ਘਰ ਦੇ ਬਾਹਰ ਕਰ ਰਿਹਾ ਸੀ ਗਾਲੀ-ਗਲੋਚ, ਰੋਕਿਆ ਤਾਂ ਚਾਕੂ ਨਾਲ ਕਰ 'ਤਾ ਭਰਜਾਈ ਦਾ ਕਤਲ
Saturday, Sep 24, 2022 - 05:30 AM (IST)
ਸਾਹਨੇਵਾਲ (ਜਗਰੂਪ) : ਆਪਣੇ ਪਤੀ ਦੇ ਮਮੇਰੇ ਭਰਾ (ਮਾਮੇ ਦੇ ਮੁੰਡੇ) ਨੂੰ ਆਪਣੇ ਘਰ ’ਚ ਰੱਖ ਕੇ ਪਾਲਣ-ਪੋਸ਼ਣ ਕਰਨਾ ਇਕ ਔਰਤ ਨੂੰ ਉਸ ਸਮੇਂ ਕਾਫੀ ਮਹਿੰਗਾ ਪੈ ਗਿਆ, ਜਦੋਂ ਪਤੀ ਦੇ ਉਸੇ ਮਮੇਰੇ ਭਰਾ ਨੇ ਆਪਣੀ ਭਰਜਾਈ ’ਤੇ ਕਥਿਤ ਚਾਕੂਨੁਮਾ ਹਥਿਆਰ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਥਾਣਾ ਜਮਾਲਪੁਰ ਅਧੀਨ ਆਉਂਦੀ ਸੀ.ਐੱਮ.ਸੀ. ਕਾਲੋਨੀ ’ਚ ਦੇਰ ਸ਼ਾਮ ਕਰੀਬ ਸਾਢੇ 5 ਵਜੇ ਵਾਪਰੀ। ਜ਼ਖਮੀ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਹਮਲੇ ’ਚ ਮ੍ਰਿਤਕਾ ਦੇ 2 ਲੜਕੇ ਵੀ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : NH-44 'ਤੇ ਸ਼ੁਰੂ ਹੋਇਆ ਕਿਸਾਨਾਂ ਦਾ ਲੰਗਰ, 24 ਨੂੰ ਸੂਬੇ ਭਰ ਦੀਆਂ ਸੜਕਾਂ ਦਾ ਘਿਰਾਓ ਕਰਨ ਦੀ ਚਿਤਾਵਨੀ
ਮ੍ਰਿਤਕ ਔਰਤ ਦੀ ਪਛਾਣ ਸੁਮਨ (38) ਪਤਨੀ ਰਾਜ ਬਹਾਦੁਰ ਦੇ ਰੂਪ ’ਚ ਹੋਈ ਹੈ। ਮ੍ਰਿਤਕਾ ਦੇ ਲੜਕੇ ਵਿਵੇਕ ਕੁਮਾਰ (18) ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਕਰੀਬ ਸਾਢੇ 5 ਵਜੇ ਉਹ ਤਿੰਨੋਂ ਅਭਿਸ਼ੇਕ (17), ਵੀਰੇਨ (13) ਤੇ ਮਾਂ ਸੁਮਨ ਘਰ ’ਚ ਹੀ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਦਾ ਰਿਸ਼ਤੇ ’ਚ ਚਾਚਾ ਲੱਗਦਾ ਅਰਵਿੰਦ ਕੁਮਾਰ, ਜੋ ਉਸ ਦੇ ਪਿਤਾ ਦਾ ਮਮੇਰਾ ਭਰਾ ਹੈ, ਮੋਟਰਸਾਈਕਲ ’ਤੇ ਆਇਆ ਅਤੇ ਘਰ ਦੇ ਬਾਹਰ ਖੜ੍ਹਾ ਹੋ ਕੇ ਗਾਲੀ-ਗਲੋਚ ਕਰਨ ਲੱਗਾ, ਜਦੋਂ ਵਿਵੇਕ ਤੇ ਅਭਿਸ਼ੇਕ ਨੇ ਅਰਵਿੰਦ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੇ ਬੈਗ ’ਚੋਂ ਇਕ ਚਾਕੂਨੁਮਾ ਹਥਿਆਰ ਕੱਢਿਆ ਅਤੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ, ਜੋ ਵਿਵੇਕ ਦੀ ਬਾਂਹ ਅਤੇ ਅਭਿਸ਼ੇਕ ਦੀ ਛਾਤੀ ’ਤੇ ਲੱਗਾ। ਇਸ ਦੌਰਾਨ ਵਿਵੇਕ ਤੇ ਅਭਿਸ਼ੇਕ ਨੇ ਕਿਸੇ ਤਰ੍ਹਾਂ ਅਰਵਿੰਦ ਤੋਂ ਹਥਿਆਰ ਖੋਹ ਕੇ ਸੁੱਟ ਦਿੱਤਾ।
