ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ SIT ਨੇ ਕੀਤਾ ਵੱਡਾ ਖੁਲਾਸਾ (ਵੀਡੀਓ)

Tuesday, Feb 05, 2019 - 05:44 PM (IST)

ਫਰੀਦਕੋਟ (ਜਗਤਾਰ) - ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਸਾਬਕਾ ਐੱਸ.ਐੱਸ.ਪੀ ਚਰਨਜੀਤ ਸਿੰਘ ਸ਼ਰਮਾ ਵਲੋਂ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਜਾ ਰਹੇ ਹਨ, ਜਿਸ ਕਾਰਨ ਕਈ ਪੁਲਸ ਅਧਿਕਾਰੀ ਸ਼ੱਕ ਦੇ ਘੇਰੇ 'ਚ ਆ ਗਏ ਹਨ। ਦੱਸ ਦੇਈਏ ਕਿ ਅਦਾਲਤ 'ਚ ਐੱਸ. ਆਈ. ਟੀ. ਨੇ ਬਿਆਨ ਦਿੱਤੇ ਸਨ ਕਿ ਘਟਨਾ ਵਾਲੇ ਦਿਨ 14 ਅਕਤੂਬਰ 2015 ਨੂੰ ਥਾਨਾ ਬਾਜਾਖਾਨਾ 'ਚ ਦਰਜ ਐੱਫ. ਆਰ. ਆਈ. ਨੰਬਰ-129 ਦਰਜ ਹੋਈ ਸੀ, ਜਿਸ 'ਚ ਲਿਖੇ ਬਿਆਨ ਪੁਲਸ ਅਧਿਕਾਰੀਆਂ ਦੇ ਬਿਆਨਾਂ ਨਾਲ ਨਹੀਂ ਮਿਲੇ। ਪੁਲਸ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸੁਰੱਖਿਆ ਲਈ ਉਸ ਸਮੇਂ ਗੋਲੀਆਂ ਚਲਾਈਆਂ ਸਨ ਪਰ ਐੱਸ.ਆਈ.ਟੀ. ਵਲੋਂ ਕੀਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਡਿਊਟੀ 'ਤੇ ਤਾਇਨਾਤ ਸਾਰੇ ਪੁਲਸ ਅਧਿਕਾਰੀਆਂ ਅਤੇ ਕਰਮੀਆਂ ਨੇ ਆਪਣੇ ਹਥਿਆਰਾਂ ਦੇ ਨਾਲ-ਨਾਲ ਕਾਰਤੂਸ ਵੀ ਜਮਾਂ ਕਰਵਾ ਦਿੱਤੇ ਸਨ। ਜੇਕਰ ਪੁਲਸ ਨੇ ਕੋਈ ਗੋਲੀ ਹੀ ਨਹੀਂ ਚਲਾਈ ਤਾਂ ਕਿਸ ਦੀ ਗੋਲੀ ਨਾਲ ਦੋ ਨੌਜਵਾਨਾਂ ਦੀ ਮੌਤ ਹੋਈ ਸੀ ਅਤੇ ਕਿਸ ਦੀ ਗੋਲੀ ਨਾਲ ਲੋਕ ਜਖ਼ਮੀ ਹੋਏ ਸਨ ।

ਇਸ ਤੋਂ ਇਲਾਵਾ ਜਾਂਚ ਟੀਮ ਨੇ ਦਾਅਵਾ ਕਰਦਿਆਂ ਕਿਹਾ ਕਿ ਮੌਕੇ 'ਤੇ ਤਾਇਨਾਤ ਪੁਲਸ ਮੁਲਾਜ਼ਮਾਂ ਕੋਲ ਸਰਕਾਰੀ ਅਸਲੇ ਤੋਂ ਇਲਾਵਾ ਨਿੱਜੀ ਅਸਲਾ ਵੀ ਮੌਜੂਦ ਸੀ ਅਤੇ ਜੋ ਗੋਲੀਆਂ ਪੁਲਸ ਦੀ ਜਿਪਸੀ 'ਚ ਵੱਜੀਆਂ ਸਨ, ਉਹ 12 ਬੋਰ ਦੀ ਰਾਈਫਲ ਨਾਲ ਮਾਰੀਆਂ ਗਈਆਂ ਸਨ। ਦੱਸ ਦੇਈਏ ਕਿ ਇਸ ਖੁਲਾਸੇ ਤੋਂ ਬਾਅਦ ਐੱਸ.ਆਈ.ਟੀ. ਨੇ ਗ੍ਰਿਫ਼ਤਾਰ ਕੀਤੇ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਦਾ ਤਿੰਨ ਦਿਨ ਲਈ ਰਿਮਾਂਡ ਹਾਸਲ ਕੀਤਾ ਤਾਂ ਜੋ ਉਸ ਤੋਂ ਗੋਲੀਆਂ ਮਾਰਨ ਵਾਲੀ ਰਾਈਫਲ ਬਰਾਮਦ ਕੀਤੀ ਜਾ ਸਕੇ।


author

rajwinder kaur

Content Editor

Related News