ਆਸਮਾਨ ਛੂਹ ਰਹੇ ਨੇ ਹਵਾਈ ਟਿਕਟਾਂ ਦੇ ਭਾਅ, ਯੂਕ੍ਰੇਨ ’ਚ ਫਸੇ ਵਿਦਿਆਰਥੀਆਂ ਲਈ ਵਧੀ ਪ੍ਰੇਸ਼ਾਨੀ

Tuesday, Mar 01, 2022 - 11:13 AM (IST)

ਆਸਮਾਨ ਛੂਹ ਰਹੇ ਨੇ ਹਵਾਈ ਟਿਕਟਾਂ ਦੇ ਭਾਅ, ਯੂਕ੍ਰੇਨ ’ਚ ਫਸੇ ਵਿਦਿਆਰਥੀਆਂ ਲਈ ਵਧੀ ਪ੍ਰੇਸ਼ਾਨੀ

ਜਲੰਧਰ (ਪੁਨੀਤ) : ਕ੍ਰੀਮੀਆ ਸ਼ਹਿਰ ਇਸ ਸਮੇਂ ਸੁਰੱਖਿਅਤ ਹੈ, ਇਸ ਕਾਰਨ ਇਥੋਂ ਦੇ ਵਿਦਿਆਰਥੀ ਦੂਜੇ ਦੇਸ਼ਾਂ ਦੇ ਬਾਰਡਰ ਰਸਤੇ ਭਾਰਤ ਜਾਣ ਲਈ ਨਿਕਲ ਰਹੇ ਹਨ। ਉਥੇ ਮੌਜੂਦ ਭਾਰਤੀ ਨਾਗਰਿਕ ਐੱਚ. ਸਿੰਘ ਨੇ ਦੱਸਿਆ ਕਿ 2014 ਵਿਚ ਰਸ਼ੀਆ ਨੇ ਕ੍ਰੀਮੀਆ ਨੂੰ ਕੈਪਚਰ ਕਰ ਲਿਆ ਸੀ, ਜਿਸ ਤੋਂ ਬਾਅਦ ਉਥੋਂ ਦੇ ਹਾਲਾਤ ਖਰਾਬ ਹੋਣ ਕਾਰਨ ਖਦਸ਼ਾ ਪੈਦਾ ਹੋ ਰਿਹਾ ਸੀ। ਹੁਣ ਆਉਣ ਵਾਲੇ ਕੁਝ ਦਿਨਾਂ ਵਿਚ ਹਾਲਾਤ ਵਿਗੜਨ ਦਾ ਅੰਦਾਜ਼ਾ ਹੈ। ਹਵਾਈ ਹਮਲਿਆਂ ਕਾਰਨ ਕ੍ਰੀਮੀਆ ’ਚ ਏਅਰਪੋਰਟ ਨੂੰ ਬੰਦ ਕਰ ਦਿੱਤਾ ਗਿਆ ਹੈ। ਸਿਰਫ ਐਮਰਜੈਂਸੀ ਫਲਾਈਟਾਂ ਦਾ ਆਉਣਾ ਸੰਭਵ ਹੋ ਸਕਦਾ ਹੈ ਪਰ ਸਾਧਾਰਨ ਫਲਾਈਟਾਂ ਨੂੰ ਯੂਕ੍ਰੇਨ ਵਿਚ ਆਉਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਸਮੇਂ ਅਨੁਸਾਰ ਸੋਮਵਾਰ ਨੂੰ ਦੁਪਹਿਰ ਸਮੇਂ ਕ੍ਰੀਮੀਆ ਦੀ ਯੂਨੀਵਰਸਿਟੀ ਤੋਂ 50 ਦੇ ਲਗਭਗ ਵਿਦਿਆਰਥੀ ਰਵਾਨਾ ਹੋਏ। ਟਰੇਨ ਜ਼ਰੀਏ 34 ਘੰਟਿਆਂ ਦਾ ਸਫਰ ਤਹਿ ਕਰ ਕੇ ਉਹ ਮਾਸਕੋ ਪਹੁੰਚਣਗੇ ਅਤੇ ਉਥੋਂ ਉਨ੍ਹਾਂ ਨੂੰ ਫਲਾਈਟਾਂ ਮੁਹੱਈਆ ਹੋ ਸਕਣਗੀਆਂ।

ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਭਾਰਤ ਪਰਤੇ ਵਿਦਿਆਰਥੀਆਂ ਲਈ ਸੁਖਜਿੰਦਰ ਰੰਧਾਵਾ ਨੇ ਕੀਤੀ ਭਾਰਤ ਸਰਕਾਰ ਤੋਂ ਇਹ ਮੰਗ

