ਨਗਰ ਨਿਗਮ ’ਚ ਸੁਪਰ ਸਕਸ਼ਨ ਮਸ਼ੀਨਾਂ ਦੇ ਨਾਂ ’ਤੇ ਹੋ ਗਿਆ ਕਰੋੜਾਂ ਦਾ ਘਪਲਾ, ਸੀਵਰੇਜ ਸਮੱਸਿਆ ਬਰਕਰਾਰ

07/03/2024 4:53:00 PM

ਜਲੰਧਰ (ਖੁਰਾਣਾ)–ਨਗਰ ਨਿਗਮ ਜਲੰਧਰ ਨੇ ਪਿਛਲੇ 8-10 ਸਾਲਾਂ ਦੌਰਾਨ ਸੁਪਰ ਸਕਸ਼ਨ ਮਸ਼ੀਨਾਂ ਨਾਲ ਸੀਵਰ ਲਾਈਨਾਂ ਦੀ ਸਫ਼ਾਈ ਦੇ ਕੰਮ ’ਤੇ ਕਰੋੜਾਂ ਰੁਪਏ ਖ਼ਰਚੇ ਪਰ ਇਹ ਸਭ ਇਕ ਘਪਲਾ ਜਿਹਾ ਸਾਬਿਤ ਹੋਇਆ ਕਿਉਂਕਿ ਅੱਜ ਵੀ ਸ਼ਹਿਰ ਵਿਚ ਜਗ੍ਹਾ-ਜਗ੍ਹਾ ਸੀਵਰੇਜ ਦੀ ਸਮੱਸਿਆ ਬਰਕਰਾਰ ਹੈ। ਸਭ ਤੋਂ ਜ਼ਿਆਦਾ ਸਮੱਸਿਆ ਵੈਸਟ ਵਿਧਾਨ ਸਭਾ ਹਲਕੇ ਤੋਂ ਆ ਰਹੀ ਹੈ, ਜਿੱਥੇ ਕਈ ਮੁਹੱਲਿਆਂ ਵਿਚ ਗੰਦਾ ਪਾਣੀ ਅਕਸਰ ਖੜ੍ਹਾ ਰਹਿੰਦਾ ਹੈ। ਇਨ੍ਹੀਂ ਦਿਨੀਂ ਨਿਗਮ ਨੇ ਆਪਣੀ ਸਾਰੀ ਮਸ਼ੀਨਰੀ ਵੈਸਟ ਵਿਧਾਨ ਸਭਾ ਹਲਕੇ ਵਿਚ ਝੋਕੀ ਹੋਈ ਹੈ ਪਰ ਫਿਰ ਵੀ ਨਿਗਮ ਦੀ ਕਾਰਜਪ੍ਰਣਾਲੀ ਤੋਂ ਲੋਕ ਖ਼ੁਸ਼ ਨਹੀਂ ਹਨ। ਕੁਝ ਦਿਨ ਪਹਿਲਾਂ ਹੋਈ ਬਰਸਾਤ ਕਾਰਨ ਕਈ ਗਲੀਆਂ ਵਿਚ ਪਾਣੀ ਭਰ ਗਿਆ, ਜਿਸ ਤੋਂ ਸਪੱਸ਼ਟ ਹੈ ਕਿ ਅਜੇ ਵੀ ਸੀਵਰ ਅਤੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਬਰਕਰਾਰ ਹੈ।

