ਫਰਨੀਚਰ ਵਪਾਰੀਆਂ ਵੱਲੋਂ ਨਾਅਰੇਬਾਜ਼ੀ
Thursday, Jun 29, 2017 - 12:17 AM (IST)
ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ) - ਜੀ. ਐੱਸ. ਟੀ. ਦੇ ਵਿਰੋਧ 'ਚ ਅੱਜ ਨਵਾਂਸ਼ਹਿਰ ਦੀ ਫਰਨੀਚਰ ਐਸੋਸੀਏਸ਼ਨ ਨੇ ਆਪਣਾ ਕਾਰੋਬਾਰ ਬੰਦ ਰੱਖ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਰਾਹੋਂ ਰੋਡ 'ਤੇ ਵਿਸ਼ਵਕਰਮਾ ਮੰਦਿਰ ਵਿਖੇ ਫਰਨੀਚਰ ਐਸੋਸੀਏਸ਼ਨ ਦੇ ਮੈਂਬਰਾਂ ਦੀ ਇਕੱਤਰਤਾ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਗੌਰਵ ਲੜੋਈਆ ਨੇ ਕਿਹਾ ਕਿ ਜੀ. ਐੱਸ. ਟੀ. ਲਾਗੂ ਹੋਣ ਤੋਂ ਪਹਿਲਾਂ ਫਰਨੀਚਰ ਬਣਾਉਣ ਵਾਲੇ ਵਪਾਰੀ 14 ਪ੍ਰਤੀਸ਼ਤ ਵੈਟ ਦਿੰਦੇ ਸਨ, ਜਦੋਂਕਿ 1 ਜੁਲਾਈ ਤੋਂ ਲਾਗੂ ਹੋਣ ਵਾਲੇ ਜੀ. ਐੱਸ. ਟੀ. 'ਚ ਉਨ੍ਹਾਂ ਦਾ ਟੈਰਿਫ ਵਧਾ ਕੇ ਸਿੱਧਾ 28 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਛੋਟੇ ਵਪਾਰੀ ਹਨ ਤੇ ਆਮ ਤੌਰ 'ਤੇ ਘਰੇਲੂ ਤੇ ਵਿਆਹ ਦੇ ਦਿਨ ਜਾਣ ਵਾਲਾ ਫਰਨੀਚਰ ਤਿਆਰ ਕਰਦੇ ਹਨ। ਕੇਂਦਰ ਸਰਕਾਰ ਵੱਲੋਂ 28 ਪ੍ਰਤੀਸ਼ਤ ਜੀ. ਐੱਸ. ਟੀ. ਲਾਉਣ 'ਤੇ ਜਿਥੇ ਫਰਨੀਚਰ ਦੇ ਰੇਟ ਵਧਣਗੇ, ਉਥੇ ਹੀ ਆਮ ਲੋਕਾਂ ਨੂੰ ਵੀ ਦਿੱਕਤ ਹੋਵੇਗੀ।
ਇਸ ਮੌਕੇ ਫਰਨੀਚਰ ਵਪਾਰੀਆਂ ਨੇ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਉਪਰੰਤ ਉਨ੍ਹਾਂ ਡੀ. ਸੀ. ਕੰਪਲੈਕਸ ਤੱਕ ਰੋਸ ਮਾਰਚ ਕਰਨ ਉਪਰੰਤ ਜ਼ਿਲਾ ਪ੍ਰਸ਼ਾਸਨ ਨੂੰ ਕੇਂਦਰ ਸਰਕਾਰ ਲਈ ਮੰਗ ਪੱਤਰ ਸੌਂਪਿਆ ਤੇ ਉਕਤ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ। ਇਸ ਸਮੇਂ ਧਰਮਪਾਲ, ਪੁਨੀਤ ਕੁਮਾਰ, ਲਵਲੀ, ਜਸਪ੍ਰੀਤ ਸਿੰਘ, ਸਚਿਨ ਕੁਮਾਰ, ਜਰਨੈਲ ਸਿੰਘ, ਬੱਬੂ ਰੀਹਲ, ਮੁਕੇਸ਼ ਕੁਮਾਰ, ਕੁਲਦੀਪ ਸਿੰਘ, ਕੇਸਰ ਰਾਮ ਆਦਿ ਹਾਜ਼ਰ ਸਨ।