ਗੋਦਾਮ ਦੇ ਬਾਹਰ ਧਰਨਾ ਦੇ ਕੇ ਕੀਤੀ ਨਾਅਰੇਬਾਜ਼ੀ

02/20/2018 5:28:04 AM

ਪਟਿਆਲਾ, (ਬਲਜਿੰਦਰ)- ਐੱਫ. ਸੀ. ਆਈ. ਅਧਿਕਾਰੀਆਂ ਵੱਲੋਂ ਪ੍ਰੇਸ਼ਾਨ ਕਰਨ 'ਤੇ ਭੜਕੇ ਸ਼ੈਲਰ ਮਾਲਕਾਂ ਨੇ ਅੱਜ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਦੀ ਅਗਵਾਈ ਹੇਠ ਦੁਪਹਿਰ ਨੂੰ ਸਰਹਿੰਦ ਰੋਡ ਸਥਿਤ ਐੱਫ. ਸੀ. ਆਈ. ਗੋਦਾਮਾਂ ਦੇ ਅੱਗੇ ਧਰਨਾ ਦੇ ਕੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ। 
ਕਾਫੀ ਦੇਰ ਹੰਗਾਮੇ ਤੋਂ ਬਾਅਦ ਏ. ਜੀ. ਐੱਮ. ਹਰੀਸ਼ ਜਨੂਨੀਆ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਸ਼ੈਲਰ ਮਾਲਕਾਂ ਨੇ ਧਰਨਾ ਚੁੱਕਿਆ। ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਐੱਫ. ਸੀ. ਆਈ. ਡਿਪੂ ਦੇ ਅਧਿਕਾਰੀ ਉਨ੍ਹਾਂ ਨੂੰ  ਪ੍ਰੇਸ਼ਾਨ ਕਰ ਰਹੇ ਹਨ। ਐੱਫ. ਸੀ. ਆਈ. ਮੈਨੇਜਮੈਂਟ ਵੱਲੋਂ 100 ਫੀਸਦੀ ਪੇਮੈਂਟ ਦੇ ਹੁਕਮ ਕੀਤੇ ਹਨ, ਜਿਨ੍ਹਾਂ ਨੂੰ ਜਾਣਬੁਝ ਕੇ ਲਾਗੂ ਨਹੀਂ ਕੀਤਾ ਜਾ ਰਿਹਾ। ਹਰੇਕ ਗੱਡੀ 'ਚੋਂ 50 ਤੋਂ 100 ਕਿਲੋ ਚੌਲ ਜਾਣਬੁਝ ਕੇ ਘਟਾਇਆ ਜਾ ਰਿਹਾ ਹੈ ਤਾਂ ਕਿ ਸ਼ੈਲਰ ਮਾਲਕਾਂ ਨੂੰ ਬਲੈਕਮੇਲ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜਨਰਲ ਮੈਨੇਜਰ ਐੱਫ. ਸੀ. ਆਈ. ਦੇ ਸਾਫ ਹੁਕਮ ਹਨ ਕਿ ਗੋਦਾਮ ਸਵੇਰੇ 8 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਖੋਲ੍ਹੇ ਜਾਣ ਪਰ ਇਥੋਂ ਦੇ ਸਟਾਫ ਵੱਲੋਂ 10-11 ਵਜੇ ਗੋਦਾਮ ਖੋਲ੍ਹੇ ਜਾ ਰਹੇ ਹਨ, ਜਦੋਂ ਇਸ ਸਬੰਧੀ ਜਾ ਕੇ ਪੁੱਛਿਆ ਤਾਂ ਕੋਈ ਅਧਿਕਾਰੀ ਗੱਲ ਸੁਣਨ ਨੂੰ ਤਿਆਰ ਨਹੀਂ। ਪ੍ਰਧਾਨ ਚੀਮਾ ਨੇ ਦੱਸਿਆ ਕਿ ਸ਼ੈਲਰ ਮਾਲਕਾਂ ਨੂੰ ਸਪੇਸ ਸਬੰਧੀ ਵੀ ਬੜੀ ਦਿੱਕਤ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਿਰਫ 60 ਫੀਸਦੀ ਮਿਲਿੰਗ ਹੋਈ ਹੈ ਜਦੋਂ ਕਿ 31 ਮਾਰਚ ਮਿਲਿੰਗ ਦੀ ਆਖਰੀ ਤਰੀਕ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ਭਰ ਦੇ ਸ਼ੈਲਰ ਅਗਲੇ ਇਕ ਮਹੀਨੇ ਵਿਚ 40 ਫੀਸਦੀ ਮਿਲਿੰਗ ਨਹੀਂ ਕਰ ਸਕਣਗੇ ਕਿਉਂਕਿ ਐੱਫ. ਸੀ. ਆਈ. ਵੱਲੋਂ ਅੱਗੇ ਸਪੇਸ ਹੀ ਨਹੀਂ ਦਿੱਤੀ ਜਾ ਰਹੀ। ਪ੍ਰਧਾਨ ਚੀਮਾ ਨੇ ਮੰਗ ਕੀਤੀ ਕਿ ਜ਼ਿਆਦਾ ਤੋਂ ਜ਼ਿਆਦਾ ਸਪੈਸ਼ਲਾਂ ਲਾ ਕੇ ਐੱਫ. ਸੀ. ਆਈ. ਗੋਦਾਮਾਂ ਵਿਚ ਸਪੇਸ ਬਣਾਈ ਜਾਵੇ ਤਾਂ ਕਿ ਉਹ ਸਰਕਾਰ ਦੇ ਡਿਫਾਲਟਰ ਹੋਣ ਤੋਂ ਬਚ ਸਕਣ। ਇਸ ਮੌਕੇ ਮੁਲਖ ਰਾਜ ਗੁਪਤਾ, ਦਿਲਬਾਗ ਸਿੰਘ, ਰਾਮੇਸ਼ ਕੁਮਾਰ ਪੱਪੂ, ਰਜਿੰਦਰ ਕੁਮਾਰ ਟੌਹੜਾ, ਵਿਨੈ ਕੁਮਾਰ ਵਿੱਕੀ, ਅਮਰਜੀਤ ਬਖਸ਼ੀਵਾਲਾ, ਅਨੀਸ਼ ਹੈਪੀ, ਰਾਕੇਸ ਬਾਂਸਲ, ਵਿਨੇ ਵੀ. ਕੇ., ਹਰਜੀਤ ਸਿੰਘ ਪਿੰਟੂ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। 


Related News