ਅੱਤ ਦੀ ਗਰਮੀ ’ਚ ਬਿਜਲੀ ਦੇ ਅਣ-ਐਲਾਨੇ ਕੱਟਾਂ ਕਾਰਨ ਲੋਕ ਪਰੇਸ਼ਾਨ
Wednesday, Jul 03, 2024 - 05:12 PM (IST)
ਫਤਿਹਗੜ੍ਹ ਚੂੜੀਆਂ (ਸਾਰੰਗਲ) : ਕਸਬਾ ਫਤਿਹਗੜ੍ਹ ਚੂੜੀਆਂ ’ਚ ਬਿਜਲੀ ਦਾ ਅੱਤ ਮੰਦਾ ਹਾਲ ਹੋਣ ਕਾਰਨ ਰੋਜ਼ਾਨਾਂ ਲੱਗ ਰਹੇ ਬਿਜਲੀ ਦੇ ਅਣ-ਐਲਾਨੇ ਕੱਟਾਂ ਕਾਰਨ ਲੋਕਾਂ ’ਚ ਹਾਹਾਕਾਰ ਮਚੀ ਪਈ ਹੈ। ਇਸ ਕਾਰਨ ਦੁਕਾਨਦਾਰਾਂ ਦਾ ਕੰਮ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ। ਉਨ੍ਹਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਅਜਨਾਲਾ ਰੋਡ, ਖਾਲਸਾ ਕਾਲੋਨੀ ਤੇ ਨਜ਼ਦੀਕ ਰਹਿੰਦੇ ਲੋਕਾਂ ਨੇ ਦੱਸਿਆ ਕਿ ਨਾ ਤਾਂ ਬਿਜਲੀ ਦਾ ਦਿਨ ਵੇਲੇ ਆਉਣ ਦਾ ਪਤਾ ਹੈ ਅਤੇ ਨਾ ਹੀ ਰਾਤ ਨੂੰ। ਇਸ ਕਾਰਨ ਬਜ਼ੁਰਗਾਂ ਅਤੇ ਬੱਚਿਆਂ ਨੂੰ ਗਰਮੀ ’ਚ ਦਿਨ ਕੱਟਣੇ ਪੈਂਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਬੀਤੇ ਕੁੱਝ ਦਿਨ ਪਹਿਲਾਂ ਸਾਰਾ ਦਿਨ ਲਾਈਟ ਇਸ ਇਲਾਕੇ ਦੀ ਬੰਦ ਰਹੀ, ਜਿਸ ਕਾਰਨ ਸਾਰਾ ਦਿਨ ਪਰੇਸ਼ਾਨ ਹੁੰਦੇ ਰਹੇ, ਜਿਸ ਕਾਰਨ ਮਜਬੂਰਨ ਲੋਕਾਂ ਨੂੰ ਬਾਜ਼ਾਰਾਂ ’ਚੋਂ ਪੱਖੀਆਂ ਖਰੀਦਣ ਲਈ ਮਜਬੂਰ ਹੋਣਾ ਪਿਆ। ਲੋਕਾਂ ਨੇ ਕਿਹਾ ਕਿ ਜੇਕਰ ਲਾਈਟ ਭੁੱਲ-ਭੁਲੇਖੇ ਕਿਤੇ ਆ ਵੀ ਜਾਂਦੀ ਹੈ ਤਾਂ ਅੱਖ-ਮਿਚੋਲੀ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਬਿਜਲੀ ਆਉਣ ’ਤੇ ਅਜੇ ਲੋਕਾਂ ਦਾ ਮੁੜਕਾ ਵੀ ਨਹੀਂ ਸੁੱਕਦਾ ਕਿ ਬਿਜਲੀ ਫਿਰ ਬੰਦ ਹੋ ਜਾਂਦੀ ਹੈ।
ਲੋਕਾਂ ਨੇ ਕਿਹਾ ਕਿ ਦਿਨ ਵੇਲੇ ਤਾਂ ਸਮਾਂ ਇੱਧਰ, ਉੱਧਰ ਦਰੱਖਤਾਂ ਦੀ ਛਾਂ ਹੇਠ ਬੈਠ ਕੇ ਨਿਕਲ ਜਾਂਦਾ ਹੈ ਪਰ ਰਾਤ ਜਦੋਂ ਆਰਾਮ ਕਰਨ ਦਾ ਸਮਾਂ ਹੁੰਦਾ ਹੈ ਤਾਂ ਬਿਜਲੀ ਬੰਦ ਹੋ ਜਾਂਦੀ ਹੈ, ਜਿਸ ਕਾਰਨ ਬਜ਼ੁਰਗਾਂ, ਬੱਚਿਆਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈਦੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਬੰਦ ਹੋਣ ਦੇ ਕਾਰਨ ਘਰਾਂ ਦੀਆਂ ਟੈਂਕੀਆਂ ਵੀ ਖ਼ਾਲੀ ਹੋ ਜਾਂਦੀਆਂ ਹਨ, ਜਿਸ ਕਾਰਨ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਦੁਕਾਨਦਾਰਾਂ ਅਤੇ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਇਹੀ ਹਾਲ ਰਿਹਾ ਤਾਂ ਲੋਕ ਬਿਜਲੀ ਦੇ ਅੱਤ ਬੰਦੇ ਹਾਲ ਤੋਂ ਦੁਖੀ ਹੋ ਕੇ ਸੜਕਾਂ ਉੱਤੇ ਉਤਰ ਲਈ ਮਜਬੂਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਬਿਜਲੀ ਬੰਦ ਰਹਿਣ ਦੇ ਕਾਰਨ ਲੋਕਾਂ ਦੇ ਕੰਮ ਵੀ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ।