ਠੇਕੇਦਾਰ ਦੇ ਕਰਿੰਦਿਆਂ ਖਿਲਾਫ਼ ਨਾਅਰੇਬਾਜ਼ੀ ਤੇ ਚੱਕਾ ਜਾਮ

11/22/2017 1:38:55 AM

ਟਾਂਡਾ, (ਗੁਪਤਾ, ਪੰਡਿਤ, ਜਸਵਿੰਦਰ, ਮੋਮੀ)- ਮਾਰਕੀਟ ਕਮੇਟੀ ਟਾਂਡਾ ਦੀ ਸਬਜ਼ੀ ਮੰਡੀ ਦੇ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਸਬਜ਼ੀ ਲੈ ਕੇ ਜਾ ਰਹੇ ਇਕ ਦੁਕਾਨਦਾਰ ਨਾਲ ਗਾਲੀ-ਗਲੋਚ ਕਰਨ ਅਤੇ ਉਸ ਦੀ ਪੱਗ ਉਤਾਰ ਦੇਣ ਦੇ ਰੋਸ ਵਜੋਂ ਲੋਕਾਂ ਨੇ ਠੇਕੇਦਾਰ ਦੇ ਕਰਿੰਦਿਆਂ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸੜਕ 'ਤੇ ਜਾਮ ਲਾਇਆ, ਜਿਸ ਨੂੰ ਸਥਾਨਕ ਪੁਲਸ ਨੇ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਖੁਲ੍ਹਵਾਇਆ। ਟਾਂਡਾ ਪੁਲਸ ਨੂੰ ਦਿੱਤੀ ਲਿਖਤੀ ਸ਼ਿਕਾਇਤ 'ਚ ਮੋਹਣ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਢਡਿਆਲਾ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਅੱਜ ਸਵੇਰੇ ਮੈਂ ਮੰਡੀ ਤੋਂ ਸਬਜ਼ੀ ਖਰੀਦ ਕੇ ਆਪਣੇ ਪਿੰਡ ਜਾ ਰਿਹਾ ਸੀ ਕਿ ਸਬਜ਼ੀ ਮੰਡੀ ਦੇ ਠੇਕੇਦਾਰ ਦੇ ਕਰਿੰਦੇ ਸੂਰਜ ਪ੍ਰਕਾਸ਼, ਸ਼ੈਂਟੀ, ਰਫੀਕ, ਸਚਿਨ ਤੇ ਹੋਰ ਅਣਪਛਾਤੇ ਵਿਅਕਤੀ ਮੇਰੇ ਕੋਲੋਂ ਪਰਚੀ ਦੇ ਪੈਸੇ ਲੈ ਕੇ ਵੀ ਮੇਰੇ ਨਾਲ ਗਾਲੀ- ਗਲੋਚ ਕਰਨ ਲੱਗ ਪਏ। ਅਜਿਹਾ ਕਰਨੋਂ ਰੋਕਣ 'ਤੇ ਉਹ ਮੇਰੇ ਨਾਲ ਮਾਰਕੁੱਟ ਕਰਨ ਲੱਗ ਪਏ ਅਤੇ ਮੇਰੀ ਪੱਗ ਲਾਹ ਦਿੱਤੀ, ਜਿਸ ਕਾਰਨ ਰੋਸ 'ਚ ਆਏ ਲੋਕਾਂ ਨੇ ਨੈਸ਼ਨਲ ਹਾਈਵੇ 'ਤੇ ਜਾਮ ਲਾ ਦਿੱਤਾ ਅਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਨ ਲੱਗ ਪਏ। 
ਇਹ ਖ਼ਬਰ ਮਿਲਣ 'ਤੇ ਸਥਾਨਕ ਥਾਣੇ ਦੇ ਏ. ਐੱਸ. ਆਈ. ਹਰਜੀਤ ਸਿੰਘ ਆਪਣੀ ਪੁਲਸ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਕਥਿਤ ਦੋਸ਼ੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਜਾ ਕੇ ਇਹ ਜਾਮ ਖੋਲ੍ਹਿਆ ਗਿਆ। ਲੋਕਾਂ ਨੇ ਇਹ ਵੀ ਕਿਹਾ ਕਿ ਪਰਚੀਆਂ ਦੇ ਪੈਸੇ ਇਕੱਠੇ ਕਰ ਕੇ ਵੀ ਮਾਰਕੀਟ ਕਮੇਟੀ ਸਬਜ਼ੀ ਮੰਡੀ 'ਚ ਲੋਕਾਂ ਨੂੰ ਉਨ੍ਹਾਂ ਦੀਆਂ ਹੱਕੀ ਸਹੂਲਤਾਂ ਤੋਂ ਵਾਂਝੇ ਰੱਖ ਰਹੀ ਹੈ। 
ਇਸ ਸਬੰਧੀ ਠੇਕੇਦਾਰ ਹਰਜਿੰਦਰ ਨੇ ਕਿਹਾ ਕਿ ਮੈਨੂੰ ਅਜੇ ਪੂਰੀ ਜਾਣਕਾਰੀ ਨਹੀਂ ਮਿਲੀ। ਜੇਕਰ ਕਰਿੰਦਿਆਂ ਵੱਲੋਂ ਕੋਈ ਕੋਤਾਹੀ ਕੀਤੀ ਗਈ ਹੈ ਤਾਂ ਮੈਂ ਉਨ੍ਹਾਂ ਖਿਲਾਫ਼ ਜ਼ਰੂਰ ਕਾਰਵਾਈ ਕਰਾਂਗਾ। ਇਸ ਸਬੰਧੀ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਤੋਂ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਸਾਨੂੰ ਕੋਈ ਵੀ ਲਿਖਤੀ ਸ਼ਿਕਾਇਤ ਨਹੀਂ ਮਿਲੀ। ਜੇਕਰ ਕੋਈ ਲਿਖਤੀ ਸ਼ਿਕਾਇਤ ਕਰੇਗਾ ਤਾਂ ਅਸੀਂ ਬਣਦੀ ਕਾਰਵਾਈ ਕਰਾਂਗੇ।


Related News