ਰੋਪੜ-ਸਿਰਸਾ ਨਹਿਰ 'ਚ ਅਚਾਨਕ ਆਇਆ ਤੇਜ਼ ਪਾਣੀ, 7 ਮਜ਼ਦੂਰ ਫਸੇ

07/13/2019 5:44:47 PM

ਰੋਪੜ/ਸ੍ਰੀ ਕੀਰਤਪੁਰ ਸਾਹਿਬ ( ਸੱਜਣ,ਬਾਲੀ)— ਇਥੋਂ ਦੇ ਸਿਰਸਾ ਨੰਗਲ ਨਹਿਰ 'ਚ ਅਚਾਨਕ ਤੇਜ਼ ਪਾਣੀ ਆਉਣ ਕਰਕੇ 7 ਮਜ਼ਦੂਰਾਂ ਦੇ ਫੱਸਣ ਦੀ ਖਬਰ ਸਾਹਮਣੇ ਆਈ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ।

PunjabKesari

ਇਸ ਤੋਂ ਬਾਅਦ ਗੋਤਾਖੋਰਾਂ ਜ਼ਰੀਏ ਮਜ਼ਦੂਰਾਂ ਨੂੰ ਕਰੀਬ ਸਾਢੇ ਤਿੰਨ ਘੰਟਿਆਂ ਤੋਂ ਬਾਅਦ ਬਾਹਰ ਕੱਢਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਅੱਜ ਤੜਕਸਾਰ ਅਚਾਨਕ ਹੋਈ ਮੋਹਲ਼ੇਧਾਰ ਬਾਰਿਸ਼ ਨਾਲ ਸਿਰਸਾ ਨਹਿਰ 'ਚ ਜ਼ਿਆਦਾ ਪਾਣੀ ਆਉਣ ਨਾਲ ਇਸ ਦਾ ਵਹਾਅ ਨਦੀ ਦੇ ਨਾਲ-ਨਾਲ ਆਸਪੁਰ, ਕੋਟਬਾਲਾ, ਮਾਜਰੀ ਗੁੱਜਰਾਂ, ਅਵਾਨਕੋਟ ਆਦਿ ਕਿਸਾਨਾਂ ਦੀ ਉਪਜਾਊ ਜ਼ਮੀਨ ਵੱਲ ਹੋਣ ਨਾਲ ਕਰੀਬ 13 ਫੁੱਟ ਪਾਣੀ ਭਰ ਗਿਆ, ਜਿਸ ਕਾਰਣ ਹਿਮਾਚਲ ਪ੍ਰਦੇਸ਼ ਦੇ ਪਿੰਡ ਮਦਨਪੁਰ ਦੇ ਨੰਬਰਦਾਰ ਬਲਵਿੰਦਰ ਸਿੰਘ ਦੀ ਜ਼ਮੀਨ 'ਚ ਲੱਗੀ ਹੋਈ ਮੋਟਰ 'ਤੇ ਰੁਕੇ ਹੋਏ 7 ਪ੍ਰਵਾਸੀ ਮਜ਼ਦੂਰ ਪਾਣੀ 'ਚ ਬੁਰੀ ਤਰ੍ਹਾਂ ਘਿਰ ਗਏ।
ਜ਼ਮੀਨ 'ਚ ਪਾਣੀ ਦਾ ਵਹਾਅ ਘੱਟ ਹੋਣ ਕਾਰਨ ਇਹ ਪ੍ਰਵਾਸੀ ਮਜ਼ਦੂਰ ਮੋਟਰ ਵਾਲੇ ਕਮਰੇ 'ਚ ਰੁਕੇ ਰਹੇ ਪਰ ਅਚਾਨਕ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਣ ਇਹ ਮੋਟਰ ਵਾਲੇ ਕਮਰੇ ਦੀ ਛੱਤ 'ਤੇ ਚੜ੍ਹ ਗਏ, ਜਿੱਥੋਂ ਪਿੰਡਾਂ ਦੇ ਕੁਝ ਮੋਹਤਬਰਾਂ ਨੂੰ ਇਨ੍ਹਾਂ ਮਜ਼ਦੂਰਾਂ ਦੇ ਸਿਰ ਹੀ ਨਜ਼ਰ ਆ ਰਹੇ ਸਨ। ਵਰਣਨਯੋਗ ਹੈ ਕਿ ਇਹ ਪ੍ਰਵਾਸੀ ਮਜ਼ਦੂਰ ਉਕਤ ਕਿਸਾਨ ਦੀ ਜ਼ਮੀਨ 'ਚ ਝੋਨਾ ਲਗਾਉਣ ਲਈ ਮੋਟਰ 'ਤੇ ਰੁਕੇ ਹੋਏ ਸਨ। ਆਸਪੁਰ ਦੇ ਸਰਪੰਚ ਰਣਵੀਰ ਸਿੰਘ ਨੇ ਕਿਸਾਨਾਂ ਦੀ ਜ਼ਮੀਨ 'ਚ ਪਾਣੀ ਵੜਨ ਅਤੇ ਪਾਣੀ ਦੇ ਵਹਾਅ 'ਚ 7 ਪ੍ਰਵਾਸੀ ਮਜ਼ਦੂਰਾਂ ਦੇ ਘਿਰ ਜਾਣ ਦੀ ਇਤਲਾਹ ਕਾਨੂੰਨਗੋ ਹਰਮੇਸ਼ ਸਿੰਘ ਅਤੇ ਸਥਾਨਕ ਚੌਕੀ ਇੰਚਾਰਜ ਸਰਤਾਜ ਸਿੰਘ ਨੂੰ ਦਿੱਤੀ ਅਤੇ ਖੁਦ ਮੋਹਤਬਰਾਂ ਦੀ ਸਹਾਇਤਾ ਨਾਲ ਬਚਾਅ ਕਾਰਜਾਂ 'ਚ ਰੁੱਝੇ ਰਹੇ।

