6 ਮਹੀਨਿਆਂ ਤੋਂ ਤਨਖਾਹ ਤੋਂ ਵਾਂਝੇ ਕਰਮਚਾਰੀਆਂ ਕੀਤੀ ਨਾਅਰੇਬਾਜ਼ੀ

Thursday, Oct 26, 2017 - 01:50 AM (IST)

6 ਮਹੀਨਿਆਂ ਤੋਂ ਤਨਖਾਹ ਤੋਂ ਵਾਂਝੇ ਕਰਮਚਾਰੀਆਂ ਕੀਤੀ ਨਾਅਰੇਬਾਜ਼ੀ

ਨਵਾਂਸ਼ਹਿਰ,  (ਤ੍ਰਿਪਾਠੀ)-   6 ਮਹੀਨਿਆਂ ਤੋਂ ਤਨਖਾਹ ਤੋਂ ਵਾਂਝੇ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੇ ਕਰਿਆਮ ਰੋਡ 'ਤੇ ਵਣ ਵਿਭਾਗ ਦੇ ਦਫ਼ਤਰ ਦੇ ਬਾਹਰ ਸ਼ੁਰੂ ਕੀਤੇ ਅਣਮਿੱਥੇ ਸਮੇਂ ਦੇ ਧਰਨੇ ਤਹਿਤ ਦੂਜੇ ਦਿਨ ਵੀ ਪ੍ਰਦਰਸ਼ਨ ਕੀਤਾ। 
ਇਸ ਮੌਕੇ ਸੰਬੋਧਨ ਕਰਦੇ ਹੋਏ ਜ਼ਿਲਾ ਪ੍ਰਧਾਨ ਕਸ਼ਮੀਰੀ ਲਾਲ ਨੇ ਕਿਹਾ ਕਿ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਵਿਚੋਂ ਕਈਆਂ ਨੂੰ 4 ਤੇ ਕਈਆਂ ਨੂੰ 6 ਮਹੀਨਿਆਂ ਤੋਂ ਤਨਖਾਹ ਜਾਰੀ ਨਹੀਂ ਹੋਈ, ਜਿਸ ਕਾਰਨ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਵਰਕਰਾਂ ਨੂੰ ਆਪਣੀ ਦੀਵਾਲੀ ਤੇ ਹੋਰ ਤਿਉਹਾਰ ਬਿਨਾਂ ਪੈਸਿਆਂ ਦੇ ਕੱਢਣ ਲਈ ਮਜਬੂਰ ਹੋਣਾ ਪਿਆ। 
ਡੀ.ਐੱਫ.ਓ. ਗੜ੍ਹਸ਼ੰਕਰ ਨੂੰ ਦਿੱਤੇ ਗਏ ਮੰਗ ਪੱਤਰ 'ਚ ਉਨ੍ਹਾਂ ਮੁਲਾਜ਼ਮਾਂ ਨੂੰ ਅਗਸਤ ਮਹੀਨੇ ਤੱਕ ਦੀ ਤਨਖਾਹ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਤਨਖਾਹ ਜਾਰੀ ਨਹੀਂ ਕੀਤੀ ਗਈ, ਜਿਸ ਕਾਰਨ ਤਨਖਾਹ ਤੋਂ ਵਾਂਝੇ ਵਰਕਰਾਂ 'ਚ ਸਰਕਾਰ ਤੇ ਵਿਭਾਗ ਦੇ ਅਧਿਕਾਰੀਆਂ ਖਿਲਾਫ਼ ਰੋਸ ਹੈ। ਪਿਛਲੀ ਸਰਕਾਰ ਦੇ ਸਮੇਂ ਕਈ ਵਰਕਰਾਂ ਨੂੰ ਰੈਗੂਲਰ ਕਰ ਕੇ ਮੈਡੀਕਲ ਵੀ ਕਰਵਾਇਆ ਗਿਆ ਸੀ ਪਰ ਹੁਣ ਤੱਕ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਉਨ੍ਹਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਗਏ। ਕਰਮਚਾਰੀਆਂ ਨੇ ਆਪਣੀਆਂ ਮੰਗਾਂ ਲਈ 27 ਅਕਤੂਬਰ ਨੂੰ ਨਵਾਂਸ਼ਹਿਰ ਤੇ ਗੜ੍ਹਸ਼ੰਕਰ 'ਚ ਰੋਸ ਮਾਰਚ ਕੱਢਣ ਦਾ ਫੈਸਲਾ ਲਿਆ ਹੈ। ਜੇਕਰ ਸਰਕਾਰ ਨੇ ਮੰਗਾਂ ਦਾ ਜਲਦ ਹੱਲ ਨਾ ਕੀਤਾ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ। ਇਸ ਮੌਕੇ ਵਾਈਸ ਪ੍ਰਧਾਨ ਸਤਪਾਲ ਸਿੰਘ, ਸਕੱਤਰ ਜਰਨੈਲ ਸਿੰਘ, ਦੇਵਰਾਜ ਤੇ ਸਤਨਾਮ ਸਿੰਘ ਨੇ ਵੀ ਸੰਬੋਧਨ ਕੀਤਾ।


Related News