ਜੰਮੂ-ਕਸ਼ਮੀਰ ਤੋਂ ਤੇਂਦੂਏ ਦੀਆਂ ਖੱਲਾਂ ਲਿਆ ਕੇ ਪੰਜਾਬ 'ਚ ਮੋਟੇ ਮੁੱਲ 'ਤੇ ਵੇਚਣ ਵਾਲਾ ਤਸਕਰ ਗ੍ਰਿਫ਼ਤਾਰ
Wednesday, Apr 27, 2022 - 10:27 AM (IST)
ਲੁਧਿਆਣਾ (ਰਾਜ) : ਜੰਮੂ-ਕਸ਼ਮੀਰ ਤੋਂ ਜਾਨਵਰਾਂ ਦੀਆਂ ਖੱਲਾਂ ਲਿਆ ਕੇ ਪੰਜਾਬ 'ਚ ਸਪਲਾਈ ਕਰਨ ਵਾਲੇ ਇਕ ਤਸਕਰ ਨੂੰ ਥਾਣਾ ਟਿੱਬਾ ਦੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਦੀ ਮਦਦ ਨਾਲ ਮੁਲਜ਼ਮ ਨੂੰ ਦਬੋਚਿਆ ਹੈ। ਮੁਲਜ਼ਮ ’ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਟਿੱਬਾ ਦੇ ਪ੍ਰੇਮ ਵਿਹਾਰ ਕਾਲੋਨੀ ਦਾ ਰਹਿਣ ਵਾਲਾ ਸੰਜੀਵ ਕੁਮਾਰ ਹੈ, ਜਿਸ ਕੋਲੋਂ ਤੇਂਦੂਏ ਦੀਆਂ ਖੱਲਾਂ ਬਰਾਮਦ ਹੋਈਆਂ ਹਨ, ਜੋ ਕਿ ਲੁਧਿਆਣਾ ’ਚ ਸਪਲਾਈ ਕਰਦਾ ਸੀ।
ਇਹ ਵੀ ਪੜ੍ਹੋ : ਕਲਯੁਗੀ ਚਾਚੇ ਦੀ ਸ਼ਰਮਨਾਕ ਹਰਕਤ, ਘਰ 'ਚ ਇਕੱਲਾ ਦੇਖ ਸਕੇ ਭਤੀਜੇ ਨਾਲ ਕੀਤੀ ਬਦਫ਼ੈਲੀ
ਮੁਲਜ਼ਮ ਦਾ ਪਿੱਛਾ ਕਰਦੇ ਹੋਏ ਦਿੱਲੀ ਦੀ ਕ੍ਰਾਈਮ ਟੀਮ ਨੇ ਵੀ ਦਸਤਕ ਦਿੱਤੀ ਸੀ। ਐੱਸ. ਐੱਚ. ਓ. ਰਣਧੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀ ਸ਼ਮਿੰਦਰ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਮੁਲਜ਼ਮ ਸੰਜੀਵ ਕੁਮਾਰ ਤੇਂਦੂਏ ਦੀਆਂ ਖੱਲਾਂ ਦੀ ਤਸਕਰੀ ਕਰਦਾ ਹੈ ਅਤੇ ਉਸ ਦੇ ਘਰ ਛਾਪੇਮਾਰੀ ਕਰਨੀ ਹੈ। ਇਸ ਤੋਂ ਬਾਅਦ ਐੱਸ. ਆਈ. ਬਲਦੇਵ ਸਿੰਘ ਨੇ ਜੰਗਲਾਤ ਵਿਭਾਗ ਦੇ ਸ਼ਮਿੰਦਰ ਸਿੰਘ, ਪ੍ਰਗਟ ਸਿੰਘ, ਗੁਰਿੰਦਰ ਸਿੰਘ, ਅਨੂਬਾਲਾ ਅਤੇ ਪ੍ਰਦੀਪ ਕੁਮਾਰ ਇੰਸਪੈਕਟਰ (ਵਾਈਲਡ ਲਾਈਫ ਕ੍ਰਾਈਮ ਕੰਟਰੋਲ ਬਿਊਰੋ, ਨਿਊ ਦਿੱਲੀ) ਦੇ ਨਾਲ ਮੁਲਜ਼ਮ ਨੂੰ ਦਬੋਚ ਲਿਆ।
ਉਸ ਦੀ ਨਿਸ਼ਾਨਦੇਹੀ ’ਤੇ ਤਲਾਸ਼ੀ ਦੌਰਾਨ ਤੇਂਦੂਏ ਦੀਆਂ 3 ਖੱਲਾਂ ਮਿਲੀਆਂ। ਬਲਦੇਵ ਰਾਜ ਨੇ ਦੱਸਿਆ ਕਿ ਸ਼ੁਰੂਆਤੀ ਪੁੱਛਗਿੱਛ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਸੰਜੀਵ ਕਾਫੀ ਸਮੇਂ ਤੋਂ ਜਾਨਵਰਾਂ ਦੀਆਂ ਖੱਲਾਂ ਵੇਚਣ ਦਾ ਧੰਦਾ ਕਰਦਾ ਹੈ। ਉਹ ਜੰਮੂ-ਕਸ਼ਮੀਰ ਦੇ ਇਕ ਵੱਡੇ ਤਸਕਰ ਤੋਂ ਖੱਲਾਂ ਲੈ ਕੇ ਆਉਂਦਾ ਸੀ ਅਤੇ ਪੰਜਾਬ ਸਮੇਤ ਹੋਰ ਸੂਬਿਆਂ ਵਿਚ ਮੋਟੇ ਮੁੱਲ ’ਤੇ ਵੇਚ ਕੇ ਮੁਨਾਫ਼ਾ ਕਮਾਉਂਦਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