੀ ਕਰ ਰਿਹਾ ਸੀ, ਕੋਲੋਂ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਜਾਂਚ ਦੌਰਾਨ ਸੋਨੂੰ ਨੇ ਖੁਲਾਸਾ ਕੀਤਾ ਕਿ ਉਸਨੇ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਇਲਾਕੇ ਦੇ ਨਸ਼ਾ ਤਸਕਰਾਂ ਤੋਂ ਨਸ਼ੇ ਦੀ ਖੇਪ ਪ੍ਰਾਪਤ ਕੀਤੀ ਸੀ, ਜਿਨ੍ਹਾਂ ਦੀ ਪਛਾਣ ਸਿਕੰਦਰ ਹਯਾਤ ਅਤੇ ਜ਼ਫ਼ਰ ਹੁਸੈਨ ਵਜੋਂ ਕੀਤੀ ਗਈ ਹੈ।

ਡੀਜੀਪੀ ਨੇ ਕਿਹਾ ਕਿ ਸੋਨੂੰ ਵਲੋਂ ਦਿੱਤੀ ਜਾਣਕਾਰੀ ’ਤੇ ਪੰਜਾਬ ਤੋਂ ਇਕ ਪੁਲਸ ਟੀਮ ਨੌਸ਼ਹਿਰਾ ਭੇਜੀ ਗਈ, ਜੋ 29 ਅਗਸਤ, 2021 ਨੂੰ ਸਿਕੰਦਰ ਅਤੇ ਜਫਰ ਨੂੰ ਗ੍ਰਿਫ਼ਤਾਰ ਕਰਨ ਵਿਚ ਕਾਮਯਾਬ ਰਹੀ। ਬਾਅਦ ਵਿਚ ਸਿਕੰਦਰ ਅਤੇ ਜਫਰ ਦੇ ਖੁਲਾਸਿਆਂ ’ਤੇ ਪੰਜਾਬ ਦੀਆਂ ਪੁਲਸ ਟੀਮਾਂ ਨੇ, ਨੌਸ਼ਹਿਰਾ ਸਥਿਤ ਉਨ੍ਹਾਂ ਦੇ ਘਰ ਤੋਂ 29.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਉਨ੍ਹਾਂ ਕਿਹਾ ਸਿਕੰਦਰ ਅਤੇ ਜਫਰ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਪੁਲਸ ਨੇ ਸ਼ਨੀਵਾਰ ਨੂੰ 4 ਕਿਲੋ ਹੋਰ ਹੈਰੋਇਨ ਬਰਾਮਦ ਕੀਤੀ ਸੀ, ਜੋ ਕਿ ਬੜੀ ਚਲਾਕੀ ਨਾਲ ਉਸੇ ਇਨੋਵਾ ਕਾਰ ਦੇ ਦਰਵਾਜ਼ਿਆਂ ਵਿਚ ਛੁਪਾਈ ਗਈ ਸੀ।

ਡੀਜੀਪੀ ਨੇ ਕਿਹਾ ਕਿ ਹੋਰ ਜਾਂਚ ਦੌਰਾਨ ਦੋਵਾਂ ਨੇ ਡਰੱਗ ਮਨੀ ਬਾਰੇ ਖੁਲਾਸਾ ਕੀਤਾ, ਜੋ ਉਨ੍ਹਾਂ ਦੇ ਤੀਜੇ ਸਾਥੀ ਮੰਜੂਰ ਹੁਸੈਨ ਨੇ ਆਪਣੇ ਘਰ ਛੁਪਾਈ ਹੋਈ ਸੀ। ਅੰਮ੍ਰਿਤਸਰ (ਦਿਹਾਤੀ) ਪੁਲਸ ਵਲੋਂ ਮੁਹੱਈਆ ਕਰਵਾਈ ਗਈ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ, ਜੰਮੂ-ਕਸ਼ਮੀਰ ਪੁਲਸ ਨੇ ਫੌਜ ਦੇ ਨਾਲ ਇਕ ਜਾਂਚ ਮੁਹਿੰਮ ਸ਼ੁਰੂ ਕੀਤੀ ਜਿਸ ਤਹਿਤ ਪੁਲਸ ਦੋ ਬੈਗਾਂ ਵਿਚੋਂ 1,64,70,600 ਰੁਪਏ ਦੀ ਡਰੱਗ ਮਨੀ ਬਰਾਮਦ ਕਰਨ ਵਿਚ ਕਾਮਯਾਬ ਰਹੀ। ਐੱਸਐੱਸਪੀ ਗੁਲਨੀਤ ਸਿੰਘ ਨੇ ਦੱਸਿਆ ਕਿ ਜੰਮੂ -ਕਸ਼ਮੀਰ ਪੁਲਸ ਨੇ ਥਾਣਾ ਨੌਸ਼ਹਿਰਾ ਵਿਖੇ ਧਾਰਾ 17, 21 ਗੈਰਕਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ ਐੱਫਆਈਆਰ ਨੰਬਰ 184/2021 ਦਰਜ ਕੀਤੀ ਹੈ ਅਤੇ ਹੈਰੋਇਨ ਦੀ ਸਮਗਲਿੰਗ ਅਤੇ ਵੰਡ ਨਾਲ ਸਬੰਧਤ ਪੂਰੇ ਨੈੱਟਵਰਕ ਦਾ ਭਾਂਡਾ ਭੰਨਣ ਲਈ ਅਗਲੇਰੀ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਸੋਨੂੰ ਨੇ ਪਹਿਲਾਂ ਜੇਲ੍ਹ-ਲਿੰਕ ਬਾਰੇ ਖੁਲਾਸਾ ਕੀਤਾ ਸੀ ਅਤੇ ਇਹ ਵੀ ਦੱਸਿਆ ਸੀ ਕਿ ਉਸਨੇ ਇਹ ਖੇਪ ਤਰਨਤਾਰਨ ਪੱਟੀ ਦੇ ਰਣਜੀਤ ਸਿੰਘ ਉਰਫ ਰਾਣਾ (ਇਸ ਵੇਲੇ ਫਰੀਦਕੋਟ ਜੇਲ੍ਹ ਵਿਚ ਬੰਦ) ਅਤੇ ਮਲਕੀਤ ਸਿੰਘ ਉਰਫ ਲੱਡੂ (ਮੁਕਤਸਰ ਜੇਲ੍ਹ ਵਿੱਚ ਬੰਦ) ਦੇ ਨਿਰਦੇਸ਼ਾਂ ’ਤੇ ਚੁੱਕੀ ਸੀ।

 


Gurminder Singh

Content Editor

Related News