ਇਹ ਵੀ ਪੜ੍ਹੋ : 27000 ਕੈਮਿਸਟਾਂ 'ਤੇ ਲਟਕੀ ਕਾਰਪੋਰੇਟ ਦੀ ਤਲਵਾਰ, ਵਿਧਾਇਕਾਂ ਨੂੰ ਦੇਣਗੇ ਮੰਗ ਪੱਤਰ, ਸ਼ੁਰੂ ਕਰਨਗੇ ਸੰਘਰਸ਼
ਜਦੋਂ ਇਹ ਸਭ ਦੇਖ ਮ੍ਰਿਤਕ ਸੁਮਨ ਆਪਣੇ ਬੇਟਿਆਂ ਦੇ ਬਚਾਅ ਲਈ ਅੱਗੇ ਆਈ ਤਾਂ ਅਰਵਿੰਦ ਨੇ ਆਪਣੀ ਜੁਰਾਬ ’ਚ ਛੁਪਾਏ ਛੋਟੇ ਚਾਕੂਨੁਮਾ ਹਥਿਆਰ ਨਾਲ ਉਸ ’ਤੇ ਹਮਲਾ ਕਰ ਦਿੱਤਾ ਤੇ ਕਈ ਵਾਰ ਲਗਾਤਾਰ ਸੁਮਨ ’ਤੇ ਵਾਰ ਕੀਤੇ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਕੇ ਡਿੱਗ ਗਈ। ਹਮਲਾਵਰ ਅਰਵਿੰਦ ਇਹ ਦੇਖ ਕੇ ਆਪਣਾ ਮੋਟਰਸਾਈਕਲ ਉੱਥੇ ਹੀ ਛੱਡ ਕੇ ਫਰਾਰ ਹੋ ਗਿਆ, ਜਿਸ ਤੋਂ ਬਾਅਦ ਮੁਹੱਲੇ ਦੇ ਲੋਕਾਂ ਦੀ ਮਦਦ ਨਾਲ ਜਦੋਂ ਸੁਮਨ ਨੂੰ ਗੰਭੀਰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵਿਵੇਕ ਨੇ ਦੱਸਿਆ ਕਿ ਕਥਿਤ ਹਤਿਆਰਾ ਅਰਵਿੰਦ ਪਹਿਲਾਂ ਉਨ੍ਹਾਂ ਦੇ ਘਰ ’ਚ ਹੀ ਰਹਿੰਦਾ ਸੀ। ਕਰੀਬ ਇਕ ਸਾਲ ਪਹਿਲਾਂ ਹੀ ਮ੍ਰਿਤਕਾ ਤੇ ਉਸ ਦੇ ਪਤੀ ਰਾਜ ਬਹਾਦੁਰ ਨੇ ਅਰਵਿੰਦ ਦਾ ਵਿਆਹ ਬਹੁਤ ਹੀ ਧੂਮ-ਧਾਮ ਨਾਲ ਕੀਤਾ ਸੀ ਪਰ ਅੱਜ ਅਚਾਨਕ ਕੀਤੇ ਗਏ ਹਮਲੇ ਦੀ ਉਨ੍ਹਾਂ ਨੂੰ ਕੋਈ ਵੀ ਸਮਝ ਨਹੀਂ ਲੱਗੀ।
ਇਹ ਵੀ ਪੜ੍ਹੋ : ਚੋਰੀ ਦੇ ਮੋਟਰਸਾਈਕਲਾਂ ਸਣੇ ਗਿਰੋਹ ਦੇ 4 ਮੈਂਬਰ ਆਏ ਪੁਲਸ ਅੜਿੱਕੇ
2 ਮਹੀਨੇ ਪਹਿਲਾਂ ਹੀ ਛੱਡਿਆ ਸੀ ਘਰ
ਇਸ ਪੂਰੇ ਮਾਮਲੇ ਸਬੰਧੀ ਇਲਾਕੇ ਦੇ ਰਹਿਣ ਵਾਲੇ ਰਜਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਹਮਲਾਵਰ ਪਹਿਲਾਂ ਰਾਜ ਬਹਾਦੁਰ ਦੇ ਘਰ ’ਚ ਹੀ ਰਹਿੰਦਾ ਸੀ ਪਰ ਕਰੀਬ 2 ਕੁ ਮਹੀਨੇ ਪਹਿਲਾਂ ਅਰਵਿੰਦ ਨੇ ਰਾਜ ਬਹਾਦੁਰ ਤੋਂ ਆਪਣਾ ਹਿੱਸਾ ਮੰਗਣਾ ਸ਼ੁਰੂ ਕਰ ਦਿੱਤਾ ਸੀ। ਜਿਸ ਘਰ ’ਚ ਉਹ ਰਹਿੰਦੇ ਸਨ, ਉਹ ਉਨ੍ਹਾਂ ਨੇ ਸਾਂਝੇ ਤੌਰ ’ਤੇ ਲਿਆ ਸੀ। ਅਰਵਿੰਦ ਤੇ ਰਾਜ ਬਹਾਦੁਰ ਦੇ ਇਸ ਝਗੜੇ ਨੂੰ ਮਿਟਾਉਣ ਲਈ ਉਨ੍ਹਾਂ ਦੇ ਦਫ਼ਤਰ ’ਚ ਹੀ ਪੰਚਾਇਤੀ ਰਾਜ਼ੀਨਾਮਾ ਕਰਵਾਇਆ ਗਿਆ ਸੀ, ਜਿਸ ਵਿਚ ਰਾਜ ਬਹਾਦੁਰ ਨੇ ਅਰਵਿੰਦ ਨੂੰ 4 ਲੱਖ ਰੁਪਏ ਦੇਣੇ ਸਨ, ਜਿਸ ਵਿੱਚੋਂ 2 ਲੱਖ ਰੁਪਏ ਦੇ ਚੈੱਕ ਮੌਕੇ ’ਤੇ ਹੀ ਅਰਵਿੰਦ ਨੂੰ ਦੇ ਦਿੱਤੇ ਗਏ ਅਤੇ ਬਾਕੀ 2 ਲੱਖ ਰੁਪਏ 6 ਮਹੀਨੇ ’ਚ ਦੇਣੇ ਸਨ।