 

PunjabKesari
ਇਤਲਾਹ ਮਿਲਦੇ ਹੀ ਰੂਪਨਗਰ ਦੇ ਐੱਸ. ਡੀ. ਐੱਮ. ਹਰਜੋਤ ਕੌਰ, ਤਹਿਸੀਲਦਾਰ ਕੁਲਦੀਪ ਸਿੰਘ, ਐੱਸ. ਐੱਚ. ਓ. ਥਾਣਾ ਸ੍ਰੀ ਕੀਰਤਪੁਰ ਸਾਹਿਬ ਸੰਨੀ ਖੰਨਾ, ਚੌਕੀ ਇੰਚਾਰਜ ਸਰਤਾਜ ਸਿੰਘ ਕਾਨੂੰਨਗੋ ਹਰਮੇਸ਼ ਸਿੰਘ, ਪਟਵਾਰੀ ਨਿਸ਼ਾਂਤ ਅਗਰਵਾਲ, ਪਟਵਾਰੀ ਗੁਰਦੀਪ ਸਿੰਘ, ਆਪੋ-ਆਪਣੇ ਮੁਲਾਜ਼ਮਾਂ ਸਮੇਤ ਆ ਕੇ ਬਚਾਅ ਕਾਰਜਾਂ 'ਚ ਲੱਗ ਗਏ। ਕਰੀਬ ਸਾਢੇ ਤਿੰਨ ਘੰਟਿਆਂ ਦੀ ਮਿਹਨਤ ਨਾਲ ਰੂਪਨਗਰ ਤੋਂ ਬੁਲਾਏ ਕੁਝ ਗੋਤਾਖੋਰਾਂ ਦੀ ਸਹਾਇਤਾ ਨਾਲ ਅਤੇ ਇਸ ਜ਼ਮੀਨ 'ਚ ਪਾਣੀ ਦਾ ਵਹਾਅ ਘਟਣ ਮਗਰੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਨ੍ਹਾਂ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆਂਦਾ।


shivani attri

Content Editor

Related News