ਭਾਰਤ ਸਰਕਾਰ ਵੱਲੋਂ ਜਿਹੜੇ ਇੰਤਜ਼ਾਮ ਕੀਤੇ ਜਾ ਰਹੇ ਹਨ, ਉਨ੍ਹਾਂ ਦੇ ਉਲਟ ਵਿਦਿਆਰਥੀ ਆਪਣੇ ਪੱਧਰ ’ਤੇ ਭਾਰਤ ਰਵਾਨਾ ਹੋਣ ਦੇ ਯਤਨ ਕਰ ਰਹੇ ਹਨ ਕਿਉਂਕਿ ਕ੍ਰੀਮੀਆ ਵਿਚ ਵੀ ਹਾਲਾਤ ਖਰਾਬ ਹੋ ਸਕਦੇ ਹਨ। ਕਈ ਵਿਦਿਆਰਥੀਆਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਮਹਿੰਗੇ ਭਾਅ ਟਿਕਟਾਂ ਲੈ ਕੇ ਭਾਰਤ ਆਉਣ ਲਈ ਕਹਿ ਰਹੇ ਹਨ, ਜਿਸ ਕਾਰਨ ਕਈ ਏਅਰਲਾਈਨਾਂ ਵੱਲੋਂ ਟਿਕਟਾਂ ਦੇ ਭਾਅ ਬਹੁਤ ਵਧਾ ਦਿੱਤੇ ਗਏ ਹਨ। ਜਿਹੜੇ ਵਿਦਿਆਰਥੀ 34 ਘੰਟਿਆਂ ਬਾਅਦ ਮਾਸਕੋ ਪਹੁੰਚਣਗੇ, ਉਨ੍ਹਾਂ ਨੂੰ ਆਮ ਤੌਰ ’ਤੇ 20 ਹਜ਼ਾਰ ਰੁਪਏ ਵਿਚ ਮਿਲਣ ਵਾਲੀ ਟਿਕਟ ਦੇ 45 ਹਜ਼ਾਰ ਰੁਪਏ ਅਦਾ ਕਰਨੇ ਪੈ ਸਕਦੇ ਹਨ। ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਬੀਤੇ ਦਿਨੀਂ ਕੁਝ ਵਿਦਿਆਰਥੀ 50 ਹਜ਼ਾਰ ਰੁਪਏ ਤੋਂ ਵੱਧ ਦਾ ਖਰਚ ਕਰ ਕੇ ਵਾਪਸ ਪਰਤੇ ਹਨ। ਮਾਸਕੋ ਤੋਂ ਵੀ ਸਿੱਧੀ ਫਲਾਈਟ ਉਨ੍ਹਾਂ ਨੂੰ ਮੁਹੱਈਆ ਨਹੀਂ ਹੋ ਪਾ ਰਹੀ। ਇਸ ਲਈ ਵਿਦਿਆਰਥੀਆਂ ਨੂੰ ਜਿਹੜੀਆਂ ਫਲਾਈਟਾਂ ਮਿਲਣਗੀਆਂ, ਉਹ ਸ਼ਾਰਜਾਹ ਰਸਤੇ ਹੁੰਦੇ ਹੋਏ ਭਾਰਤ ਪਹੁੰਚਣਗੀਆਂ।

ਇਹ ਵੀ ਪੜ੍ਹੋ : ਪਿੰਡ ’ਚ ਰਿਕਵਰੀ ਕਰਨ ਗਏ ਬੈਂਕ ਅਧਿਕਾਰੀ ਨਾਲ ਕੁੱਟ-ਮਾਰ ; ਕੱਪੜੇ ਪਾੜੇ

ਸਿੰਘ ਨੇ ਦੱਸਿਆ ਕਿ ਏਅਰੋਫਲੋਟ ਦੀ ਜਿਹੜੀ ਫਲਾਈਟ ਸਿੱਧੀ ਦਿੱਲੀ ਆਉਂਦੀ ਸੀ, ਉਸਦਾ ਸੰਚਾਲਨ ਵੀ ਘਟਾ ਦਿੱਤਾ ਗਿਆ ਹੈ। ਇਹ ਫਲਾਈਟ ਰੋਜ਼ਾਨਾ ਜਾਂਦੀ ਸੀ। ਹੁਣ ਇਸ ਨੂੰ ਹਫਤੇ ਵਿਚ ਇਕ ਦਿਨ ਕਰ ਦਿੱਤਾ ਗਿਆ ਹੈ। ਇਸਦਾ ਰੁਟੀਨ ਵਿਚ ਕਿਰਾਇਆ 80 ਹਜ਼ਾਰ ਤੋਂ ਘੱਟ ਹੁੰਦਾ ਸੀ ਪਰ ਹੁਣ ਇਸਦਾ ਕਿਰਾਇਆ 1.50 ਲੱਖ ਰੁਪਏ ਤੋਂ ਵੱਧ ਦੱਸਿਆ ਜਾ ਰਿਹਾ ਹੈ।

