ਕਤਲ ਕਰ ਕੇ ਲਾਸ਼ ਪਿੱਲਰ ''ਤੇ ਟੰਗੀ

08/29/2017 6:36:30 AM

ਭੁਲੱਥ, (ਰਜਿੰਦਰ)- ਕਸਬਾ ਭੁਲੱਥ ਦੇ ਰਿਹਾਇਸ਼ੀ ਇਲਾਕੇ ਦੇ ਇਕ ਘਰ 'ਚ ਦਿਨ-ਦਿਹਾੜੇ ਵਿਅਕਤੀ ਦਾ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਘਟਨਾ ਇੰਨੀ ਜ਼ਿਆਦਾ ਦਿਲ ਦਹਿਲਾ ਦੇਣ ਵਾਲੀ ਸੀ ਕਿ ਕਾਤਲ ਨੇ ਮ੍ਰਿਤਕ ਦੀ ਲਾਸ਼ ਦੇ ਗਲੇ ਵਿਚ ਰੱਸੀ ਪਾ ਕੇ ਉਸ ਦੇ ਘਰ ਵਿਚ ਬਣੇ ਪਿੱਲਰ ਨਾਲ ਹੀ ਲਾਸ਼ ਨੂੰ ਟੰਗ ਦਿੱਤਾ। ਦੂਜੇ ਪਾਸੇ ਘਟਨਾ ਦਾ ਪਤਾ ਲੱਗਣ 'ਤੇ  ਏ. ਐੱਸ. ਪੀ. ਭੁਲੱਥ ਗੌਰਵ ਤੂਰਾ ਤੇ ਐੱਸ. ਐੱਚ. ਓ. ਭੁਲੱਥ ਇੰਸਪੈਕਟਰ ਅਮਰ ਨਾਥ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜੇ। 
 ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਰੀਬ 68 ਸਾਲਾ ਗੁਲਜ਼ਾਰ ਮਸੀਹ ਵਾਸੀ ਵਾਰਡ ਨੰਬਰ 10, ਮੁਹੱਲਾ ਸਲਾਮਤਪੁਰ, ਭੁਲੱਥ ਆਪਣੀ ਵੱਖਰੀ ਕੋਠੀ ਵਿਚ ਆਪਣੀ ਪਤਨੀ ਕਮਲਾ ਨਾਲ ਰਹਿੰਦਾ ਸੀ। ਅੱਜ ਘਰ ਵਿਚ ਗੁਲਜ਼ਾਰ ਮਸੀਹ ਆਪਣੀ 5 ਸਾਲਾ ਪੋਤੀ ਰਾਮੀਆ ਨਾਲ ਮੌਜੂਦ ਸੀ, ਜਦਕਿ ਉਸ ਦੀ ਪਤਨੀ ਕਮਲਾ ਸਵੇਰ ਦੇ 8 ਵਜੇ ਘਰੋਂ ਬਾਹਰ ਗਈ ਸੀ। ਜਿਸ ਤੋਂ ਬਾਅਦ ਕਿਸੇ ਅਣਪਛਾਤੇ ਵਿਅਕਤੀ ਨੇ ਘਰ ਵਿਚ ਦਾਖਲ ਹੋ ਕੇ ਗੁਲਜ਼ਾਰ ਮਸੀਹ ਦਾ ਕਤਲ ਕਰ ਦਿੱਤਾ ਅਤੇ ਬਾਅਦ ਵਿਚ ਉਸ ਦੀ ਲਾਸ਼ ਦੇ ਗਲੇ ਵਿਚ ਰੱਸੀ ਪਾ ਕੇ ਘਰ ਦੀ ਚਾਰ-ਦੀਵਾਰੀ ਦੀ ਕੰਧ ਨਾਲ ਬਣੇ ਪਿੱਲਰ ਨਾਲ ਲਟਕਾ ਦਿੱਤਾ। ਮ੍ਰਿਤਕ ਦੇ ਗਲ ਵਿਚ ਰੱਸੀ ਦਾ ਨਿਸ਼ਾਨ ਸੀ, ਜਦਕਿ ਲੱਤਾਂ, ਬਾਹਾਂ, ਪੇਟ ਅਤੇ ਸਿਰ 'ਤੇ ਸੜੇ ਹੋਣ ਦੇ ਨਿਸ਼ਾਨ ਸਨ ਤੇ ਉਸ ਦੀ ਕਾਫੀ ਚਮੜੀ ਉਤਰ ਚੁੱਕੀ ਸੀ। ਸਰੀਰ ਦੇ ਸੜੇ ਹੋਣ ਕਾਰਨ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਸਰੀਰ ਨੂੰ ਕਰੰਟ ਵੀ ਲਾਇਆ ਗਿਆ ਹੋ ਸਕਦਾ ਹੈ। 
ਦੂਜੇ ਪਾਸੇ ਇਸ ਸੰਬੰਧ ਵਿਚ ਥਾਣਾ ਭੁਲੱਥ ਦੀ ਪੁਲਸ ਨੇ ਗੁਲਜ਼ਾਰ ਮਸੀਹ ਦੀ ਪਤਨੀ ਕਮਲਾ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖਿਲਾਫ ਕਤਲ ਦਾ ਕੇਸ ਦਰਜ ਕਰ ਦਿੱਤਾ ਹੈ। ਇਸ ਸੰਬੰਧ ਵਿਚ ਗੱਲਬਾਤ ਕਰਨ 'ਤੇ ਐੱਸ. ਐੱਚ. ਓ. ਭੁਲੱਥ ਇੰਸਪੈਕਟਰ ਅਮਰ ਨਾਥ ਨੇ ਦੱਸਿਆ ਕਿ ਲਾਸ਼ ਦਾ ਪੋਸਟ ਮਾਰਟਮ ਹੋਣ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ ਕਿ ਗੁਲਜ਼ਾਰ ਮਸੀਹ ਦੀ ਮੌਤ ਦਾ ਕਾਰਨ ਕੀ ਰਿਹਾ ਹੋਵੇਗਾ। 


Related News