ਇਹ ਵੀ ਪੜ੍ਹੋ : ਅੰਤਰਰਾਜੀ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼, 2 ਕਾਬੂ, 6 ਗੱਡੀਆਂ ਬਰਾਮਦ
ਅਰਵਿੰਦ ਨੂੰ ਦਿੱਤੇ ਗਏ 2 ਲੱਖ ਦੇ ਚੈੱਕ ਪਾਸ ਹੋ ਗਏ ਸਨ। ਇਸ ਲਈ ਦੋਵਾਂ ਵਿਚਕਾਰ ਕਿਸੇ ਤਰ੍ਹਾਂ ਦੇ ਝਗੜੇ ਜਾਂ ਰੰਜਿਸ਼ ਦੀ ਕੋਈ ਗੁੰਜਾਇਸ਼ ਬਾਕੀ ਨਹੀਂ ਰਹਿ ਜਾਂਦੀ। ਸ਼ਾਮ ਨੂੰ ਰਾਜ ਬਹਾਦੁਰ ਦੇ ਪਰਿਵਾਰ ’ਤੇ ਹਮਲੇ ਤੋਂ ਬਾਅਦ ਜਦੋਂ ਰਾਜਿੰਦਰ ਹੁੰਦਲ ਨੇ ਹਮਲਾਵਰ ਦੀ ਪਤਨੀ ਨੂੰ ਫੋਨ ’ਤੇ ਅਰਵਿੰਦ ਬਾਰੇ ਪੁੱਛਿਆ ਤਾਂ ਉਸ ਨੇ ਕਥਿਤ ਤੌਰ ’ਤੇ ਕਿਹਾ ਕਿ ਉਹ ਸਵੇਰ ਦਾ ਉਨ੍ਹਾਂ ਦਾ ਫੋਨ ਵੀ ਪਿਕ ਨਹੀਂ ਕਰ ਰਿਹਾ, ਜਿਸ ਕਾਰਨ ਹਮਲਾਵਰ ਦੀ ਮਾਨਸਿਕਤਾ ਨੂੰ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਸਮਝਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸਹਿ-ਇੰਚਾਰਜ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਗੁਜਰਾਤ ਜਾਣਗੇ ਰਾਘਵ ਚੱਢਾ, ਵਰਕਰਾਂ ਨੂੰ ਦੇਣਗੇ ਜਿੱਤ ਦਾ ਮੰਤਰ
ਘਟਨਾ CCTV 'ਚ ਕੈਦ
ਮ੍ਰਿਤਕਾ ਦੇ ਪਤੀ ਦੇ ਮਮੇਰੇ ਭਰਾ ਵੱਲੋਂ ਅੰਜਾਮ ਦਿੱਤੀ ਗਈ ਹੱਤਿਆ ਦੀ ਇਹ ਪੂਰੀ ਘਟਨਾ ਇਕ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ, ਜਿਸ ਵਿਚ ਹਮਲਾਵਰ ਬੁਰੀ ਤਰ੍ਹਾਂ ਚਾਕੂ ਨਾਲ ਪਹਿਲਾਂ ਮ੍ਰਿਤਕ ਔਰਤ ਦੇ ਬੇਟਿਆਂ ਤੇ ਫਿਰ ਮ੍ਰਿਤਕਾ ’ਤੇ ਹਮਲਾ ਕਰਦਾ ਦੇਖਿਆ ਜਾ ਰਿਹਾ ਹੈ। ਪੁਲਸ ਲਈ ਜਾਂਚ ਵਾਸਤੇ ਇਹ ਸੀ.ਸੀ.ਟੀ.ਵੀ. ਫੁਟੇਜ ਕਾਫੀ ਮਦਦਗਾਰ ਸਾਬਿਤ ਹੋ ਸਕਦੀ ਹੈ। ਥਾਣਾ ਜਮਾਲਪੁਰ ਦੀ ਪੁਲਸ ਨੇ ਸਿਵਲ ਹਸਪਤਾਲ ਪਹੁੰਚ ਕੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਹਮਲਾਵਰ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।