ਵੈਸਟ ਹਲਕੇ ਦੀ ਹਾਲਤ ਤੋਂ ਸਾਫ਼ ਲੱਗ ਰਿਹਾ ਹੈ ਕਿ ਜਿਹੜੇ ਇਲਾਕਿਆਂ ਵਿਚ ਸੁਪਰ ਸਕਸ਼ਨ ਮਸ਼ੀਨਾਂ ਨਾਲ ਸੀਵਰ ਲਾਈਨਾਂ ਦੀ ਸਫ਼ਾਈ ਵੀ ਹੋਈ ਹੈ, ਉਥੇ ਵੀ ਹਾਲਾਤ ਨਹੀਂ ਬਦਲੇ। ਹੁਣ ਤਾਂ ਨਗਰ ਨਿਗਮ ਕੋਲ ਆਪਣੀਆਂ ਵੀ ਸੁਪਰ ਸਕਸ਼ਨ ਮਸ਼ੀਨਾਂ ਹਨ ਪਰ ਉਨ੍ਹਾਂ ਨੂੰ ਚਲਾਉਣ ਵਿਚ ਵੀ ਲਾਪ੍ਰਵਾਹੀ ਵਰਤੀ ਜਾ ਰਹੀ ਹੈ। ਇਸਦਾ ਅਸਰ ਇਹ ਹੋ ਰਿਹਾ ਹੈ ਕਿ ਥੋੜ੍ਹੀ ਜਿਹੀ ਬਰਸਾਤ ਵਿਚ ਸ਼ਹਿਰ ਡੁੱਬਣ ਲੱਗਾ ਹੈ। ਪਤਾ ਲੱਗਾ ਹੈ ਕਿ ਨਿਗਮ ਕਮਿਸ਼ਨਰ ਨੇ ਵੀ ਬੀਤੇ ਿਦਨੀਂ ਇਕ ਮੀਟਿੰਗ ਦੌਰਾਨ ਓ. ਐਂਡ ਐੱਮ. ਸੈੱਲ ਦੀ ਕਾਰਜਪ੍ਰਣਾਲੀ ’ਤੇ ਰੋਸ ਪ੍ਰਗਟ ਕੀਤਾ।

ਇਹ ਵੀ ਪੜ੍ਹੋ- ਦੋਸਤ ਨਾਲ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰ ਨੇ ਲਾਏ ਵੱਡੇ ਦੋਸ਼

ਬਰਸਾਤਾਂ ਤੋਂ ਪਹਿਲਾਂ ਸੀਵਰ ਲਾਈਨਾਂ ਸਾਫ਼ ਨਹੀਂ ਪਰ ਕੰਟਰੋਲ ਰੂਮ ਬਣਾ ਦਿੱਤੇ
ਪਿਛਲੇ ਕਾਫ਼ੀ ਸਮੇਂ ਤੋਂ ਜਲੰਧਰ ਨਿਗਮ ਦਾ ਸਿਸਟਮ ਲਗਾਤਾਰ ਗਿਰਾਵਟ ਵੱਲ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਆਇਆਂ ਵੀ 2 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰ ਇਸ ਪਾਰਟੀ ਤੋਂ ਵੀ ਜਲੰਧਰ ਨਿਗਮ ਦੇ ਹਾਲਾਤ ਸੁਧਰ ਨਹੀਂ ਰਹੇ। ਜਲੰਧਰ ਨਿਗਮ ਵਿਚ ਓ. ਐਂਡ ਐੱਮ. ਸੈੱਲ ਦੇ ਜ਼ਿੰਮੇ ਸ਼ਹਿਰ ਦੀ ਸੀਵਰੇਜ ਅਤੇ ਵਾਟਰ ਸਪਲਾਈ ਵਿਵਸਥਾ ਦੀ ਜ਼ਿੰਮੇਵਾਰੀ ਹੈ ਪਰ ਇਸ ਵਿਭਾਗ ਦੇ ਅਧਿਕਾਰੀ ਸਭ ਤੋਂ ਜ਼ਿਆਦਾ ਲਾਪ੍ਰਵਾਹ ਅਤੇ ਨਾਲਾਇਕ ਹਨ। ਇਸ ਵਿਭਾਗ ਨੇ ਅੱਜ ਤਕ ਬੰਦ ਸੀਵਰ ਲਾਈਨਾਂ ਦੀ ਸਫ਼ਾਈ ਲਈ ਕੋਈ ਸਪੈਸ਼ਲ ਮੁਹਿੰਮ ਨਹੀਂ ਛੇੜੀ ਅਤੇ ਨਾ ਹੀ ਸੜਕ ਕੰਢੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਰੋਡ-ਗਲੀਆਂ ਦੀ ਸਫਾਈ ਆਦਿ ਹੀ ਕਰਵਾਈ ਹੈ। ਸਿਰਫ਼ ਫੋਟੋ ਖਿੱਚਵਾਉਣ ਲਈ ਕੁਝ ਜਗ੍ਹਾ ਰੋਡ-ਗਲੀਆਂ ਦੀ ਸਫ਼ਾਈ ਹੋਈ ਪਰ ਉਨ੍ਹਾਂ ਦੀ ਗਾਰ ਵੀ ਦੋਬਾਰਾ ਉਨ੍ਹਾਂ ਲਾਈਨਾਂ ਵਿਚ ਚਲੀ ਗਈ ਕਿਉਂਕਿ ਗਾਰ ਨੂੰ ਚੁੱਕਿਆ ਹੀ ਨਹੀਂ ਗਿਆ। ਕਿਉਂਕਿ ਓ. ਐਂਡ ਐੱਮ. ਸੈੱਲ ਦੇ ਵਧੇਰੇ ਅਧਿਕਾਰੀ ਦੂਜੇ ਸ਼ਹਿਰਾਂ ਤੋਂ ਆਉਂਦੇ ਹਨ, ਇਸ ਲਈ ਅਜਿਹੇ ਅਧਿਕਰੀ ਜਲੰਧਰ ਦੀ ਦਸ਼ਾ ਨੂੰ ਲੈ ਕੇ ਬੇਪ੍ਰਵਾਹ ਬਣੇ ਹੋਏ ਹਨ। ਇਸ ਸੈੱਲ ਕੋਲ ਰੈਗੂਲਰ ਐੱਸ. ਈ. ਹੀ ਨਹੀਂ ਹੈ ਅਤੇ ਸਿਵਲ ਇੰਜੀਨੀਅਰ ਕੋਲ ਚਾਰਜ ਹੈ। ਹਾਲ ਹੀ ਵਿਚ ਪ੍ਰੀ-ਮਾਨਸੂਨ ਦੀ ਪਹਿਲੀ ਬਰਸਾਤ ਨੇ ਪੂਰੇ ਸ਼ਹਿਰ ਨੂੰ ਡੁਬੋ ਕੇ ਰੱਖ ਦਿੱਤਾ । ਉਦੋਂ ਸ਼ਹਿਰ ਦੇ ਜੋ ਹਾਲ ਬਦਹਾਲ ਹੋਏ, ਉਸ ਤੋਂ ਇਕ ਗੱਲ ਪੱਕੀ ਲੱਗ ਰਹੀ ਹੈ ਕਿ ਆਉਣ ਵਾਲੇ ਬਰਸਾਤੀ ਸੀਜ਼ਨ ਵਿਚ ਜਲੰਧਰ ਦੇ ਹਾਲਾਤ ਇਸ ਤੋਂ ਬੁਰੇ ਹੋਣਗੇ, ਜਿਸ ਦੇ ਲਈ ਸ਼ਹਿਰ ਨਿਵਾਸੀਆਂ ਨੂੰ ਤਿਆਰ ਰਹਿਣਾ ਹੋਵੇਗਾ।

