ਕਣਕ ਦੀ ਪਰਚੀ ਕੱਟਣ ਨੂੰ ਲੈ ਕੇ ਹੋਇਆ ਖ਼ੂਨੀ ਟਕਰਾਅ! ਤੇਜ਼ਧਾਰ ਹਥਿਆਰ ਤੇ ਇੱਟਾਂ-ਪੱਥਰ ਵੀ ਚੱਲੇ

Wednesday, Jul 03, 2024 - 04:08 PM (IST)

ਕਣਕ ਦੀ ਪਰਚੀ ਕੱਟਣ ਨੂੰ ਲੈ ਕੇ ਹੋਇਆ ਖ਼ੂਨੀ ਟਕਰਾਅ! ਤੇਜ਼ਧਾਰ ਹਥਿਆਰ ਤੇ ਇੱਟਾਂ-ਪੱਥਰ ਵੀ ਚੱਲੇ

ਲੁਧਿਆਣਾ (ਖੁਰਾਣਾ)- ਸਮਰਾਲਾ ਚੌਕ ਨੇੜੇ ਪੈਂਦੇ ਇਲਾਕੇ ਗੁਰੂ ਅਰਜਨ ਦੇਵ ਨਗਰ ’ਚ ਡਿਪੂ ਹੋਲਡਰ ਵੱਲੋਂ ਕਣਕ ਦੀ ਪਰਚੀ ਕੱਟਣ ਦੌਰਾਨ 2 ਧਿਰਾਂ ’ਚ ਹੋਈ ਬਹਿਸਬਾਜ਼ੀ ਦੌਰਾਨ ਖੂਨੀ ਟਕਰਾਅ ਹੋ ਗਿਆ, ਜਿਸ ਕਾਰਨ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ ਹਮਲੇ ਦੌਰਾਨ ਔਰਤ ਸਣੇ 3 ਵਿਅਕਤੀ ਜ਼ਖਮੀ ਹੋਏ ਹਨ। ਇਲਾਕਾ ਨਿਵਾਸੀਆਂ ਜਿਨ੍ਹਾਂ ’ਚ ਵੱਡੀ ਗਿਣਤੀ ਵਿਚ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’ ਤਹਿਤ ਕਣਕ ਦਾ ਲਾਭ ਲੈਣ ਵਾਲੇ ਪਰਿਵਾਰ ਸ਼ਾਮਲ ਹਨ, ਵੱਲੋਂ ਦੋਸ਼ ਲਾਇਆ ਗਿਆ ਹੈ ਕਿ ਡਿਪੂ ਹੋਲਡਰ ਲਾਭਪਾਤਰ ਪਰਿਵਾਰਾਂ ਦੇ ਹਿੱਸੇ ਦੀ ਬਣਦੀ ਕਣਕ ’ਚ ਕਥਿਤ ਤੌਰ ’ਤੇ ਵੱਡੀ ਕਟੌਤੀ ਕਰ ਰਿਹਾ ਹੈ, ਜਿਸ ਦਾ ਵਿਰੋਧ ਕਰਨ ’ਤੇ ਡਿਪੂ ਹੋਲਡਰ ਅਤੇ ਉਸ ਦੇ ਸਾਥੀਆਂ ਵੱਲੋਂ ਲਾਭਪਾਤਰ ਪਰਿਵਾਰਾਂ ਦੇ ਘਰ ਕਥਿਤ ਤੌਰ ’ਤੇ ਜਾਨਲੇਵਾ ਹਮਲਾ ਕੀਤਾ ਗਿਆ।

ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਦੇ ਜਸਪ੍ਰੀਤ ਸਿੰਘ, ਸੁਖਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਮਾਤਾ ਡਿਪੂ ’ਤੇ ਕਣਕ ਲੈਣ ਗਈ ਤਾਂ ਇਸ ਦੌਰਾਨ ਡਿਪੂ ਹੋਲਡਰ ਵੱਲੋਂ ਉਨ੍ਹਾਂ ਨਾਲ ਕਥਿਤ ਤੌਰ ’ਤੇ ਦੁਰਵਿਵਹਾਰ ਕੀਤਾ ਗਿਆ ਅਤੇ ਰਾਸ਼ਨ ਕਾਰਡ ’ਚ ਦਰਜ 4 ਮੈਂਬਰਾਂ ਦੀ ਜਗ੍ਹਾ ਸਿਰਫ 3 ਨੂੰ ਹੀ ਕਣਕ ਦੇਣ ਦੀ ਗੱਲ ਕਹੀ ਗਈ, ਜਿਸ ਕਾਰਨ ਦੋਵਾਂ ਧਿਰਾਂ ਵਿਚ ਬਹਿਸਬਾਜ਼ੀ ਸ਼ੁਰੂ ਹੋ ਗਈ ਅਤੇ ਮੌਕੇ ’ਤੇ ਮੌਜੂਦ ਲੋਕਾਂ ਵੱਲੋਂ ਮਾਮਲੇ ਨੂੰ ਠੰਢਾ ਕਰ ਕੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ। ਉਨ੍ਹਾਂ ਨੇ ਦੋਸ਼ ਲਾਏ ਹਨ ਕਿ ਇਸ ਦੌਰਾਨ ਸੋਮਵਾਰ ਦੇਰ ਰਾਤ ਡਿਪੂ ਹੋਲਡਰ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਦੇ ਘਰ ਇੱਟਾਂ-ਪੱਥਰਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਦੇ ਮਾਂ-ਬਾਪ ਅਤੇ ਭਰਾ ਨੂੰ ਜ਼ਖਮੀ ਕਰ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਘਰੋਂ 'ਗਾਇਬ' ਹੋਈ ਕੁੜੀ ਦੇ ਫ਼ੋਨ ਨੇ ਪਰਿਵਾਰ ਦਾ ਕੱਢਿਆ ਤ੍ਰਾਹ! ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਓਧਰ, ਮਾਮਲੇ ਸਬੰਧੀ ਵਾਇਰਲ ਹੋ ਰਹੀ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਧਿਰਾਂ ਵੱਲੋਂ ਇਕ-ਦੂਜੇ ’ਤੇ ਇੱਟਾਂ-ਪੱਥਰ ਸੁੱਟੇ ਜਾ ਰਹੇ ਹਨ। ਇਲਾਕਾ ਨਿਵਾਸੀਆਂ ਮੁਤਾਬਕ ਮੁਹੱਲੇ ’ਚ ਕਈ ਘੰਟੇ ਤੱਕ ਖੁੱਲ੍ਹ ਕੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ, ਜਿਸ ਕਾਰਨ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਔਰਤਾਂ ਨੇ ਡਰ ਦੇ ਮਾਰੇ ਆਪਣੇ ਬੱਚਿਆਂ ਨੂੰ ਘਰਾਂ ’ਚ ਬੰਦ ਕਰ ਲਿਆ। ਦੋਵਾਂ ਧਿਰਾਂ ਵੱਲੋਂ ਇਕ-ਦੂਜੇ ’ਤੇ ਲਾਏ ਜਾ ਰਹੇ ਦੋਸ਼ਾਂ ਦਾ ਜ਼ਮੀਨੀ ਸੱਚ ਜਾਂਚ ਤੋਂ ਬਾਅਦ ਸਾਹਮਣੇ ਆ ਸਕਦਾ ਹੈ।

ਮਾਮਲੇ ਦੀ ਜਾਂਚ ਲਈ ਬਣਾਈ ਜਾਵੇਗੀ ਟੀਮ

ਮਾਮਲੇ ਸਬੰਧੀ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਕੰਟ੍ਰੋਲਰ ਮੈਡਮ ਸ਼ਿਫਾਲੀ ਚੋਪੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਹਾਲ ਦੀ ਘੜੀ ਅਜਿਹੇ ਕਿਸੇ ਵੀ ਮਾਮਲੇ ਦੀ ਸ਼ਿਕਾਇਤ ਵਿਭਾਗ ਨੂੰ ਨਹੀਂ ਮਿਲੀ। ਉਨ੍ਹਾਂ ਨੈ ਸਾਫ ਕੀਤਾ ਕਿ ਕਣਕ ਵੰਡ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਹੇਰਾਫੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ਼ਿਫਾਲੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਉਣ ਲਈ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਟੀਮ ਬਣਾ ਕੇ ਅਤੇ ਦੋਸ਼ੀ ਪਾਏ ਜਾਣ ਦੀ ਸੂਰਤ ਵਿਚ ਡਿਪੂ ਹੋਲਡਰ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News