300 ਵਿਦਿਆਰਥੀ ਮੰਗਲਵਾਰ ਦੁਪਹਿਰੇ ਹੋਣਗੇ ਰਵਾਨਾ

ਸਿੰਘ ਨੇ ਦੱਸਿਆ ਕਿ ਟਰੇਨਾਂ ਮੁਹੱਈਆ ਨਾ ਹੋਣ ਕਾਰਨ ਵਿਦਿਆਰਥੀ ਬੱਸਾਂ ਜ਼ਰੀਏ ਵੀ ਰਵਾਨਾ ਹੋਣ ਨੂੰ ਤਿਆਰ ਹਨ। ਇਸ ਲੜੀ ਵਿਚ ਕ੍ਰੀਮੀਆ ਯੂਨੀਵਰਸਿਟੀ ਤੋਂ ਜਿਹੜੀ ਜਾਣਕਾਰੀ ਮਿਲੀ ਹੈ, ਉਸ ਮੁਤਾਬਕ ਮੰਗਲਵਾਰ ਨੂੰ ਦੁਪਹਿਰੇ 300 ਦੇ ਲਗਭਗ ਭਾਰਤੀ ਵਿਦਿਆਰਥੀ ਪੋਲੈਂਡ ਲਈ ਰਵਾਨਾ ਹੋਣਗੇ। ਉਥੇ ਭਾਰਤੀਆਂ ਨੂੰ ਬਿਨਾਂ ਵੀਜ਼ਾ ਆਉਣ ਦੀ ਇਜਾਜ਼ਤ ਮਿਲ ਚੁੱਕੀ ਹੈ, ਇਸ ਕਾਰਨ ਵਿਦਿਆਰਥੀ ਹੁਣ ਵੱਡੀ ਗਿਣਤੀ ਿਵਚ ਰਵਾਨਾ ਹੋ ਸਕਦੇ ਹਨ।

ਸਾਮਾਨ ਛੱਡ ਕੇ ਨਿਕਲ ਰਹੇ ਵਿਦਿਆਰਥੀ

ਦੱਸਿਆ ਜਾ ਰਿਹਾ ਹੈ ਕਿ ਰਸਤੇ ਵਿਚ ਚੈਕਿੰਗ ਆਦਿ ਲਈ ਕਾਫੀ ਸਮਾਂ ਲੱਗ ਰਿਹਾ ਹੈ। ਜਿਹੜੇ ਲੋਕ ਬੱਸਾਂ ਜ਼ਰੀਏ ਜਾ ਰਹੇ ਹਨ, ਉਨ੍ਹਾਂ ਨੂੰ 5 ਘੰਟਿਆਂ ਦੇ ਸਫਰ ਲਈ 25 ਘੰਟੇ ਦਾ ਸਮਾਂ ਲੱਗ ਰਿਹਾ ਹੈ। ਹਰ 5-10 ਕਿਲੋਮੀਟਰ ਤੋਂ ਬਾਅਦ ਆਰਮੀ ਦੀ ਚੈੱਕ ਪੋਸਟ ਹੈ, ਜਿਥੇ ਪੂਰੇ ਸਾਮਾਨ ਦੀ ਜਾਂਚ ਕਰ ਕੇ ਅੱਗੇ ਜਾਣ ਦਿੱਤਾ ਜਾ ਰਿਹਾ ਹੈ। ਇਸ ਚੈਕਿੰਗ ਵਿਚ ਵੱਡਾ ਸਮਾਂ ਲੱਗ ਰਿਹਾ ਹੈ। ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਘੱਟ ਤੋਂ ਘੱਟ ਸਾਮਾਨ ਲਿਜਾਣ ਲਈ ਕਿਹਾ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਦਾ ਸਮਾਂ ਬਚ ਸਕੇ। ਇਸ ਕਾਰਨ ਵਿਦਿਆਰਥੀ ਖੁਦ ਹੀ ਆਪਣਾ ਸਾਮਾਨ ਛੱਡਣ ਨੂੰ ਿਤਆਰ ਹਨ ਤਾਂ ਕਿ ਉਹ ਜਲਦ ਤੋਂ ਜਲਦ ਭਾਰਤ ਰਵਾਨਾ ਹੋ ਸਕਣ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Anuradha

Content Editor

Related News