ਇਹ ਵੀ ਪੜ੍ਹੋ-ਇਕ ਹਜ਼ਾਰ ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਲਈ ਖ਼ੁਸ਼ਖ਼ਬਰੀ, CM ਮਾਨ ਦੀ ਪਤਨੀ ਨੇ ਆਖੀ ਵੱਡੀ ਗੱਲ

ਗੰਦੇ ਪਾਣੀ ਅਤੇ ਪਾਣੀ ਦੀ ਘਾਟ ਦੀ ਸਮੱਸਿਆ ਵੀ ਦੂਰ ਨਹੀਂ ਹੋ ਰਹੀ
ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸਰਕਾਰੀ ਦਫ਼ਤਰਾਂ ’ਤੇ ਸ਼ਿਕੰਜਾ ਕੱਸਣ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ ਪਰ ਜਲੰਧਰ ਨਿਗਮ ਿਵਚ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਜ਼ਿਆਦਾ ਦਖਲ ਦੇਖਣ ਨੂੰ ਨਹੀਂ ਮਿਲ ਰਿਹਾ। ਨਗਰ ਨਿਗਮ ਜਲੰਧਰ ਦੇ ਅਧਿਕਾਰੀ ਅੱਜ ਵੀ ਗੰਦੇ ਪਾਣੀ ਅਤੇ ਪਾਣੀ ਦੀ ਘਾਟ ਵਰਗੀਆਂ ਜ਼ਰੂਰੀ ਸ਼ਿਕਾਇਤਾਂ ਵੱਲ ਧਿਆਨ ਨਹੀਂ ਦੇ ਰਹੇ। ਵਧੇਰੇ ਨਿਗਮ ਅਧਿਕਾਰੀਆਂ ਨੂੰ ਸ਼ਹਿਰ ਦੀਆਂ ਮੁੱਢਲੀਆਂ ਸਮੱਸਿਆਵਾਂ ਬਾਰੇ ਪਤਾ ਹੀ ਨਹੀਂ ਹੈ, ਜਿਸ ਕਾਰਨ ਲੋਕ ਸੀਵਰੇਜ ਅਤੇ ਗੰਦੇ ਪਾਣੀ ਦੇ ਨਾਲ-ਨਾਲ ਪਾਣੀ ਦੀ ਘਾਟ ਦੀ ਸਮੱਸਿਆ ਵੀ ਝੱਲ ਰਹੇ ਹਨ। ਭਾਵੇਂ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਸਫਾਈ ਦੇ ਮਾਮਲੇ ਵਿਚ ਨਿਗਮ ਅਧਿਕਾਰੀਆਂ ਦੀ ਡਿਊਟੀ ਫਿਕਸ ਕੀਤੀ ਹੋਈ ਹੈ ਪਰ ਇਸ ਸਮੇਂ ਫਿਰ ਸ਼ਹਿਰ ਵਿਚ ਸਾਫ਼-ਸਫ਼ਾਈ ਦੇ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਹਨ।

ਸਟਾਰਮ ਵਾਟਰ ਦੀਆਂ ਰੋਡ-ਗਲੀਆਂ ਨੂੰ ਵੀ ਸਾਫ਼ ਨਹੀਂ ਕੀਤਾ ਜਾਂਦਾ
ਸਮਾਰਟ ਸਿਟੀ ਦੇ ਲੱਗਭਗ 20-22 ਕਰੋੜ ਰੁਪਏ ਖ਼ਰਚ ਕਰਕੇ ਤਤਕਾਲੀ ਵਿਧਾਇਕ ਸੁਸ਼ੀਲ ਰਿੰਕੂ ਨੇ 120 ਫੁੱਟੀ ਰੋਡ ’ਤੇ ਸਟਾਰਮ ਵਾਟਰ ਸੀਵਰ ਪ੍ਰਾਜੈਕਟ ਲੁਆਇਆ ਸੀ, ਜਿਸ ਤੋਂ ਬਾਅਦ ਇਸ ਇਲਾਕੇ ਵਿਚੋਂ ਬਰਸਾਤੀ ਪਾਣੀ ਦੀ ਸਮੱਸਿਆ ਦੂਰ ਹੋਈ ਸੀ। ਹੌਲੀ-ਹੌਲੀ ਨਗਰ ਨਿਗਮ ਨੇ 120 ਫੁੱਟੀ ਰੋਡ ਦੀ ਸਫ਼ਾਈ ਨੂੰ ਬਿਲਕੁਲ ਹੀ ਬੰਦ ਕਰ ਦਿੱਤਾ, ਜਿਸ ਕਾਰਨ ਮੇਨ ਸੜਕ ਦੇ ਕੰਢੇ ਮਿੱਟੀ ਜਮ੍ਹਾ ਹੋ ਗਈ ਸੀ। ਸਟਾਰਮ ਵਾਟਰ ਸੀਵਰ ਦੇ ਸਾਰੇ ਨਿਕਾਸੀ ਪੁਆਇੰਟ ਕੂੜੇ ਨਾਲ ਭਰ ਗਏ ਸਨ। ਹੁਣ ਚੋਣਾਂ ਕਾਰਨ ਸਫ਼ਾਈ ਤਾਂ ਹੋ ਰਹੀ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਇਹ ਸਫ਼ਾਈ ਚੋਣਾਂ ਤੋਂ ਬਾਅਦ ਜਾਰੀ ਨਹੀਂ ਰਹੇਗੀ।

ਇਹ ਵੀ ਪੜ੍ਹੋ- 5 ਨਸ਼ਾ ਤਸਕਰਾਂ ਖ਼ਿਲਾਫ਼ ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਕਰੋੜਾਂ ਦੀ ਜਾਇਦਾਦ ਕੀਤੀ ਸਰਕਾਰੀ ਤੌਰ ‘ਤੇ ਅਟੈਚ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News