ਖੰਨਾ ''ਚ ਸੀਵਰੇਜ ਸਮੱਸਿਆ ਹੱਲ ਨਾ ਹੋਣ ਕਰਕੇ ਲੋਕਾਂ ਨੇ ਕੀਤਾ ਸਿਆਸੀ ਪਾਰਟੀਆਂ ਦਾ ਬਾਈਕਾਟ

Saturday, Nov 20, 2021 - 02:29 PM (IST)

ਖੰਨਾ (ਬਿਪਨ) : ਕਈ ਦਹਾਕਿਆਂ ਤੋਂ ਚੱਲੀ ਆ ਰਹੀ ਲਲਹੇੜੀ ਰੋਡ ਰੇਲਵੇ ਲਾਈਨ ਪਾਰ ਇਲਾਕੇ ਦੀ ਸੀਵਰੇਜ ਸਮੱਸਿਆ ਤੋਂ ਦੁਖੀ ਲੋਕਾਂ ਨੇ ਸਾਰੀਆਂ ਪਾਰਟੀਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ। ਇਸ ਸਮੱਸਿਆ ਦੇ ਵਿਰੋਧ ’ਚ ਦੁਕਾਨਦਾਰਾਂ ਵੱਲੋਂ ਦਿੱਤੇ ਧਰਨੇ ਦੌਰਾਨ ਬਿਨਾਂ ਬੁਲਾਏ ਪੁੱਜੇ ਸਿਆਸਤਦਾਨਾਂ ਨੇ ਮਾਹੌਲ ਖ਼ਰਾਬ ਕੀਤਾ। ਇਸ ’ਤੇ ਲੋਕਾਂ ਨੇ ਰੋਸ ਜਤਾਇਆ। ਜਾਣਕਾਰੀ ਅਨੁਸਾਰ ਲਲਹੇੜੀ ਰੋਡ ਰੇਲਵੇ ਲਾਈਨ ਪਾਰ ਇਲਾਕੇ ’ਚ ਕਈ ਦਹਾਕਿਆਂ ਤੋਂ ਗੰਦੇ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਰਕੇ ਦੁਕਾਨਦਾਰਾਂ ਨੇ ਸ਼ਨੀਵਾਰ ਨੂੰ ਧਰਨਾ ਲਾਇਆ। ਧਰਨੇ ਦੀ ਸੂਚਨਾ ਹੋਣ ਕਰਕੇ ਇੱਥੇ ਪਹਿਲਾਂ ਹੀ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਆ ਗਏ ਸੀ, ਜਿਨ੍ਹਾਂ ਨੇ ਦੁਕਾਨਦਾਰਾਂ ਵਿਚਕਾਰ ਬੈਠ ਕੇ ਉਸ ਸਮੇਂ ਮਾਹੌਲ ਖ਼ਰਾਬ ਕਰ ਦਿੱਤਾ, ਜਦੋਂ ਸਿਆਸੀ ਆਗੂ ਮਰਿਆਦਾ ਭੁੱਲ ਕੇ ਇੱਕ-ਦੂਜੇ ਨੂੰ ਮਿਹਣੋ-ਮਿਹਣੀ ਹੋਣ ਲੱਗ ਪਏ।

ਧਰਨਾ ਦੇ ਰਹੇ ਦੁਕਾਨਦਾਰਾਂ ਨੇ ਸਿਆਸਤਦਾਨਾਂ ਦੀ ਇਸ ਹਰਕਤ ਨੂੰ ਧਰਨੇ ਨੂੰ ਅਸਫ਼ਲ ਕਰਨ ਦੀ ਸਾਜ਼ਿਸ ਕਰਾਰ ਦਿੱਤਾ। ਸਚਿਨ ਕੁਮਾਰ, ਸ਼ਿਵ ਕੁਮਾਰ ਨੇ ਕਿਹਾ ਕਿ ਇਸ ਇਲਾਕੇ ਦੇ ਲੋਕ ਲੰਬੇ ਸਮੇਂ ਤੋਂ ਨਰਕ ਭਰੀ ਜ਼ਿੰਦਗੀ ਜੀਅ ਰਹੇ ਹਨ। 2017 ਦੀਆਂ ਚੋਣਾਂ ਸਮੇਂ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਇਸ ਇਲਾਕੇ ’ਚ 100 ਫ਼ੀਸਦੀ ਵਾਟਰ ਸਪਲਾਈ ਤੇ ਸੀਵਰੇਜ ਵਿਵਸਥਾ ਹੋਵੇਗੀ। ਇਸ ਪ੍ਰਾਜੈਕਟ ਦੀ ਗਰਾਂਟ ਵੀ ਕਾਫੀ ਦੇਰ ਪਹਿਲਾਂ ਆ ਚੁੱਕੀ ਹੈ। ਪਰ ਹੁਣ ਕੰਮ ਇੰਨੀ ਹੌਲੀ ਕਰਾਇਆ ਜਾ ਰਿਹਾ ਹੈ ਕਿ ਹਾਲੇ ਤੱਕ 40 ਫ਼ੀਸਦੀ ਕੰਮ ਵੀ ਨਹੀਂ ਹੋ ਸਕਿਆ। ਹੁਣ ਦੁਬਾਰਾ ਵੋਟਾਂ ਆ ਰਹੀਆਂ ਹਨ। ਸਿਆਸੀ ਆਗੂ ਫਿਰ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

