ਆਪਣੇ ਹੀ ਘਰ ''ਚ ਕੈਦ ਸਕੀਆਂ ਭੈਣਾਂ ਨੂੰ ਆਜ਼ਾਦ ਕਰਵਾਇਆ
Friday, Mar 02, 2018 - 07:47 AM (IST)

ਬਠਿੰਡਾ(ਬਲਵਿੰਦਰ)- ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਆਪਣੇ ਹੀ ਘਰ 'ਚ ਕੈਦ ਦੋ ਸਕੀਆਂ ਭੈਣਾਂ ਨੂੰ ਅੱਜ ਜ਼ਿਲਾ ਪ੍ਰਸ਼ਾਸਨ ਨੇ ਆਜ਼ਾਦ ਕਰਵਾ ਕੇ ਹਸਪਤਾਲ ਪਹੁੰਚਾਇਆ, ਜਿਨ੍ਹਾਂ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਸੇਵਾ ਮੁਕਤ ਬੈਂਕ ਮੈਨੇਜਰ ਗੁਰਤੇਜ ਸਿੰਘ ਵਾਸੀ ਜੁਝਾਰ ਸਿੰਘ ਨਗਰ ਬਠਿੰਡਾ ਨੇ ਮਾਣਯੋਗ ਜੱਜ ਮਨਦੀਪ ਮਿੱਤਲ ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਬਠਿੰਡਾ ਨੂੰ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਦੇ ਗੁਆਂਢੀ ਨਿਰੰਜਨ ਸਿੰਘ ਸੇਵਾ ਮੁਕਤ ਮੁਲਾਜ਼ਮ ਮਾਰਕੀਟ ਕਮੇਟੀ ਸੰਗਤ ਮੰਡੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ, ਜਦਕਿ ਇਨ੍ਹਾਂ ਦੀ ਮਾਂ ਇਥੇ ਨਹੀਂ ਰਹਿੰਦੀ। ਹੁਣ ਉਨ੍ਹਾਂ ਦੀਆਂ ਦੋ ਧੀਆਂ ਮਨਦੀਪ ਕੌਰ (34) ਅਤੇ ਹਰਪ੍ਰੀਤ ਕੌਰ (28) ਨੇ ਖੁਦ ਨੂੰ ਘਰ 'ਚ ਕੈਦ ਕਰ ਰੱਖਿਆ ਹੈ, ਜਿਨ੍ਹਾਂ ਦੀ ਦਿਮਾਗੀ ਹਾਲਤ ਵੀ ਠੀਕ ਨਹੀਂ ਹੈ ਕਿਉਂਕਿ ਲੰਬੇ ਸਮੇਂ ਤੋਂ ਉਹ ਇਕੱਲੀਆਂ ਹੀ ਰਹਿ ਰਹੀਆਂ ਹਨ। ਸ਼ਿਕਾਇਤ ਉਪਰੰਤ ਮਾਣਯੋਗ ਜ਼ਿਲਾ ਤੇ ਸੈਸ਼ਨ ਜੱਜ ਪਰਮਜੀਤ ਸਿੰਘ ਤੇ ਮਾਣਯੋਗ ਸੀ. ਜੇ. ਐੱਮ. ਮਨਦੀਪ ਮਿੱਤਲ ਦੀ ਅਗਵਾਈ ਹੇਠ ਐੱਸ. ਪੀ. ਸੁਰਿੰਦਰਪਾਲ ਸਿੰਘ ਤੇ ਜ਼ਿਲਾ ਸਮਾਜਕ ਸੁਰੱਖਿਆ ਅਧਿਕਾਰੀ ਨਵੀਨ ਗੜਵਾਲ ਉਕਤ ਲੜਕੀਆਂ ਦੇ ਘਰ ਪਹੁੰਚੇ, ਜਿੱਥੇ ਬਦਬੂ ਭਰਿਆ ਮਾਹੌਲ ਸੀ। ਨਵੀਨ ਗੜਵਾਲ ਨੇ ਦੱਸਿਆ ਕਿ ਉਹ ਜਿਉਂ ਹੀ ਘਰ ਦੇ ਅੰਦਰ ਪਹੁੰਚੇ ਤਾਂ ਦੋਵੇਂ ਲੜਕੀਆਂ ਭੜਕ ਗਈਆਂ ਤੇ ਉਨ੍ਹਾਂ ਦਾ ਵਿਰੋਧ ਕਰਨ ਲੱਗੀਆਂ। ਉੱਚੀ-ਉੱਚੀ ਬੋਲਣ ਅਤੇ ਕੇਸ ਦਰਜ ਕਰਨ ਦੀਆਂ ਧਮਕੀਆਂ ਦੇਣ ਤੋਂ ਇਲਾਵਾ ਉਨ੍ਹਾਂ 'ਤੇ ਚਾਹ ਵਾਲੀ ਥਰਮਸ ਵੀ ਸੁੱਟੀ ਪਰ ਕਾਫੀ ਜੱਦੋ-ਜਹਿਦ ਤੋਂ ਬਾਅਦ ਦੋਵਾਂ ਲੜਕੀਆਂ ਨੂੰ ਸਮਝਾ ਕੇ ਸ਼ਾਂਤ ਕੀਤਾ ਗਿਆ, ਫਿਰ ਇਨ੍ਹਾਂ ਦੋਵਾਂ ਨੂੰ ਸਿਵਲ ਹਸਪਤਾਲ ਬਠਿੰਡਾ ਵਿਖੇ ਭਰਤੀ ਕਰਵਾ ਕੇ ਇਲਾਜ ਸ਼ੁਰੂ ਕਰਵਾਇਆ ਗਿਆ। ਗੁਰਪ੍ਰੀਤ ਕੌਰ ਗ੍ਰੈਜੂਏਟ ਹੈ, ਜਦਕਿ ਮਨਦੀਪ ਕੌਰ +2 ਤੱਕ ਪੜ੍ਹੀ ਹੋਈ ਹੈ। ਲੜਕੀਆਂ ਦੀ ਮਾਂ ਆਪਣੀ ਵੱਡੀ ਵਿਆਹੁਤਾ ਲੜਕੀ ਕੋਲ ਮਾਨਸਾ ਵਿਖੇ ਰਹਿ ਰਹੀ ਹੈ ਤੇ ਇਹ ਦੋਵੇਂ ਇਕੱਲੀਆਂ ਹੀ ਇਥੇ ਰਹਿੰਦੀਆਂ ਸਨ। ਰਿਸ਼ਤੇਦਾਰ ਹੀ ਇਨ੍ਹਾਂ ਨੂੰ ਖਾਣਾ ਆਦਿ ਦੇ ਜਾਂਦੇ ਸਨ ਪਰ ਇਨ੍ਹਾਂ ਦੇ ਘਰ ਕੋਈ ਨਹੀਂ ਸੀ ਆਉਂਦਾ। ਇਸ ਲਈ ਇਹ ਦੋਵੇਂ ਕਈ ਸਾਲਾਂ ਤੋਂ ਨਹਾਤੀਆਂ ਵੀ ਨਹੀਂ ਸਨ ਤੇ ਨਾ ਹੀ ਕਦੇ ਘਰ ਦੀ ਸਫਾਈ ਕੀਤੀ ਸੀ। ਘਰ ਵਿਚ ਗੰਦਗੀ ਫੈਲੀ ਹੋਈ ਸੀ। ਇਨ੍ਹਾਂ ਨੂੰ ਕੱਪੜੇ ਪਹਿਨਣ, ਖਾਣ-ਪੀਣ ਆਦਿ ਦਾ ਗਿਆਨ ਜ਼ਰੂਰ ਸੀ ਪਰ ਇਹ ਘਰੋਂ ਬਾਹਰ ਨਹੀਂ ਸਨ ਨਿਕਲਦੀਆਂ। ਡਾਕਟਰਾਂ ਦਾ ਕਹਿਣਾ ਹੈ ਕਿ ਇਕੱਲੇਪਣ ਕਾਰਨ ਲੜਕੀਆਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸਨ, ਜਿਨ੍ਹਾਂ ਦਾ ਇਲਾਜ ਸੰਭਵ ਹੈ। ਥੋੜ੍ਹੀ ਜਿਹੀ ਸਾਂਭ-ਸੰਭਾਲ ਉਪਰੰਤ ਇਹ ਠੀਕ ਹੋ ਸਕਦੀਆਂ ਹਨ।
ਮਾਂ ਤੇ ਭੈਣ ਨੇ ਕਿਉਂ ਛੱਡਿਆ
ਮਾਣਯੋਗ ਜੱਜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੜਕੀਆਂ ਦੀ ਮਾਂ, ਭੈਣ ਤੇ ਹੋਰ ਰਿਸ਼ਤੇਦਾਰਾਂ ਨੂੰ ਵੀ ਬੁਲਾਇਆ ਗਿਆ ਹੈ ਤਾਂ ਕਿ ਇਨ੍ਹਾਂ ਨੂੰ ਇਕੱਲੇ ਛੱਡਣ ਦੇ ਕਾਰਨਾਂ ਬਾਰੇ ਪੁੱਛਿਆ ਜਾ ਸਕੇ ਕਿਉਂਕਿ ਲੜਕੀਆਂ ਦੀ ਜਾਇਦਾਦ ਦਾ ਵਿਵਾਦ ਵੀ ਪੈਦਾ ਹੋ ਸਕਦਾ ਹੈ। ਇਸ ਲਈ ਉਨ੍ਹਾਂ ਕਿਹਾ ਕਿ ਅਥਾਰਟੀ ਇਨ੍ਹਾਂ ਦੀ ਜਾਇਦਾਦ ਦਾ ਵੀ ਧਿਆਨ ਰੱਖੇਗੀ ਤਾਂ ਕਿ ਗਲਤ ਇਸਤੇਮਾਲ ਨਾ ਹੋ ਸਕੇ।