ਠੇਕੇ ਦੇ ਕਰਿੰਦੇ ਕੋਲੋਂ ਪਿਸਤੌਲ ਦੀ ਨੋਕ ''ਤੇ 6 ਲੱਖ ਲੁੱਟੇ

Monday, Aug 13, 2018 - 04:13 AM (IST)

ਠੇਕੇ ਦੇ ਕਰਿੰਦੇ ਕੋਲੋਂ ਪਿਸਤੌਲ ਦੀ ਨੋਕ ''ਤੇ 6 ਲੱਖ ਲੁੱਟੇ

ਹੁਸ਼ਿਆਰਪੁਰ, (ਅਮਰਿੰਦਰ)- ਸੁਤਹਿਰੀ ਰੋਡ 'ਤੇ ਦੇਰ ਰਾਤ ਲੁਟੇਰਿਆਂ ਨੇ ਸ਼ਰਾਬ ਦੇ ਠੇਕੇਦਾਰ ਦੀ ਕੈਸ਼ ਕੁਲੈਕਸ਼ਨ ਵੈਨ 'ਚ ਸਵਾਰ ਕਰਿੰਦੇ ਕੋਲੋਂ ਪਿਸਤੌਲ ਦੀ ਨੋਕ 'ਤੇ 6 ਲੱਖ ਰੁਪਏ ਲੁੱਟ ਲਏ। ਲੁੱਟ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਿਟੀ ਦੀ ਪੁਲਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ 'ਚ ਜੁਟ ਗਈ। 
ਪੁਲਸ ਨੂੰ ਦਿੱਤੇ ਬਿਆਨਾਂ 'ਚ ਸ਼ਸ਼ੀਕਾਂਤ ਉਰਫ਼ ਰਾਜਾ ਪੁੱਤਰ ਮੇਹਰ ਚੰਦ ਵਾਸੀ ਕਮੇਟੀ ਬਾਜ਼ਾਰ ਹੁਸ਼ਿਆਰਪੁਰ ਨੇ ਦੱਸਿਆ ਕਿ ਰੋਜ਼ਾਨਾ ਵਾਂਗ ਉਹ ਠੇਕੇ ਤੋਂ ਪੈਸੇ ਇਕੱਠੇ ਕਰ ਕੇ ਵੈਨ 'ਚ ਵਾਪਸ ਆ ਰਿਹਾ ਸੀ ਕਿ ਰਾਤ ਸਾਢੇ 10 ਵਜੇ ਦੇ ਕਰੀਬ ਸੈਸ਼ਨ ਚੌਕ ਪਾਰ ਕਰਦੇ ਹੀ ਇਕ ਨਕਾਬਪੋਸ਼ ਮੋਟਰ-ਸਾਈਕਲ ਸਵਾਰ ਨੇ ਵੈਨ ਨੂੰ ਓਵਰਟੇਕ ਕਰਦੇ ਹੋਏ ਪ੍ਰੇਮਗੜ੍ਹ ਜਾਣ ਵਾਲੀ ਗਲੀ ਸਾਹਮਣ ਵੈਨ ਨੂੰ ਰੋਕਣ ਦਾ ਇਸ਼ਾਰਾ ਕੀਤਾ। ਵੈਨ ਰੁਕਦੇ ਹੀ 4 ਲੁਟੇਰੇ ਪਿਸਤੌਲ ਦੀ ਨੋਕ 'ਤੇ ਕੈਸ਼ ਵਾਲਾ ਬੈਗ ਮੰਗਣ ਲੱਗੇ। ਵਿਰੋਧ ਕਰਨ 'ਤੇ ਲੁਟੇਰਿਆਂ ਨੇ ਧਮਕੀ ਦਿੱਤੀ ਤਾਂ ਉਸ ਨੇ ਪੈਸਿਆਂ ਵਾਲਾ ਬੈਗ ਲੁਟੇਰਿਆਂ ਨੂੰ ਦੇ ਦਿੱਤਾ। ਬੈਗ ਮਿਲਦੇ ਹੀ ਲੁਟੇਰੇ ਗੌਰਮਿੰਟ ਕਾਲਜ ਵੱਲ ਫ਼ਰਾਰ ਹੋ ਗਏ।  ਥਾਣਾ ਸਿਟੀ 'ਚ ਤਾਇਨਾਤ ਟਰੇਨੀ ਡੀ. ਐੱਸ. ਪੀ. ਕਮ ਐੱਸ.ਐੱਚ. ਓ. ਡਾ. ਮਨਪ੍ਰੀਤ ਕੌਰ ਨੇ ਦੱਸਿਆ ਕਿ ਫਿਲਹਾਲ ਲੁਟੇਰਿਆਂ ਬਾਰੇ ਅਜੇ ਕੋਈ ਸੁਰਾਗ ਪੁਲਸ ਹੱਥ ਨਹੀਂ ਲੱਗਿਆ ਹੈ। ਜਾਣਕਾਰੀ ਮੁਤਾਬਕ 4 ਤੋਂ 5 ਹਥਿਆਰਬੰਦ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਵਾਰਦਾਤ ਦੌਰਾਨ ਲੁਟੇਰਿਆਂ ਨੇ ਕਿੰਨੀ ਰਕਮ ਲੁੱਟੀ ਹੈ, ਬਾਰੇ ਪੁਲਸ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਫ਼ਿਲਹਾਲ ਅਣਪਛਾਤੇ ਲੁਟੇਰਿਆਂ ਖਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Related News