ਇਸ ਕਰਕੇ ਸਮੱਸਿਆ ਹੱਲ ਨਾ ਹੋਣ ਤੱਕ ਲੋਕ ਆਪਣਾ ਰੋਸ ਜ਼ਾਹਰ ਕਰਦੇ ਰਹਿਣਗੇ। ਇਸ ਦੌਰਾਨ ਠੇਕੇਦਾਰ ’ਤੇ ਘਟੀਆ ਕੁਆਲਟੀ ਦਾ ਸਮਾਨ ਵਰਤਣ ਅਤੇ ਜਾਅਲੀ ਬਿੱਲ ਬਣਾਉਣ ਦਾ ਦੋਸ਼ ਲਾਉਂਦੇ ਹੋਏ ਕਿਹਾ ਗਿਆ ਕਿ ਸਰਕਾਰ ਕੋਲੋਂ ਇੱਕ ਠੇਕੇਦਾਰ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ ਤਾਂ ਹੋਰ ਕੀ ਹੋਵੇਗਾ। ਧਰਨੇ ’ਤੇ ਪੁੱਜੇ ਅਕਾਲੀ ਦਲ ਕੋਰ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਸੀਵਰੇਜ ਤੇ ਵਾਟਰ ਸਪਲਾਈ ਪ੍ਰਾਜੈਕਟ ’ਚ ਵੱਡੇ ਪੱਧਰ ’ਤੇ ਧਾਂਦਲੀਆਂ ਹੋ ਰਹੀਆਂ ਹਨ। ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਇਕਬਾਲ ਸਿੰਘ ਚੰਨੀ ਨੇ ਕਿਹਾ ਕਿ ਕਾਂਗਰਸ ਨੇ ਜਾਣ-ਬੁੱਝ ਕੇ ਇਸ ਪ੍ਰਾਜੈਕਟ ਨੂੰ ਲੇਟ ਕੀਤਾ। ਇਸ ਦਾ ਨੁਕਸਾਨ ਲੋਕਾਂ ਨੂੰ ਹੋ ਰਿਹਾ ਹੈ। ਦੂਜੇ ਪਾਸੇ ਨਗਰ ਸੁਧਾਰ ਟਰੱਸਟ ਚੇਅਰਮੈਨ ਗੁਰਮਿੰਦਰ ਸਿੰਘ ਲਾਲੀ ਨੇ ਵੀ ਮੰਨਿਆ ਕਿ ਠੇਕੇਦਾਰ ਜਾਅਲੀ ਬਿੱਲ ਪਾਸ ਕਰਾਉਣ ਦੀ ਕੋਸ਼ਿਸ਼ ਕਰਦਾ ਸੀ, ਜੋ ਉਹ ਕਦੇ ਸਵੀਕਾਰ ਨਹੀਂ ਕਰਨਗੇ। ਜਿੰਨਾ ਚਿਰ ਠੇਕੇਦਾਰ ਕੰਮ ਪੂਰਾ ਨਹੀਂ ਕਰੇਗਾ, ਕੋਈ ਭੁਗਤਾਨ ਨਹੀਂ ਹੋਵੇਗਾ। ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਸੇ ਠੇਕੇਦਾਰ ਤੋਂ ਇਹ ਕੰਮ ਛੇਤੀ ਸਿਰੇ ਚੜ੍ਹਾਉਣ।
 


Babita

Content Editor

Related News